
ਖੁਫੀਆ ਏਜੰਸੀਆਂ ਨੂੰ ਵਿਦੇਸ਼ 'ਚ ਬੈਠੇ ਗੋਲਡੀ ਬਰਾੜ ਅਤੇ ਜੇਲ 'ਚ ਬੰਦ ਲਾਰੈਂਸ ਬਿਸ਼ਨੋਈ ਦੇ ਨਾਲ-ਨਾਲ ਸਾਈਬਰ ਕਰਾਈਮ 'ਚ ਸ਼ਾਮਲ ਹੋਰ ਕਈ ਗੈਂਗਸਟਰਾਂ ਬਾਰੇ ਇਨਪੁਟ ਮਿਲੇ
ਨਵੀਂ ਦਿੱਲੀ: ਟਾਰਗੇਟ ਕਿਲਿੰਗ, ਡਕੈਤੀ ਅਤੇ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਹੁਣ ਸਾਈਬਰ ਠੱਗੀ ਵਿਚ ਸ਼ਾਮਲ ਹੋ ਗਏ ਹਨ। ਅਪਣੇ ਗੈਂਗ ਨੂੰ ਆਰਥਕ ਤੌਰ 'ਤੇ ਮਜ਼ਬੂਤ ਕਰਨ ਅਤੇ ਵਾਧੂ ਆਮਦਨ ਕਮਾਉਣ ਲਈ ਗੈਂਗਸਟਰਾਂ ਨੇ ਅਪਰਾਧ ਦਾ ਇਹ ਨਵਾਂ ਰਾਹ ਚੁਣਿਆ ਹੈ। ਗੈਂਗਸਟਰ ਨੌਜਵਾਨਾਂ ਨੂੰ ਭਰਤੀ ਕਰਦੇ ਹਨ ਅਤੇ ਗੁਪਤ ਥਾਵਾਂ 'ਤੇ ਬੈਠ ਕੇ ਸਾਈਬਰ ਧੋਖਾਧੜੀ ਨੂੰ ਅੰਜਾਮ ਦੇ ਰਹੇ ਹਨ। ਖੁਫੀਆ ਏਜੰਸੀਆਂ ਨੂੰ ਵਿਦੇਸ਼ 'ਚ ਬੈਠੇ ਗੋਲਡੀ ਬਰਾੜ ਅਤੇ ਜੇਲ 'ਚ ਬੰਦ ਲਾਰੈਂਸ ਬਿਸ਼ਨੋਈ ਦੇ ਨਾਲ-ਨਾਲ ਸਾਈਬਰ ਕਰਾਈਮ 'ਚ ਸ਼ਾਮਲ ਹੋਰ ਕਈ ਗੈਂਗਸਟਰਾਂ ਬਾਰੇ ਇਨਪੁਟ ਮਿਲੇ ਹਨ। ਇਸ ਇਨਪੁਟ ਦੇ ਆਧਾਰ 'ਤੇ ਸਟੇਟ ਕ੍ਰਾਈਮ ਬ੍ਰਾਂਚ ਨੇ ਜਾਂਚ ਸ਼ੁਰੂ ਕਰ ਦਿਤੀ ਹੈ। ਰਾਜ ਅਪਰਾਧ ਸ਼ਾਖਾ ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ: ਕੈਨੇਡਾ ਵਿਚ ਪੁਲਿਸ ਅਫ਼ਸਰ ਬਣੀ ਪੰਜਾਬਣ; ਰਾਏਕੋਟ ਨਾਲ ਸਬੰਧਤ ਹੈ ਸਮਨਦੀਪ ਕੌਰ ਧਾਲੀਵਾਲ
ਰੀਪੋਰਟ ਮੁਤਾਬਕ ਹਰਿਆਣਾ 'ਚ ਹਰ ਮਹੀਨੇ ਸਾਈਬਰ ਠੱਗੀ ਦਾ ਕਰੋੜਾਂ ਰੁਪਏ ਦਾ ਕਾਰੋਬਾਰ ਹੁੰਦਾ ਹੈ। ਪਿਛਲੇ ਛੇ ਮਹੀਨਿਆਂ ਵਿਚ ਸੂਬੇ ਵਿਚ 500 ਕਰੋੜ ਰੁਪਏ ਦੀ ਸਾਈਬਰ ਧੋਖਾਧੜੀ ਦੇ ਮਾਮਲੇ ਸਾਹਮਣੇ ਆਏ ਹਨ। ਹਰਿਆਣਾ ਵਿਚ ਰੋਜ਼ਾਨਾ ਔਸਤਨ ਇਕ ਹਜ਼ਾਰ ਲੋਕ ਠੱਗੀ ਦਾ ਸ਼ਿਕਾਰ ਹੁੰਦੇ ਹਨ। ਲਾਲਚ ਕਾਰਨ ਲੋਕ ਜਾਲ ਵਿਚ ਫਸ ਜਾਂਦੇ ਹਨ। ਹਾਲਾਂਕਿ ਸਮੇਂ ਸਿਰ ਸ਼ਿਕਾਇਤ ਮਿਲਣ ਤੋਂ ਬਾਅਦ ਸਟੇਟ ਕ੍ਰਾਈਮ ਬ੍ਰਾਂਚ ਦੀਆਂ ਟੀਮਾਂ ਨੇ 30 ਕਰੋੜ ਰੁਪਏ ਤੋਂ ਵੱਧ ਦੀ ਰਕਮ ਵੀ ਬਰਾਮਦ ਕਰ ਲਈ ਹੈ।
