
ਕਾਂਗਰਸ ਦੇ ਮਰਹੂਮ ਆਗੂ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਰਜੁਨ ਸਿੰਘ ਦੀ ਪਤਨੀ 83 ਸਾਲਾ ਸਰੋਜ ਕੁਮਾਰੀ ਦੁਆਰਾ ਅਪਣੇ ਬੇਟੇ .......
ਭੋਪਾਲ/ਸੀਹੋਰ : ਕਾਂਗਰਸ ਦੇ ਮਰਹੂਮ ਆਗੂ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਰਜੁਨ ਸਿੰਘ ਦੀ ਪਤਨੀ 83 ਸਾਲਾ ਸਰੋਜ ਕੁਮਾਰੀ ਦੁਆਰਾ ਅਪਣੇ ਬੇਟੇ ਅਤੇ ਕਾਂਗਰਸ ਆਗੂ ਅਜੇ ਸਿੰਘ ਸਮੇਤ ਪਰਵਾਰ ਦੇ ਤਿੰਨ ਜੀਆਂ ਵਿਰੁਧ ਘਰੇਲੂ ਹਿੰਸਾ ਅਤੇ ਸੰਪਤੀ 'ਤੇ ਨਾਜਾਇਜ਼ ਕਬਜ਼ੇ ਦਾ ਦੋਸ਼ ਲਾਇਆ ਗਿਆ ਹੈ ਜਿਸ ਕਾਰਨ ਕਾਂਗਰਸ ਅਤੇ ਭਾਜਪਾ ਵਿਚਾਲੇ ਜ਼ੁਬਾਨੀ ਜੰਗ ਛਿੜ ਗਈ ਹੈ।
ਸਰੋਜ ਦੁਆਰਾ ਕਲ ਅਦਾਲਤ ਵਿਚ ਅਰਜ਼ੀ ਦੇਣ ਮਗਰੋਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਮੱਧ ਪ੍ਰਦੇਸ਼ ਵਿਧਾਨ ਸਭਾ ਵਿਚ ਨੇਤਾ ਵਿਰੋਧੀ ਧਿਰ ਅਜੇ ਸਿੰਘ ਨੇ ਕਿਹਾ ਸੀ, 'ਇਹ ਭਾਜਪਾ ਦੀ ਸਾਜ਼ਸ਼ ਹੈ। ਜਦ ਵੀ ਮੈਂ ਮੱਧ ਪ੍ਰਦੇਸ਼ ਸਰਕਾਰ ਵਿਰੁਧ ਬੇਭਰੋਸਗੀ ਦਾ ਮਤਾ ਲਿਆਉਂਦਾ ਹਾਂ ਤਾਂ ਅਜਿਹੀਆਂ ਗੱਲਾਂ ਹੋਣ ਲਗਦੀਆਂ ਹਨ।' ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਮੇਰਾ ਮੰਨਣਾ ਹੈ ਕਿ ਮਾਂ-ਮਾਂ ਹੁੰਦੀ ਹੈ। ਕਿਸ ਤਰ੍ਹਾਂ ਅਜੇ ਨੇ ਸਰਕਾਰ ਵਿਰੁਧ ਦੋਸ਼ ਲਾ ਦਿਤਾ ਅਤੇ ਇਹ ਕਹਿ ਦਿਤਾ ਕਿ ਸਰਕਾਰ ਨੇ ਕੁੱਝ ਅਜਿਹਾ ਕਰ ਦਿਤਾ ਜਿਸ ਕਾਰਨ ਮਾਂ ਉਸ ਵਿਰੁਧ ਹੋ ਗਈ ਹੈ।ਇਹ ਘਟੀਆਪਣ ਹੈ।'
ਚੌਹਾਨ ਦੇ ਪ੍ਰਤੀਕਰਮ ਮਗਰੋਂ ਅਜੇ ਸਿੰਘ ਨੇ ਕਿਹਾ, 'ਮੇਰੀ ਮਾਂ ਦੇ ਵਕੀਲ ਦੀਪੇਸ਼ ਜੋਸ਼ੀ ਹਨ। ਮੁੱਖ ਮੰਤਰੀ ਚੌਹਾਨ ਅਤੇ ਉਨ੍ਹਾਂ ਦੀ ਪਤਨੀ ਸਾਧਨਾ ਵਲੋਂ ਮੇਰੇ ਵਿਰੁਧ ਇਕ ਕਰੋੜ ਰੁਪਏ ਦੀ ਮਾਣਹਾਨੀ ਦਾ ਮਾਮਲਾ ਦਰਜ ਕਰਾਇਆ ਗਿਆ ਹੈ। ਇਸ ਮਾਮਲੇ ਵਿਚ ਸ਼ਿਵਰਾਜ ਦੇ ਵਕੀਲ ਦੀਪੇਸ਼ ਜੋਸ਼ੀ ਹਨ। ਇਸ ਤੋਂ ਪਤਾ ਚਲਦਾ ਹੈ ਕਿ ਮੇਰੀ ਮਾਂ ਨੂੰ ਉਕਸਾਉਣ ਵਿਚ ਭਾਜਪਾ ਦਾ ਹੱਥ ਹੈ।' ਅਜੇ ਨੇ ਕਿਹਾ, 'ਭਾਜਪਾ ਦੇ ਮੀਤ ਪ੍ਰਧਾਨ ਪ੍ਰਭਾਤ ਝਾਅ ਦੀ ਆਡੀਉ ਆਈ ਹੈ ਜਿਸ ਵਿਚ ਦੇਸ਼ ਦੇ ਪੱਤਰਕਾਰਾਂ ਨੁੰ ਕਿਹਾ ਗਿਆ ਹੈ ਕਿ ਮੇਰੀ ਮਾਂ ਦੁਆਰਾ ਅਦਾਲਤ ਵਿਚ ਅਰਜ਼ੀ ਦੇਣ ਦੀ ਚੰਗੀ ਤੋਂ ਚੰਗੀ ਖ਼ਬਰ ਬਣਾਉ।' (ਏਜੰਸੀ)