
ਸਮਝੌਤਾ ਵਿਵਾਦਿਤ ਬਿੰਦੂਆਂ ਤੋਂ ਫ਼ੌਜੀਆਂ ਦੀ ਵਾਪਸੀ ਦਾ ਰਾਹ ਪੱਧਰਾ ਕਰੇਗਾ
ਨਵੀਂ ਦਿੱਲੀ : ਭਾਰਤ ਸਰਕਾਰ ਨੇ ਐਲਾਨ ਕੀਤਾ ਹੈ ਕਿ ਭਾਰਤੀ ਅਤੇ ਚੀਨ ਦੇ ਵਾਰਤਾਕਾਰ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ’ਤੇ ਟਕਰਾਅ ਵਾਲੀਆਂ ਬਾਕੀ ਥਾਵਾਂ ’ਤੇ ਗਸ਼ਤ ਕਰਨ ਲਈ ਇਕ ਸਮਝੌਤੇ ’ਤੇ ਸਹਿਮਤ ਹੋ ਗਏ ਹਨ। ਇਸ ਸਮਝੌਤੇ ਨੂੰ ਪੂਰਬੀ ਲੱਦਾਖ ’ਚ ਲਗਭਗ ਚਾਰ ਸਾਲ ਪੁਰਾਣੇ ਫੌਜੀ ਰੇੜਕੇ ਨੂੰ ਹੱਲ ਕਰਨ ਦੀ ਦਿਸ਼ਾ ’ਚ ਇਕ ਵੱਡੀ ਸਫਲਤਾ ਦੇ ਰੂਪ ’ਚ ਵੇਖਿਆ ਜਾ ਰਿਹਾ ਹੈ।
ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਸੰਕੇਤ ਦਿਤਾ ਕਿ ਇਹ ਸਮਝੌਤਾ ਵਿਵਾਦਿਤ ਬਿੰਦੂਆਂ ਤੋਂ ਫ਼ੌਜੀਆਂ ਦੀ ਵਾਪਸੀ ਦਾ ਰਾਹ ਪੱਧਰਾ ਕਰੇਗਾ, ਜਿਸ ਨਾਲ 2020 ਵਿਚ ਪੈਦਾ ਹੋਏ ਰੇੜਕੇ ਦਾ ਹੱਲ ਨਿਕਲੇਗਾ। ਇਹ ਸਮਝੌਤਾ ਦੇਪਸਾਂਗ ਅਤੇ ਡੇਮਚੋਕ ਖੇਤਰਾਂ ’ਚ ਗਸ਼ਤ ਨਾਲ ਸਬੰਧਤ ਮੰਨਿਆ ਜਾਂਦਾ ਹੈ।
ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਕਿ ਭਾਰਤੀ ਅਤੇ ਚੀਨੀ ਫ਼ੌਜੀ ਇਕ ਵਾਰੀ ਫਿਰ ਉਸੇ ਤਰ੍ਹਾਂ ਗਸ਼ਤ ਸ਼ੁਰੂ ਕਰ ਸਕਣਗੇ, ਜਿਸ ਤਰ੍ਹਾਂ ਉਹ ਸਰਹੱਦ ’ਤੇ ਟਕਰਾਅ ਸ਼ੁਰੂ ਹੋਣ ਤੋਂ ਪਹਿਲਾਂ ਕਰਦੇ ਸਨ ਅਤੇ ਚੀਨ ਨਾਲ ਫ਼ੌਜੀਆਂ ਦੀ ਵਾਪਸੀ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ। ਉਹ ‘ਐਨ.ਡੀ.ਟੀ.ਵੀ. ਵਿਸ਼ਵ ਸੰਮੇਲਨ’ ’ਚ ਬੋਲ ਰਹੇ ਸਨ। ਮੋਦੀ ਅਤੇ ਚਿਨਫਿੰਗ ਦੇ ਰੂਸ ਦੇ ਕਜ਼ਾਨ ਸ਼ਹਿਰ ’ਚ ਬਿ੍ਰਕਸ ਸ਼ਿਖਰ ਸੰਮੇਲਨ ਤੋਂ ਇਲਾਵਾ ਮੰਗਲਵਾਰ ਜਾਂ ਬੁਧਵਾਰ ਨੂੰ ਦੁਵੱਲੀ ਮੁਲਕਾਤ ਕਰਨ ਦੀ ਸੰਭਾਵਨ ਹੈ। ਮੰਨਿਆ ਜਾਂਦਾ ਹੈ ਕਿ ਇਹ ਸਮਝੌਤਾ ਦੇਪਸਾਂਗ ਅਤੇ ਡੇਮਚੋਕ ’ਚ ਗਸ਼ਤ ਦੀ ਸ਼ੁਰੂਆਤ ਕਰੇਗਾ, ਕਿਉਂਕਿ ਦੋਹਾਂ ਇਲਾਕਿਆਂ ’ਚ ਕਈ ਮੁੱਦਿਆਂ ਨੂੰ ਲੈ ਕੇ ਰੇੜਕਾ ਬਰਕਰਾਰ ਸੀ।
