
ਲੋਕ ਸਭਾ ਸਪੀਕਰ ਨੇ ਇਸ ਘਟਨਾਕ੍ਰਮ 'ਤੇ ਨਾਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸੰਸਦ ਵਿਚ ਸਾਰਿਆਂ ਨੂੰ ਸੰਸਦੀ ਮਰਿਯਾਦਾ ਦਾ ਖ਼ਿਆਲ ਰਖਣਾ ਚਾਹੀਦਾ ਹੈ.........
ਨਵੀਂ ਦਿੱਲੀ : ਲੋਕ ਸਭਾ ਸਪੀਕਰ ਨੇ ਇਸ ਘਟਨਾਕ੍ਰਮ 'ਤੇ ਨਾਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸੰਸਦ ਵਿਚ ਸਾਰਿਆਂ ਨੂੰ ਸੰਸਦੀ ਮਰਿਯਾਦਾ ਦਾ ਖ਼ਿਆਲ ਰਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੁਆਰਾ ਕਿਸੇ ਨੂੰ ਗਲ ਲਾਉਣ 'ਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਪਰ ਸਾਰਿਆਂ ਨੂੰ ਸੰਸਦੀ ਮਰਿਯਾਦਾ ਦਾ ਖ਼ਿਆਲ ਰਖਣਾ ਚਾਹੀਦਾ ਹੈ। ਉਨ੍ਹਾਂ ਕਿਹਾ, 'ਮੈਨੂੰ ਵੇਖ ਕੇ ਚੰਗਾ ਨਹੀਂ ਲੱਗਾ। ਉਹ ਪ੍ਰਧਾਨ ਮੰਤਰੀ ਹਨ, ਪ੍ਰਧਾਨ ਮੰਤਰੀ ਅਹੁਦੇ 'ਤੇ ਹਨ। ਸੰਸਦੀ ਮਰਿਯਾਦਾ ਦਾ ਖ਼ਿਆਲ ਰਖਣਾ ਚਾਹੀਦਾ ਹੈ। ਉਧਰ, ਕੇਂਦਰੀ ਮੰਤਰੀ ਹਰਸਿਮਰਤ ਕੌਰ ਨੇ ਰਾਹੁਲ ਗਾਂਧੀ ਦੁਆਰਾ ਪ੍ਰਧਾਨ ਮੰਤਰੀ ਨੂੰ ਗਲ ਮਿਲਣ 'ਤੇ ਵਿਅੰਗ ਕਸਦਿਆਂ ਕਿਹਾ ਕਿ ਇਹ ਸੰਸਦ ਹੈ,
ਇਥੇ 'ਮੁੰਨਾ ਭਾਈ' ਦੀ ਪੱਪੀ - ਝੱਪੀ ਨਹੀਂ ਚੱਲੇਗੀ। ਉਨ੍ਹਾਂ ਕਿਹਾ ਕਿ ਰਾਹੁਲ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਸੰਸਦ ਵਿਚ ਬੋਲ ਰਹੇ ਹਨ ਨਾਕਿ ਕਿਸੇ ਫ਼ਿਲਮ ਵਿਚ ਐਕਟਿੰਗ ਕਰ ਰਹੇ ਹਨ। ਇਸ ਤੋਂ ਪਹਿਲਾਂ ਜਦ ਰਾਹੁਲ ਨੇ ਅਪਣੇ ਭਾਸ਼ਨ ਦੌਰਾਨ ਹਰਸਿਮਰਤ ਵਲ ਇਸ਼ਾਰਾ ਕਰਦਿਆਂ ਕਿਹਾ ਕਿ ਜਦ ਉਹ ਮੋਦੀ ਸਰਕਾਰ ਦੀ ਆਲੋਚਨਾ ਕਰ ਰਿਹਾ ਸੀ ਤਾਂ ਉਸ ਵਕਤ ਕੇਂਦਰੀ ਮੰਤਰੀ ਹਰਸਿਮਰਤ ਕੌਰ ਮੁਸਕਰਾ ਰਹੀ ਸੀ। ਰਾਹੁਲ ਦੇ ਇਹ ਕਹਿਣ 'ਤੇ ਹਰਸਿਮਰਤ ਭੜਕ ਗਈ। ਉਨ੍ਹਾਂ ਖੜੇ ਹੋ ਕੇ ਇਤਰਾਜ਼ ਪ੍ਰਗਟਾਉਣ ਦੀ ਕੋਸ਼ਿਸ਼ ਕੀਤੀ ਪਰ ਸਪੀਕਰ ਨੇ ਰਾਹੁਲ ਨੂੰ ਭਾਸ਼ਨ ਜਾਰੀ ਰੱਖਣ ਲਈ ਕਿਹਾ। ਬਾਅਦ ਵਿਚ ਜਦ ਉਨ੍ਹਾਂ ਨੂੰ ਬੋਲਣ ਦੀ ਇਜਾਜ਼ਤ ਦਿਤੀ ਗਈ ਤਾਂ ਉਨ੍ਹਾਂ ਕਾਂਗਰਸ ਪਾਰਟੀ ਅਤੇ ਰਾਹੁਲ 'ਤੇ ਹਮਲਾ ਬੋਲਿਆ। (ਏਜੰਸੀ)