
ਕੌਣ ਬਣੇਗਾ ਕਰੋੜਪਤੀ ਦੇ 12ਵੇਂ ਸੀਜ਼ਨ ਵਿਚ ਪ੍ਰੀਆ ਕੌਰ ਨੇ ਜਿੱਤੇ 25 ਲੱਖ ਰੁਪਏ
ਸ੍ਰੀਨਗਰ: ਮਸ਼ਹੂਰ ਰਿਐਲਿਟੀ ਸ਼ੋਅ ਕੌਣ ਬਣੇਗਾ ਕਰੋੜਪਤੀ ਦੇ 12ਵੇਂ ਸੀਜ਼ਨ ਵਿਚ ਕਸ਼ਮੀਰ ਦੀ ਰਹਿਣ ਵਾਲੀ ਸਿੱਖ ਲੜਕੀ ਪ੍ਰੀਆ ਕੌਰ ਨੇ 25 ਲੱਖ ਰੁਪਏ ਜਿੱਤ ਕੇ ਅਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਅਪਣੀ ਸ਼ਾਨਦਾਰ ਜਿੱਤ ਨਾਲ ਪ੍ਰੀਆ ਕਸ਼ਮੀਰ ਦੇ ਬੱਚਿਆਂ ਲਈ ਮਿਸਾਲ ਬਣ ਚੁੱਕੀ ਹੈ।
Priya Kaur
15 ਸਾਲਾ ਪ੍ਰੀਆ ਕੌਰ ਦਾ ਕਹਿਣਾ ਹੈ ਕਿ ਇਹ ਸਫਰ ਬਹੁਤ ਔਖਾ ਹੁੰਦਾ ਹੈ ਤੇ ਹੌਸ ਸੀਟ ਤੱਕ ਪਹੁੰਚਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਜੰਮੂ-ਕਸ਼ਮੀਰ ਦੇ ਸ੍ਰੀਨਗਰ ਦੀ ਰਹਿਣ ਵਾਲੀ ਪ੍ਰੀਆ ਕੌਰ ਨੇ ਦੱਸਿਆ ਕਿ ਉਹ 10ਵੀਂ ਜਮਾਤ ‘ਚ ਪੜ੍ਹਦੀ ਹੈ ਤੇ ਉਸ ਦਾ ਕੇਬੀਸੀ ਦਾ ਸਫਰ ਬਹੁਤ ਵਧੀਆ ਸੀ। ਉਸ ਨੇ ਕਿਹਾ ਕਿ ਉਹ ਹੌਸ ਸੀਟ ਤੱਕ ਪਹੁੰਚੀ, ਇਸ ਲਈ ਉਹ ਅਪਣੇ ਆਪ ਨੂੰ ਬਹੁਤ ਖੁਸ਼ਨਸੀਬ ਮੰਨਦੀ ਹੈ।
Priya Kaur
ਪ੍ਰੀਆ ਨੇ ਦੱਸਿਆ ਕਿ ਕੇਬੀਸੀ ਦੇ ਜਿੰਨੇ ਵੀ ਪੜਾਅ ਸੀ, ਉਹ ਉਸ ਨੇ ਅਸਾਨੀ ਨਾਲ ਕਲੀਅਰ ਕੀਤੇ ਪਰ ਆਖਰੀ ਰਾਊਂਡ ਬਹੁਤ ਮੁਸ਼ਕਿਲਾਂ ਭਰਿਆ ਹੁੰਦਾ ਹੈ। ਪ੍ਰੀਆ ਨੇ ਕਿਹਾ ਕਿ ਉਸ ਨੇ ਕਦੀ ਨਹੀਂ ਸੋਚਿਆ ਸੀ ਕਿ ਉਹ ਇਸ ਪਲੇਟਫਾਰਮ ‘ਤੇ ਪਹੁੰਚੇਗੀ ਤੇ ਉਸ ਦੀ ਅਮਿਤਾਭ ਬਚਨ ਨਾਲ ਮੁਲਾਕਾਤ ਹੋਵੇਗੀ।
Priya Kaur
ਪ੍ਰੀਆ ਨੇ ਦੱਸਿਆ ਕਿ ਉਹ ਆਈਏਐਸ ਅਫਸਰ ਬਣਨਾ ਚਾਹੁੰਦੀ ਹੈ ਤੇ ਸਮਾਜ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹੈ। ਪ੍ਰੀਆ ਨੇ ਦੱਸਿਆ ਕਿ ਉਸ ਨੂੰ ਫਿਲਹਾਲ ਪੈਸੇ ਨਹੀਂ ਮਿਲੇ, ਇਹ ਪੈਸੇ ਉਸ ਨੂੰ 18 ਸਾਲ ਦੀ ਉਮਰ ਵਿਚ ਮਿਲਣਗੇ। ਜਦੋਂ ਵੀ ਇਹ ਪੈਸੇ ਮਿਲਣਗੇ ਤਾਂ ਉਹ ਇਸ ਦਾ 10 ਫੀਸਦੀ ਦਾਨ ਕਰੇਗੀ ਕਿਉਂਕਿ ਸਿੱਖ ਧਰਮ ਵਿਚ ਦਸਵੰਧ ਕੱਢਣ ਦਾ ਸੰਦੇਸ਼ ਦਿੱਤਾ ਗਿਆ ਹੈ।