ਮਿਸਤਰੀ ਨੇ ਪੱਤਰਕਾਰ ਸੰਮੇਲਨ ’ਚ ਕਿਹਾ, ‘‘ਭਾਰਤ ਅਤੇ ਚੀਨ ਦੇ ਕੂਟਨੀਤਕ ਅਤੇ ਫੌਜੀ ਵਾਰਤਾਕਾਰ ਪਿਛਲੇ ਕਈ ਹਫਤਿਆਂ ਤੋਂ ਵੱਖ-ਵੱਖ ਮੰਚਾਂ ’ਤੇ ਇਕ-ਦੂਜੇ ਨਾਲ ਨੇੜਲੇ ਸੰਪਰਕ ’ਚ ਹਨ।’’ ਉਨ੍ਹਾਂ ਕਿਹਾ, ‘‘ਇਨ੍ਹਾਂ ਵਿਚਾਰ-ਵਟਾਂਦਰੇ ਦੇ ਨਤੀਜੇ ਵਜੋਂ, ਭਾਰਤ-ਚੀਨ ਸਰਹੱਦੀ ਖੇਤਰਾਂ ’ਚ ਅਸਲ ਕੰਟਰੋਲ ਰੇਖਾ ’ਤੇ ਗਸ਼ਤ ਦੇ ਪ੍ਰਬੰਧਾਂ ’ਤੇ ਸਹਿਮਤੀ ਬਣੀ ਹੈ, ਜਿਸ ਨਾਲ ਫ਼ੌਜੀਆਂ ਦੀ ਵਾਪਸੀ ਦੀ ਸਹੂਲਤ ਮਿਲੇਗੀ ਅਤੇ 2020 ’ਚ ਇਨ੍ਹਾਂ ਖੇਤਰਾਂ ’ਚ ਪੈਦਾ ਹੋਏ ਰੇੜਕੇ ਨੂੰ ਹੱਲ ਕੀਤਾ ਜਾ ਸਕੇਗਾ।’’ ਉਨ੍ਹਾਂ ਕਿਹਾ, ‘‘ਅਸੀਂ ਇਸ ਸਬੰਧ ’ਚ ਹੋਰ ਕਦਮ ਚੁੱਕਾਂਗੇ। ’’
ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਮੌਜੂਦਾ ਸਮਝੌਤਾ ਗਸ਼ਤ ਕਰਨ ਦੀਆਂ ਸ਼ਕਤੀਆਂ ਨੂੰ ਬਹਾਲ ਕਰਦਾ ਹੈ ਜਾਂ ਨਹੀਂ ਜੋ ਰੁਕਾਵਟ ਤੋਂ ਪਹਿਲਾਂ ਮੌਜੂਦ ਸਨ।
ਪੂਰਬੀ ਲੱਦਾਖ ’ਚ ਭਾਰਤ ਅਤੇ ਚੀਨ ਵਿਚਾਲੇ ਫੌਜੀ ਰੁਕਾਵਟ ਮਈ 2020 ਤੋਂ ਜਾਰੀ ਹੈ। ਦੋਹਾਂ ਦੇਸ਼ਾਂ ਵਿਚਾਲੇ ਸਰਹੱਦੀ ਵਿਵਾਦ ਅਜੇ ਪੂਰੀ ਤਰ੍ਹਾਂ ਸੁਲਝਿਆ ਨਹੀਂ ਹੈ। ਹਾਲਾਂਕਿ, ਉਹ ਟਕਰਾਅ ਵਾਲੀਆਂ ਕਈ ਥਾਵਾਂ ਤੋਂ ਪਿੱਛੇ ਹਟ ਗਏ ਹਨ।
ਜੂਨ 2020 ’ਚ ਗਲਵਾਨ ਘਾਟੀ ’ਚ ਹੋਈ ਭਿਆਨਕ ਝੜਪ ਤੋਂ ਬਾਅਦ ਭਾਰਤ ਅਤੇ ਚੀਨ ਦੇ ਰਿਸ਼ਤੇ ਨਵੇਂ ਹੇਠਲੇ ਪੱਧਰ ’ਤੇ ਪਹੁੰਚ ਗਏ ਸਨ। ਇਹ ਝੜਪ ਪਿਛਲੇ ਕੁੱਝ ਦਹਾਕਿਆਂ ਵਿਚ ਦੋਹਾਂ ਧਿਰਾਂ ਵਿਚਾਲੇ ਸੱਭ ਤੋਂ ਗੰਭੀਰ ਫੌਜੀ ਝੜਪ ਸੀ।
ਭਾਰਤ ਲਗਾਤਾਰ ਕਹਿੰਦਾ ਰਿਹਾ ਹੈ ਕਿ ਜਦੋਂ ਤਕ ਸਰਹੱਦੀ ਇਲਾਕਿਆਂ ’ਚ ਸ਼ਾਂਤੀ ਬਹਾਲ ਨਹੀਂ ਹੁੰਦੀ, ਉਦੋਂ ਤਕ ਚੀਨ ਨਾਲ ਉਸ ਦੇ ਸਬੰਧ ਆਮ ਨਹੀਂ ਹੋ ਸਕਦੇ। ਭਾਰਤ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ’ਤੇ ਦਬਾਅ ਪਾ ਰਿਹਾ ਹੈ ਕਿ ਉਹ ਦੇਪਸਾਂਗ ਅਤੇ ਡੇਮਚੋਕ ਤੋਂ ਅਪਣੇ ਫ਼ੌਜੀਆਂ ਨੂੰ ਵਾਪਸ ਬੁਲਾਵੇ। ਪਿਛਲੇ ਮਹੀਨੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਸੀ ਕਿ ਚੀਨ ਨਾਲ ਲਗਭਗ 75 ਫੀ ਸਦੀ ਪਿੱਛੇ ਹਟਣ ਦੀਆਂ ਸਮੱਸਿਆਵਾਂ ਹੱਲ ਹੋ ਗਈਆਂ ਹਨ ਪਰ ਵੱਡਾ ਮੁੱਦਾ ਸਰਹੱਦ ’ਤੇ ਵਧਦਾ ਫੌਜੀਕਰਨ ਹੈ।