
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਟਲ ਬਿਹਾਰੀ ਵਾਜਪਾਈ ਨੂੰ ਅਜਿਹੇ ਸ਼ਖ਼ਸ ਦਸਿਆ ਜਿਹੜੇ ਨਾ ਤਾਂ ਕਦੇ ਕਿਸੇ ਦਬਾਅ ਹੇਠ ਝੁਕੇ..............
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਟਲ ਬਿਹਾਰੀ ਵਾਜਪਾਈ ਨੂੰ ਅਜਿਹੇ ਸ਼ਖ਼ਸ ਦਸਿਆ ਜਿਹੜੇ ਨਾ ਤਾਂ ਕਦੇ ਕਿਸੇ ਦਬਾਅ ਹੇਠ ਝੁਕੇ ਅਤੇ ਨਾ ਹੀ ਉਲਟ ਹਾਲਾਤ ਦੇ ਬਾਵਜੂਦ ਉਮੀਦ ਛੱਡੀ। ਸਾਬਕਾ ਪ੍ਰਧਾਨ ਮੰਤਰੀ ਦੀ ਯਾਦ ਵਿਚ ਪ੍ਰਾਰਥਨਾ ਸਭਾ ਨੂੰ ਸੰਬੋਧਨ ਕਰਦਿਆਂ ਮੋਦਦੀ ਨੇ ਕਿਹਾ ਕਿ ਇਹ ਵਾਜਪਾਈ ਹੀ ਸਨ ਜਿਨ੍ਹਾਂ ਨੇ ਉਦੋਂ ਮਾਹੌਲ ਬਦਲਿਆ ਜਦ ਕੁੱਝ ਦੇਸ਼ ਕਸ਼ਮੀਰ ਮਸਲੇ 'ਤੇ ਭਾਰਤ ਨੂੰ ਘੇਰ ਰਹੇ ਸਨ। ਉਨ੍ਹਾਂ ਕਿਹਾ ਕਿ ਵਾਜਪਾਈ ਸਦਕਾ ਹੀ ਅਤਿਵਾਦ ਵਿਸ਼ਵ ਮੁਹਾਜ਼ 'ਤੇ ਅਹਿਮ ਮਸਲਾ ਬਣ ਗਿਆ।
ਉਨ੍ਹਾਂ ਕਿਹਾ ਕਿ ਕੋਈ ਵੀ ਪਾਰਟੀ ਉਦੋਂ ਵਾਜਪਾਈ ਦਾ ਸਮਰਥਨ ਕਰਨ ਦੀ ਚਾਹਵਾਨ ਨਹੀਂ ਸੀ ਜਦ ਉਨ੍ਹਾਂ ਨੇ 13 ਦਿਨਾਂ ਲਈ ਸਰਕਾਰ ਬਣਾਈ। ਉਨ੍ਹਾਂ ਕਿਹਾ, '1996 ਵਿਚ ਸਰਕਾਰ ਡਿੱਗ ਗਈ। ਉਨ੍ਹਾਂ ਉਮੀਦ ਨਹੀਂ ਛੱਡੀ ਅਤੇ ਲੋਕਾਂ ਦੀ ਸੇਵਾ ਕਰਦੇ ਰਹੇ। ਗਠਜੋੜ ਸਿਆਸਤ ਦੇ ਮਾਮਲੇ ਵਿਚ ਉਨ੍ਹਾਂ ਹੋਰਾਂ ਨੂੰ ਰਾਹ ਵਿਖਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦ ਵਾਜਪਾਈ ਸਰਕਾਰ ਨੇ ਝਾਰਖੰਡ, ਛੱਤੀਸਗੜ੍ਹ ਅਤੇ ਉਤਰਾਖੰਡ ਜਿਹੇ ਸੂਬੇ ਬਣਾਏ ਤਾਂ ਸੱਭ ਕੁੱਝ ਸ਼ਾਂਤਮਈ ਢੰਗ ਨਾਲ ਹੋ ਗਿਆ।
1998 ਵਾਲੇ ਪਰਮਾਣੂ ਤਜਰਬਿਆਂ ਦੀ ਗੱਲ ਕਰਦਿਆਂ ਮੋਦੀ ਨੇ ਕਿਹਾ ਕਿ ਵਾਜਪਾਈ ਦੀਆਂ ਕੋਸ਼ਿਸ਼ਾਂ ਨੇ ਯਕੀਨੀ ਬਣਾਇਆ ਕਿ ਭਾਰਤ ਪਰਮਾਣੂ ਤਾਕਤ ਬਣੇ। ਉਨ੍ਹਾਂ ਇਨ੍ਹਾਂ ਤਜਰਬਿਆਂ ਨੂੰ ਭਾਰਤ ਦੇ ਵਿਗਿਆਨੀਆਂ ਦੀ ਸੂਝ ਦਾ ਨਤੀਜਾ ਦਸਿਆ। ਉਨ੍ਹਾਂ ਕਿਹਾ ਕਿ ਵਾਪਜਾਈ ਕਦੇ ਵੀ ਕਿਸੇ ਦਬਾਅ ਹੇਠ ਨਹੀਂ ਝੁਕੇ। ਆਖ਼ਰ ਉਹ ਅਟਲ ਸਨ। ਉਨ੍ਹਾਂ ਅਪਣੀ ਵਿਚਾਰਧਾਰਾ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ। (ਪੀਟੀਆਈ)