
ਮੁਕੇਸ਼ ਅੰਬਾਨੀ ਸਿਰ ਹੈ 2,87,505 ਕਰੋੜ ਰੁਪਏ ਦਾ ਕਰਜ਼ਾ
ਨਵੀਂ ਦਿੱਲੀ- ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਹਨ। ਦੇਸ਼ ਹੀ ਨਹੀਂ ਬਲਕਿ ਪੂਰੇ ਏਸ਼ੀਆ ਵਿਚੋਂ ਮੁਕੇਸ਼ ਅੰਬਾਨੀ ਜਿੰਨੀ ਦੌਲਤ ਕਿਸੇ ਹੋਰ ਕੋਲ ਨਹੀਂ, ਜੇਕਰ ਵਿਸ਼ਵ ਦੀ ਗੱਲ ਦੀ ਕਰੀਏ ਤਾਂ ਦੁਨੀਆਂ ਦੇ ਅਮੀਰਾਂ ਵਿਚ ਵੀ ਉਨ੍ਹਾਂ ਦਾ 13ਵਾਂ ਨੰਬਰ ਹੈ। ਉਨ੍ਹਾਂ ਦੀ ਲਗਜ਼ਰੀ ਲਾਈਫ਼ ਦੀ ਚਰਚਾ ਅਕਸਰ ਹੀ ਹੁੰਦੀ ਰਹਿੰਦੀ ਹੈ ਪਰ ਕੀ ਤੁਸੀਂ ਇਸ ਗੱਲ 'ਤੇ ਯਕੀਨ ਕਰ ਸਕਦੇ ਹੋ ਕਿ ਮੁਕੇਸ਼ ਅੰਬਾਨੀ ਭਾਰਤ ਦੇ ਸਭ ਤੋਂ ਵੱਡੇ ਕਰਜ਼ਦਾਰ ਹਨ। ਜੀ ਹਾਂ ਤੁਹਾਨੂੰ ਸ਼ਾਇਦ ਇਸ ਗੱਲ 'ਤੇ ਯਕੀਨ ਕਰਨਾ ਥੋੜ੍ਹਾ ਮੁਸ਼ਕਲ ਹੋਵੇਗਾ ਪਰ ਇਹ ਸੌ ਫ਼ੀਸਦੀ ਸੱਚ ਹੈ।
ਜਿਸ ਤਰ੍ਹਾਂ ਮੁਕੇਸ਼ ਅੰਬਾਨੀ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਹਨ। ਉਸੇ ਤਰ੍ਹਾਂ ਉਹ ਭਾਰਤ ਦੇ ਸਭ ਤੋਂ ਵੱਡੇ ਕਰਜ਼ਦਾਰ ਵੀ ਹਨ। ਬਲੂਮਬਰਗ ਦੀ ਰਿਪੋਰਟ ਵਿਚ ਇਸ ਗੱਲ ਦਾ ਖ਼ੁਲਾਸਾ ਕੀਤਾ ਗਿਆ ਹੈ, ਦਰਅਸਲ ਮੁਕੇਸ਼ ਅੰਬਾਨੀ ਦਾ ਅੰਪਾਇਰ ਇੰਨਾ ਜ਼ਿਆਦਾ ਫੈਲਿਆ ਹੋਇਆ ਹੈ ਕਿ ਕਰਜ਼ਾ ਲਏ ਬਿਨਾਂ ਉਹ ਆਪਣਾ ਵਪਾਰ ਨਹੀਂ ਕਰ ਸਕਦੇ। ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ 10 ਸਾਲਾਂ ਵਿਚ ਉਨ੍ਹਾਂ ਦਾ ਕਰਜ਼ਾ ਸਾਢੇ ਚਾਰ ਗੁਣਾ ਤਕ ਵਧ ਗਿਆ ਹੈ।
Mukesh Ambani
ਮੁਕੇਸ਼ ਅੰਬਾਨੀ 'ਤੇ ਜੇਕਰ ਸਾਲ ਦਰ ਸਾਲ ਦੇ ਹਿਸਾਬ ਨਾਲ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ 'ਤੇ ਵਧੇ ਕਰਜ਼ੇ ਦੀ ਗੱਲ ਕਰੀਏ ਤਾਂ ਵਿੱਤੀ ਸਾਲ 2010 ਵਿਚ ਰਿਲਾਇੰਸ 'ਤੇ 64606 ਕਰੋੜ ਰੁਪਏ ਦਾ ਕਰਜ਼ਾ ਸੀ ਪਰ ਉਸ ਤੋਂ ਅਗਲੇ ਸਾਲ ਇਹ 20 ਹਜ਼ਾਰ ਕਰੋੜ ਰੁਪਏ ਵਧ ਕੇ 84152 ਕਰੋੜ ਰੁਪਏ ਹੋ ਗਿਆ। ਅਗਲੇ ਸਾਲ ਕਰਜ਼ਾ ਘਟਣ ਦੀ ਬਜਾਏ ਫਿਰ 8 ਹਜ਼ਾਰ ਕਰੋੜ ਰੁਪਏ ਦੇ ਵਾਧੇ ਨਾਲ 92447 ਕਰੋੜ ਰੁਪਏ ਹੋ ਗਿਆ।
