
ਐਸਵਾਈਐਲ ਦੇ ਨਿਰਮਾਣ ਵਾਲੇ ਪੋਸਟਰਾਂ ’ਚ ਬਾਦਲ ਦੀ ਤਸਵੀਰ
ਕੀ ਵੋਟਾਂ ਲਈ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਨਾਲ ਪੰਜਾਬ ਦੇ ਪਾਣੀਆਂ ਦਾ ਸੌਦਾ ਵੀ ਕਰ ਸਕਦੈ? ਇਨੈਲੋ ਦੇ ਫੇਸਬੁੱਕ ਪੇਜ਼ ’ਤੇ ਪਈ ਇਹ ਪੋਸਟ ਤਾਂ ਇਹੀ ਕੁੱਝ ਦਿਖਾ ਰਹੀ ਹੈ ਕਿ ਬਾਦਲ ਪਰਿਵਾਰ ਨੇ ਵੋਟਾਂ ਲਈ ਐਸਵਾਈਐਲ ਦੇ ਨਿਰਮਾਣ ਦੀ ਹਾਮੀ ਭਰ ਦਿੱਤੀ ਹੈ। ਤੁਸੀਂ ਦੇਖ ਸਕਦੇ ਹੋ ਕਿ ਇਸ ਪੋਸਟ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ ਯਾਨੀ ਇਨੈਲੋ ਨੇ ਲਿਖਿਆ ਹੈ ਕਿ ਐਸਵਾਈਐਲ ਨਹਿਰ ਹਰਿਆਣਾ ਦਾ ਹੱਕ ਹੈ ਅਤੇ ਸਿਰਫ਼ ਇਨੈਲੋ ਨੇ ਹੀ ਇਸ ਹੱਕ ਦੀ ਲੜਾਈ ਨੂੰ ਲੜਨ ਦਾ ਕੰਮ ਕੀਤਾ ਹੈ।
Photo
ਇਨੈਲੋ ਸਰਕਾਰ ਬਣਾਓ ਅਤੇ ਪੂਰਨ ਤੌਰ ’ਤੇ ਇਸ ਹੱਕ ਦੀ ਲੜਾਈ ਨੂੰ ਜਿੱਤਣ ਦਾ ਕੰਮ ਕਰੋ। ਹੇਠਾਂ ਇਕ ਪੋਸਟਰ ’ਤੇ ਇਹ ਵੀ ਲਿਖਿਆ ਹੈ ਕਿ ਐਸਵਾਈਐਲ ਦਾ ਹੋਵੇਗਾ। ਨਿਰਮਾਣ ਸੂਬਾ ਵਾਸੀਆਂ ਨੂੰ ਮਿਲੇਗਾ ਉਨ੍ਹਾਂ ਦੇ ਹੱਕ ਦਾ ਪਾਣੀ ਇਸੇ ਪੋਸਟਰ ’ਤੇ ਚੌਟਾਲਿਆਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀ ਤਸਵੀਰ ਵੀ ਲੱਗੀ ਹੋਈ ਨਜ਼ਰ ਆ ਰਹੀ ਹੈ।
Photo
ਭਾਵੇਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਵੀ ਪੰਜਾਬ ਦੀਆਂ ਪਾਣੀਆਂ ਦੇ ਹੱਕ ਵਿਚ ਬੋਲਦੇ ਹੋਏ ਐਸਵਾਈਐਲ ਦਾ ਕਾਫ਼ੀ ਵਿਰੋਧ ਕੀਤਾ ਸੀ ਪਰ ਹਰਿਆਣਾ ਵਿਚਲੀਆਂ ਵੋਟਾਂ ਲੈਣ ਲਈ ਅਕਾਲੀ ਦਲ ਨੇ ਅਪਣੀ ਭਾਈਵਾਲ ਪਾਰਟੀ ਇਨੈਲੋ ਨੂੰ ਇਹ ਨਹੀਂ ਕਿਹਾ ਕਿ ਉਹ ਐਸਵਾਈਐਲ ਦੇ ਮੁੱਦੇ ’ਤੇ ਉਸ ਦੇ ਨਾਲ ਨਹੀਂ ਕਿਉਂਕਿ ਜੇਕਰ ਕਿਹਾ ਹੁੰਦਾ ਤਾਂ ਇਨੈਲੋ ਨੇ ਇਸ ਪੋਸਟਰ ’ਤੇ ਪ੍ਰਕਾਸ਼ ਸਿੰਘ ਬਾਦਲ ਦੀ ਤਸਵੀਰ ਨਹੀਂ ਲਗਾਉਣੀ ਸੀ।