ਇਹ ਵੀ ਪੜ੍ਹੋ: ਲੁੱਟ ਖੋਹ ਦੇ ਮੁਲਜ਼ਮ ਨੇ ਹਵਾਲਾਤ ਵਿਚ ਲਿਆ ਫਾਹਾ, ਮਾਮਲੇ ਦੀ ਮੈਜਿਸਟ੍ਰੇਟ ਜਾਂਚ ਸ਼ੁਰੂ
ਰੀਪੋਰਟਾਂ ਮੁਤਾਬਕ ਮੇਵਾਤ ਸਾਈਬਰ ਧੋਖਾਧੜੀ ਲਈ ਕਾਫੀ ਬਦਨਾਮ ਮੰਨਿਆ ਜਾਂਦਾ ਹੈ। ਇਥੋਂ ਦੇ ਪਿੰਡਾਂ ਦੇ ਮੁੰਡੇ ਇਸ ਧੰਦੇ ਨਾਲ ਜੁੜੇ ਹੋਏ ਹਨ। ਹਾਲ ਹੀ ਵਿਚ ਹਰਿਆਣਾ ਪੁਲਿਸ ਨੇ ਮੇਵਾਤ ਦੇ 14 ਪਿੰਡਾਂ ਵਿਚ ਛਾਪੇਮਾਰੀ ਕਰਕੇ 70 ਤੋਂ ਵੱਧ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਸਾਈਬਰ ਧੋਖਾਧੜੀ ਦੀਆਂ ਕਈ ਘਟਨਾਵਾਂ ਦਾ ਪਰਦਾਫਾਸ਼ ਕੀਤਾ ਸੀ। ਇਥੋਂ ਦੇ ਘੱਟ ਪੜ੍ਹੇ ਲਿਖੇ ਨੌਜਵਾਨ ਵੀ ਇਸ ਧੰਦੇ ਵਿਚ ਸ਼ਾਮਲ ਹੋ ਕੇ ਲਗਾਤਾਰ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ।
ਇਹ ਵੀ ਪੜ੍ਹੋ: 3 ਬੀ 2 ਦੀ ਮਾਰਕੀਟ ਵਿਚ ਕਿਰਪਾਨਾਂ ਅਤੇ ਡੰਡੇ ਲਹਿਰਾਉਣ ਦੇ ਮਾਮਲੇ ’ਚ 11 ਨੂੰ ਹਿਰਾਸਤ ਵਿਚ ਲਿਆ
ਸਖ਼ਤੀ ਕਾਰਨ ਬਦਲਿਆ ਅਪਰਾਧ ਦਾ ਰੁਝਾਨ
ਪੁਲਿਸ ਦਾ ਦਾਅਵਾ ਹੈ ਕਿ ਗੈਂਗਸਟਰਾਂ 'ਤੇ ਵਰਤੀ ਜਾ ਰਹੀ ਸਖ਼ਤੀ ਕਾਰਨ ਅਪਰਾਧ ਦਾ ਰੁਝਾਨ ਬਦਲਿਆ ਹੈ। ਲੁੱਟ-ਖੋਹ, ਡਕੈਤੀ ਅਤੇ ਜਬਰੀ ਵਸੂਲੀ ਦੇ ਮਾਮਲਿਆਂ ਵਿਚ ਹਥਿਆਰਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਪਹੁੰਚਾਉਣਾ ਅਤੇ ਫਿਰ ਅਪਰਾਧ ਨੂੰ ਅੰਜਾਮ ਦੇਣਾ ਬਹੁਤ ਜੋਖਮ ਭਰਿਆ ਹੁੰਦਾ ਹੈ। ਇਸ ਲਈ ਬਦਮਾਸ਼ਾਂ ਨੇ ਹੁਣ ਪੈਸਿਆਂ ਲਈ ਸਾਫਟ ਟਾਰਗੇਟ ਸਾਈਬਰ ਧੋਖਾਧੜੀ ਦਾ ਰਾਹ ਅਪਣਾ ਲਿਆ ਹੈ। ਇਸ ਵਿਚ ਫਸਣ ਦਾ ਖ਼ਤਰਾ ਘੱਟ ਹੈ। ਦੂਜੇ ਪਾਸੇ ਉਤਰ ਭਾਰਤ ਦੀ ਗੱਲ ਕਰੀਏ ਤਾਂ ਸਾਰੇ ਸੂਬਿਆਂ ਦੀ ਪੁਲਿਸ ਗੈਂਗਸਟਰਾਂ ਵਿਰੁਧ ਸਖ਼ਤੀ ਵਰਤ ਰਹੀ ਹੈ। ਐਸ.