
ਸੀ. ਬੀ. ਐਸ. ਈ. ਦੀ 10ਵੀਂ ਅਤੇ 12ਵੀਂ ਦੀ ਪੈਂਡਿੰਗ ਪ੍ਰੀਖਿਆ ਦੇਣ ਲਈ ਵਿਦਿਆਰਥੀਆਂ ਨੂੰ ਉਨ੍ਹਾਂ ਕੇਂਦਰਾਂ 'ਤੇ ਹਾਜ਼ਰ ਹੋਣਾ ਹੋਵੇਗਾ,
ਨਵੀਂ ਦਿੱਲੀ, 20 ਮਈ : ਸੀ. ਬੀ. ਐਸ. ਈ. ਦੀ 10ਵੀਂ ਅਤੇ 12ਵੀਂ ਦੀ ਪੈਂਡਿੰਗ ਪ੍ਰੀਖਿਆ ਦੇਣ ਲਈ ਵਿਦਿਆਰਥੀਆਂ ਨੂੰ ਉਨ੍ਹਾਂ ਕੇਂਦਰਾਂ 'ਤੇ ਹਾਜ਼ਰ ਹੋਣਾ ਹੋਵੇਗਾ, ਜਿਥੋਂ ਉਨ੍ਹਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ ਅਤੇ ਇਹ ਕਿਸੇ ਬਾਹਰੀ ਕੇਂਦਰ 'ਚ ਨਹੀਂ ਹੋਵੇਗੀ। ਮਨੁੱਖੀ ਵਸੀਲੇ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲਾ ਜੁਲਾਈ ਦੇ ਅੰਤ ਤਕ ਪ੍ਰੀਖਿਆ ਨਤੀਜੇ ਐਲਾਨ ਕਰਨ ਦੀ ਯੋਜਨਾ ਬਣਾ ਰਿਹਾ ਹੈ। ਯਾਨੀ ਕਿ ਜੁਲਾਈ ਦੇ ਅੰਤ ਤਕ ਨਤੀਜੇ ਵੀ ਐਲਾਨ ਕਰ ਦਿਤੇ ਜਾਣਗੇ।
File photo
ਇਸ ਦਿਸ਼ਾ ਵਿਚ ਤਾਲਾਬੰਦੀ ਦਾ ਐਲਾਨ ਹੋਣ ਤੋਂ ਪਹਿਲਾਂ ਜਿਨ੍ਹਾਂ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਹੋ ਗਈਆਂ ਸਨ, ਉਨ੍ਹਾਂ ਦੇ ਮੁਲਾਂਕਣ ਦੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਸੀ.ਬੀ.ਐਸ.ਈ. ਦੇ ਅਧਿਕਾਰੀਆਂ ਨੇ ਦਸਿਆ ਕਿ ਵਿਦਿਆਰਥੀਆਂ ਨੂੰ ਅਪਣੇ-ਅਪਣੇ ਸਕੂਲਾਂ ਵਿਚ ਹਾਜ਼ਰ ਹੋਣਾ ਹੋਵੇਗਾ ਅਤੇ ਕਿਸੇ ਬਾਹਰੀ ਕੇਂਦਰ 'ਤੇ ਨਹੀਂ ਤਾਕਿ ਘੱਟ ਤੋਂ ਘੱਟ ਯਾਤਰਾ ਕਰਨੀ ਪਵੇ। ਸਕੂਲਾਂ ਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਸਮਾਜਿਕ ਦੂਰੀ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਹੋਵੇ ਅਤੇ ਵਿਦਿਆਰਥੀਆਂ ਨੂੰ ਅਪਣੇ ਨਾਲ ਸੈਨੇਟਾਈਜ਼ਰ ਤੇ ਚਿਹਰੇ ਦਾ ਮਾਸਕ ਲਾਉਣਾ ਹੋਵੇਗਾ।
ਜ਼ਿਕਰਯੋਗ ਹੈ ਕਿ ਬੋਰਡ ਨੇ ਸੋਮਵਾਰ ਨੂੰ 10ਵੀਂ ਅਤੇ 12ਵੀਂ ਜਮਾਤ ਦੀ ਪੈਂਡਿੰਗ ਪ੍ਰੀਖਿਆ ਦੀ ਤਰੀਕਾਂ ਦਾ ਐਲਾਨ ਕਰ ਦਿਤਾ ਸੀ, ਜੋ ਕਿ 1 ਤੋਂ 15 ਜੁਲਾਈ ਦਰਮਿਆਨ ਹੋਣਗੀਆਂ। ਪ੍ਰੀਖਿਆ ਦੌਰਾਨ ਸਮਾਜਿਕ ਦੂਰੀ ਬਣਾ ਕੇ ਰੱਖਣ ਦੇ ਦਿਸ਼ਾ-ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕਰਨਾ ਹੋਵੇਗਾ। ਇਹ ਪ੍ਰੀਖਿਆਵਾਂ ਕੋਵਿਡ-19 ਦੇ ਪ੍ਰਸਾਰ ਕਾਰਨ ਸਕੂਲ ਬੰਦ ਹੋਣ ਅਤੇ 25 ਮਾਰਚ ਤੋਂ ਲਾਗੂ ਤਾਲਾਬੰਦੀ ਕਾਰਨ ਮੁਲਤਵੀ ਕਰ ਦਿਤੀਆਂ ਗਈਆਂ ਸਨ। 12ਵੀਂ ਜਮਾਤ ਲਈ ਪੈਂਡਿੰਗ ਪ੍ਰੀਖਿਆ ਪੂਰੇ ਦੇਸ਼ ਵਿਚ ਜਦਕਿ 10ਵੀਂ ਜਮਾਤ ਦੀ ਬਾਕੀ ਪ੍ਰੀਖਿਆ ਸਿਰਫ਼ ਉਤਰੀ-ਪੂਰਬੀ ਦਿੱਲੀ ਲਈ ਆਯੋਜਿਤ ਕੀਤੀਆਂ ਜਾਣਗੀਆਂ। (ਏਜੰਸੀ)