Photo
ਇਨੈਲੋ ਵੱਲੋਂ ਅਪਣੇ ਫੇਸਬੁੱਕ ਪੇਜ਼ ’ਤੇ ਇਹ ਪੋਸਟ 12 ਅਕਤੂਬਰ ਨੂੰ ਪਾਈ ਗਈ ਸੀ ਜੋ ਅਜੇ ਵੀ ਮੌਜੂਦ ਹੈ। ਅਕਾਲੀ ਦਲ ਅਤੇ ਇਨੈਲੋ ਵੱਲੋਂ ਅਜਿਹਾ ਸ਼ਾਇਦ ਹਰਿਆਣਾ ਦੇ ਵੋਟਰਾਂ ਨੂੰ ਭਰਮਾਉਣ ਲਈ ਕੀਤਾ ਗਿਆ ਹੋਵੇਗਾ ਤਾਂ ਜੋ ਹਰਿਆਣਾ ਦੇ ਵੋਟਰਾਂ ਨੂੰ ਇਹ ਲੱਗ ਸਕੇ ਕਿ ਸ਼੍ਰੋਮਣੀ ਅਕਾਲੀ ਦਲ ਐਸਵਾਈਐਲ ਦਾ ਨਿਰਮਾਣ ਕਰਨ ਲਈ ਪੂਰੀ ਤਰ੍ਹਾਂ ਇਨੈਲੋ ਦੇ ਨਾਲ ਹੈ। ਇਸ ਨਾਲ ਹਰਿਆਣਾ ਵਿਚ ਇਨੈਲੋ ਦਾ ਵੀ ਭਲਾ ਹੋ ਜਾਵੇਗਾ ਅਤੇ ਅਕਾਲੀ ਦਲ ਦਾ ਵੀ।
Photo
ਹਰਿਆਣਾ ਵਿਚ ਤਾਂ ਪਤਾ ਨਹੀਂ ਅਕਾਲੀ ਦਲ ਨੂੰ ਕੋਈ ਕਾਮਯਾਬੀ ਮਿਲੇਗੀ ਜਾਂ ਨਹੀਂ ਪਰ ਅਕਾਲੀ ਦਲ ਵੱਲੋਂ ਕਥਿਤ ਤੌਰ ’ਤੇ ਵੋਟਾਂ ਲਈ ਅਪਣਾਈ ਇਸ ਦੋਗ਼ਲੀ ਨੀਤੀ ਨੂੰ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਇਕ ਪਾਸੇ ਤਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਅਕਾਲੀ ਦਲ ਵਿਰੁੱਧ ਬਿਆਨ ਦੇ ਕੇ ਅਕਾਲੀ ਦਲ ਦੀ ਫੱਟੀ ਪੋਚ ਦਿੱਤੀ ਹੈ।
ਰਹਿੰਦੀ ਖੂੰਹਦੀ ਕਸਰ ਹੁਣ ਐਸਵਾਈਐਲ ਦੇ ਨਿਰਮਾਣ ਨੂੰ ਲੈ ਕੇ ਅਕਾਲੀ ਦਲ ਵੱਲੋਂ ਚੌਟਾਲਿਆਂ ਦਾ ਸਾਥ ਦੇਣ ਦੀ ਦੋਗ਼ਲੀ ਨੀਤੀ ਨੇ ਕੱਢ ਦਿੱਤੀ ਹੈ। ਚੰਗਾ ਇਹ ਹੁੰਦਾ ਜੇਕਰ ਅਕਾਲੀ ਦਲ ਹਰਿਆਣਾ ਦੀ ਵੋਟਿੰਗ ਤੋਂ ਪਹਿਲਾਂ ਇਸ ’ਤੇ ਸਫ਼ਾਈ ਦਿੰਦਾ ਜਾਂ ਅਪਣੀ ਭਾਈਵਾਲ ਪਾਰਟੀ ਇਨੈਲੋ ਨੂੰ ਇਸ ਪੋਸਟਰ ਤੋਂ ਪ੍ਰਕਾਸ਼ ਸਿੰਘ ਬਾਦਲ ਦੀ ਤਸਵੀਰ ਹਟਾਉਣ ਲਈ ਆਖਦਾ ਪਰ ਵੋਟਾਂ ਦਾ ਲਾਹਾ ਲੈਣ ਲਈ ਉਸ ਨੇ ਅਜਿਹਾ ਨਹੀਂ ਕੀਤਾ। ਫਿਲਹਾਲ ਦੇਖਣਾ ਹੋਵੇਗਾ ਕਿ ਅਕਾਲੀ ਦਲ ਇਸ ਮਾਮਲੇ ਨੂੰ ਲੈ ਕੇ ਕੀ ਸਫ਼ਾਈ ਪੇਸ਼ ਕਰੇਗਾ?
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।