
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਵਿਚ ਅਪਣੇ ਹਮਅਹੁਦਾ ਇਮਰਾਨ ਖ਼ਾਨ ਨੂੰ ਪੱਤਰ ਭੇਜ ਕੇ ਕਿਹਾ ਹੈ ਕਿ ਭਾਰਤ ਉਨ੍ਹਾਂ ਦੇ ਦੇਸ਼ ਨਾਲ ਰਚਨਾਤਮਕ ਅਤੇ ਸਾਰਥਕ.........
ਨਵੀਂ ਦਿੱਲੀ/ਇਸਲਾਮਾਬਾਦ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਵਿਚ ਅਪਣੇ ਹਮਅਹੁਦਾ ਇਮਰਾਨ ਖ਼ਾਨ ਨੂੰ ਪੱਤਰ ਭੇਜ ਕੇ ਕਿਹਾ ਹੈ ਕਿ ਭਾਰਤ ਉਨ੍ਹਾਂ ਦੇ ਦੇਸ਼ ਨਾਲ ਰਚਨਾਤਮਕ ਅਤੇ ਸਾਰਥਕ ਗੱਲਬਾਤ ਦਾ ਹਮਾਇਤੀ ਹੈ। ਅਧਿਕਾਰਤ ਸੂਤਰਾਂ ਨੇ ਪੱਤਰ ਦਾ ਹਵਾਲਾ ਦਿੰਦਿਆਂ ਦਸਿਆ ਕਿ ਮੋਦੀ ਨੇ ਕਿਹਾ ਕਿ ਭਾਰਤ ਪਾਕਿਸਤਾਨ ਨਾਲ ਸ਼ਾਂਤਮਈ ਗੁਆਂਢੀ ਰਿਸ਼ਤਿਆਂ ਲਈ ਪ੍ਰਤੀਬੱਧ ਹੈ। ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਨੇ ਅਤਿਵਾਦ ਤੋਂ ਮੁਕਤ ਦਖਣੀ ਏਸ਼ੀਆ ਲਈ ਕੰਮ ਕਰਨ ਦੀ ਲੋੜ 'ਤੇ ਵੀ ਜ਼ੋਰ ਦਿਤਾ। ਉਨ੍ਹਾਂ ਕਿਹਾ ਕਿ ਭਾਰਤ ਪਾਕਿਸਤਾਲ ਨਾਲ ਗੱਲਬਾਤ ਲਈ ਤਿਆਰ ਹੈ।
ਉਧਰ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਗੁਆਂਢੀ ਮੁਲਕਾਂ ਨਾਲ ਰਿਸ਼ਤੇ ਸੁਖਾਵੇਂ ਬਣਾਉਣ ਨਾਲ ਪਾਕਿਸਤਾਨ ਵਿਚ ਸ਼ਾਂਤੀ ਆਵੇਗੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅਪਣੇ ਗੁਆਂਢੀਆਂ ਨਾਲ ਰਿਸ਼ਤੇ ਆਮ ਬਣਾਉਣ ਲਈ ਗੱਲਬਾਤ ਕਰੇਗਾ। ਪ੍ਰਧਾਨ ਮੰਤਰੀ ਬਣਨ ਮਗਰੋਂ ਪਹਿਲੀ ਵਾਰ ਦੇਸ਼ ਨੂੰ ਸੰਬੋਧਨ ਕਰਦਿਆਂ ਇਮਰਾਨ ਖ਼ਾਨ ਨੇ ਆਰਥਕ ਮੁਹਾਜ਼ 'ਤੇ ਦੇਸ਼ ਦੀਆਂ ਚੁਨੌਤੀਆਂ ਬਾਰੇ ਗੱਲ ਕੀਤੀ। ਉਨ੍ਹਾਂ ਦੇਸ਼ ਵਿਚ ਸਰਕਾਰੀ ਖ਼ਰਚਾ ਘਟਾਉਣ ਅਤੇ ਅਰਥਚਾਰੇ ਨੂੰ ਲੀਹ 'ਤੇ ਲਿਆਉਣ ਲਈ ਵਿਆਪਕ ਸੁਧਾਰਾਂ ਦਾ ਵਾਅਦਾ ਕੀਤਾ।
Imran Khan
ਭਾਰੀ ਕਰਜ਼ੇ ਲਈ ਪਿਛਲੀ ਸਰਕਾਰ 'ਤੇ ਵਰ੍ਹਦਿਆਂ ਇਮਰਾਨ ਖ਼ਾਨ ਨੇ ਕਿਹਾ ਕਿ ਦੇਸ਼ ਸਿਰ ਇਸ ਦੇ ਇਤਿਹਾਸ ਵਿਚ ਏਨਾ ਕਰਜ਼ਾ ਨਹੀਂ ਚੜ੍ਹਿਆ ਜਿੰਨਾ ਪਿਛਲੇ ਦਸ ਸਾਲਾਂ ਵਿਚ ਚੜ੍ਹਿਆ ਹੈ। ਪਾਕਿਸਤਾਨ ਦੀ ਵਿਦੇਸ਼ ਨੀਤੀ ਬਾਰੇ 65 ਸਾਲਾ ਖ਼ਾਨ ਨੇ ਕਿਹਾ ਕਿ ਪਾਕਿਤਸਾਨ ਨੂੰ ਸਾਰੇ ਗੁਆਂਢੀਆਂ ਨਾਲ ਰਿਸ਼ਤੇ ਵਧੀਆ ਬਣਾਉਣੇ ਪੈਣਗੇ। ਉਨ੍ਹਾਂ ਕਿਹਾ, 'ਮੈਂ ਸਾਰੇ ਗੁਆਂਢੀਆਂ ਨਾਲ ਗੱਲ ਕੀਤੀ ਹੈ। ਅਸੀਂ ਸਾਰੇ ਗੁਆਂਢੀਆਂ ਨਾਲ ਰਿਸ਼ਤੇ ਸੁਧਾਰਾਂਗੇ।
ਗੁਆਂਢੀਆਂ ਨਾਲ ਵਧੀਆ ਰਿਸ਼ਤੇ ਕਾਇਮ ਕੀਤੇ ਬਿਨਾਂ ਦੇਸ਼ ਵਿਚ ਸ਼ਾਂਤੀ ਨਹੀਂ ਆ ਸਕਦੀ।' ਉਨ੍ਹਾਂ ਕਿਹਾ ਕਿ ਜੇ ਸਾਡੇ ਗੁਆਂਢੀ ਇਕ ਕਦਮ ਸਾਡੇ ਵਲ ਆਉਂਦੇ ਹਨ ਤਾਂ ਅਸੀਂ ਦੋ ਕਦਮ ਪੁੱਟਾਂਗੇ ਪਰ ਘੱਟੋ-ਘੱਟ ਸ਼ੁਰੂਆਤ ਦੀ ਲੋੜ ਹੈ। ਉਨ੍ਹਾਂ ਪਾਕਿਸਤਾਨ ਨੂੰ ਮਦੀਨਾ ਜਿਹੇ ਕਲਿਆਣਕਾਰੀ ਰਾਜ ਵਿਚ ਬਦਲਣ ਦਾ ਇਕ ਵਾਰ ਫਿਰ ਵਾਅਦਾ ਕੀਤਾ। (ਪੀਟੀਆਈ)