ਇਸੇ ਤਰ੍ਹਾਂ ਸਾਲ 2014 ਤੱਕ ਰਿਲਾਇੰਸ ਇੰਡਸਟਰੀਜ਼ ਦਾ ਕਰਜ਼ਾ 1 ਕਰੋੜ 38 ਲੱਖ 758 ਕਰੋੜ ਰੁਪਏ ਹੋ ਗਿਆ ਭਾਵ ਕਿ 2010 ਤੋਂ ਲੈ ਕੇ ਪੰਜ ਸਾਲਾਂ ਵਿਚ ਮੁਕੇਸ਼ ਅੰਬਾਨੀ ਦੇ ਕਰਜ਼ੇ ਵਿਚ ਦੁੱਗਣੇ ਤੋਂ ਜ਼ਿਆਦਾ ਵਾਧਾ ਹੋਇਆ ਪਰ ਸਾਲ 2018 ਤਕ ਇਹ ਕਰਜ਼ਾ ਸਾਢੇ ਚਾਰ ਗੁਣਾ ਵਧ ਕੇ 2 ਕਰੋੜ 87 ਲੱਖ 505 ਕਰੋੜ ਰੁਪਏ ਹੋ ਗਿਆ ਜਾਣਕਾਰੀ ਅਨੁਸਾਰ ਦੇਸ਼ ਵਿਚ ਕਿਸੇ ਵੀ ਕੰਪਨੀ 'ਤੇ ਇੰਨਾ ਕਰਜ਼ਾ ਨਹੀਂ ਹੈ, ਜਿੰਨਾ ਰਿਲਾਇੰਸ ਇੰਡਸਟਰੀਜ਼ 'ਤੇ ਹੈ। ਇਸ ਕਰਜ਼ੇ ਕਾਰਨ ਦੇਸ਼ ਵਿਚ ਨਵੀਆਂ ਇੰਡਸਟਰੀਆਂ ਸਥਾਪਿਤ ਹੋਈਆਂ ਹਨ। ਜਿਸ ਨਾਲ ਦੇਸ਼ ਵਿਚ ਰੁਜ਼ਗਾਰ ਪੈਦਾ ਹੋਇਆ।
Reliance Industries Limited
ਇਸ ਕਰਕੇ ਬੈਂਕ ਅਤੇ ਸਰਕਾਰ ਦੋਵੇਂ ਮੁਕੇਸ਼ ਅੰਬਾਨੀ ਦੀ ਕੰਪਨੀ 'ਤੇ ਭਰੋਸਾ ਕਰਦੇ ਹਨ। ਜੇਕਰ ਗੱਲ ਕਰੀਏ ਮੁਕੇਸ਼ ਅੰਬਾਨੀ ਦੀ ਕੁੱਲ ਦੌਲਤ ਦੀ ਤਾਂ ਮੌਜੂਦਾ ਸਮੇਂ ਰਿਲਾਇੰਸ ਇੰਡਸਟਰੀ ਨੂੰ ਛੱਡ ਕੇ ਮੁਕੇਸ਼ ਅੰਬਾਨੀ ਕੋਲ 55.3 ਬਿਲੀਅਨ ਡਾਲਰ ਭਾਵ ਕਿ 3 ਲੱਖ 83 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਹੈ। ਖ਼ਾਸ ਗੱਲ ਇਹ ਹੈ ਕਿ 2010 ਤੋਂ ਲੈ ਕੇ 2014 ਤਕ ਮੁਕੇਸ਼ ਅੰਬਾਨੀ ਦੀ ਜਾਇਦਾਦ ਵਿਚ ਕੁੱਝ ਗਿਰਾਵਟ ਦੇਖਣ ਨੂੰ ਮਿਲੀ ਸੀ ਪਰ 2015 ਤੋਂ 2019 ਤਕ ਅੰਬਾਨੀ ਦੀ ਜਾਇਦਾਦ ਵਿਚ ਬੇਤਹਾਸ਼ਾ ਵਾਧਾ ਦੇਖਣ ਨੂੰ ਮਿਲਿਆ ਅਤੇ ਇਸ ਸਮੇਂ ਦੌਰਾਨ ਕੇਂਦਰੀ ਸੱਤਾ 'ਤੇ ਮੋਦੀ ਸਰਕਾਰ ਹੈ। ਜਿਸ 'ਤੇ ਅਕਸਰ ਅੰਬਾਨੀ ਪਰਿਵਾਰ ਨੂੰ ਵੱਡਾ ਫ਼ਾਇਦਾ ਦੇਣ ਦੇ ਦੋਸ਼ ਲੱਗ ਰਹੇ ਹਨ।