ਟੀ.ਐਫ. ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ ਦੇ ਨਾਲ-ਨਾਲ ਦਿੱਲੀ ਵਿਚ ਵੀ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ: ਡਰਬੀ ਕਬੱਡੀ ਟੂਰਨਾਮੈਂਟ ਦੌਰਾਨ ਚੱਲੀ ਗੋਲੀ; ਦੋ ਧੜਿਆਂ ਦੀ ਲੜਾਈ ਵਿਚ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ
ਸਾਈਬਰ ਧੋਖਾਧੜੀ ਦੇ ਅੰਕੜੇ
-6 ਮਹੀਨਿਆਂ 'ਚ ਸਾਈਬਰ ਧੋਖਾਧੜੀ ਦੀਆਂ 52,824 ਸ਼ਿਕਾਇਤਾਂ ਮਿਲੀਆਂ, ਜੋ ਪਿਛਲੇ ਸਾਲ ਦੇ ਮੁਕਾਬਲੇ 5 ਫ਼ੀ ਸਦੀ ਜ਼ਿਆਦਾ ਹਨ।
-33,425 ਮੋਬਾਈਲ ਨੰਬਰ ਬਲਾਕ ਕੀਤੇ ਗਏ ਹਨ।
-ਇਸ ਦੇ ਨਾਲ ਹੀ ਪੋਰਟਲ 'ਤੇ 36 ਹਜ਼ਾਰ ਤੋਂ ਵੱਧ ਮੋਬਾਈਲ ਨੰਬਰਾਂ ਦੀਆਂ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ।
-ਸਾਈਬਰ ਕੋਆਰਡੀਨੇਸ਼ਨ ਸੈਂਟਰ ਨੇ ਹੁਣ ਤਕ 66,732 ਬੈਂਕ ਖਾਤਿਆਂ ਨੂੰ ਫ੍ਰੀਜ਼ ਕੀਤਾ ਹੈ।
ਸਟੇਟ ਕ੍ਰਾਈਮ ਬ੍ਰਾਂਚ ਦੇ ਏ.ਡੀ.ਜੀ.ਪੀ. ਓ.ਪੀ. ਸਿੰਘ ਨੇ ਦਸਿਆ ਕਿ ਹਰਿਆਣਾ ਵਿਚ ਸਾਈਬਰ ਠੱਗਾਂ ਵਿਰੁਧ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਸੂਬੇ ਵਿਚ 318 ਸਾਈਬਰ ਕ੍ਰਾਈਮ ਹੈਲਪ ਡੈਸਕ ਸਥਾਪਤ ਕੀਤੇ ਗਏ ਹਨ ਅਤੇ ਇਥੇ 700 ਸਿੱਖਿਅਤ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਪੁਲਿਸ ਮੁਲਾਜ਼ਮਾਂ ਦੀ ਟੀਮ ਸਾਈਬਰ ਕ੍ਰਾਈਮ 'ਚ ਸ਼ਾਮਲ ਮੋਬਾਈਲ ਨੰਬਰਾਂ 'ਤੇ ਰੋਜ਼ਾਨਾ ਰੀਪੋਰਟ ਤਿਆਰ ਕਰ ਰਹੀ ਹੈ। ਪੁਲਿਸ ਟੀਮਾਂ ਅਪਣਾ ਕੰਮ ਕਰ ਰਹੀਆਂ ਹਨ, ਪਰ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਕਿਸੇ ਵੀ ਲਾਲਚ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।