
ਐਗਜ਼ਿਟ ਪੋਲ ਦੇ ਨਤੀਜਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਐਨਡੀਏ 2 ਬਨਾਉਣ ਦੀ ਤਿਆਰੀ ਵਿਚ ਜੁਟ ਗਏ ਹਨ।
ਨਵੀਂ ਦਿੱਲੀ: ਐਗਜ਼ਿਟ ਪੋਲ ਦੇ ਨਤੀਜਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਐਨਡੀਏ 2 ਬਨਾਉਣ ਦੀ ਤਿਆਰੀ ਵਿਚ ਜੁਟ ਗਏ ਹਨ। ਇਸ ਦੀ ਇਕ ਝਲਕ ਐਨਡੀਏ ਦੇ ਦਲਾਂ ਦੀ ਡਿਨਰ ਪਾਰਟੀ ਵਿਚ ਦੇਖਣ ਨੂੰ ਮਿਲੀ। ਦਿੱਲੀ ਦੇ ਅਸ਼ੋਕਾ ਹੋਟਲ ਵਿਚ ਐਨਡੀਏ ਦੇ ਸਹਿਯੋਗੀ ਦਲਾਂ ਦੇ ਆਗੂਆਂ ਦੀ ਹੋਈ ਬੈਠਕ ਵਿਚ ਇਕ ਪ੍ਰਸਤਾਵ ਰੱਖਿਆ ਗਿਆ।
Narendra Modi-Amit Shah
ਐਨਡੀਏ-2 ਲਈ ਤਿਆਰ ਕੀਤੇ ਗਏ ਇਸ ਪ੍ਰਸਤਾਵ ਨੂੰ ਤਿੰਨ ਅਹਿਮ ਮੁੱਦੇ ਰਾਸ਼ਟਰੀ ਸੁਰੱਖਿਆ, ਰਾਸ਼ਟਰਵਾਦ ਅਤੇ ਵਿਕਾਸ ਨੂੰ ਧਿਆਨ ਵਿਚ ਰੱਖਦੇ ਹੋਏ ਬਣਾਇਆ ਗਿਆ ਹੈ। ਬੈਠਕ ਤੋਂ ਬਾਅਦ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਦੱਸਿਆ ਕਿ ਮੰਗਲਵਾਰ ਨੂੰ ਐਨਡੀਏ ਦੇ ਡਿਨਰ ਵਿਚ 36 ਸਹਿਯੋਗੀ ਦਲ ਸ਼ਾਮਿਲ ਹੋਏ ਸੀ। ਤਿੰਨ ਸਹਿਯੋਗੀ ਦਲ ਇਸ ਵਿਚ ਸ਼ਾਮਿਲ ਨਹੀਂ ਸਨ ਪਰ ਉਹਨਾਂ ਨੇ ਲਿਖਤੀ ਵਿਚ ਸਮਰਥਨ ਦਿੱਤਾ ਹੈ।
Rajnath Singh
ਇਸ ਬੈਠਕ ਵਿਚ ਸਰਕਾਰ ਦੀਆਂ ਸਫਲ ਯੋਜਨਾਵਾਂ ਦੇ ਨਾਲ ਨਾਲ ਭਵਿੱਖ ਦੇ ਮੁੱਦਿਆਂ ‘ਤੇ ਵੀ ਚਰਚਾ ਕੀਤੀ ਗਈ। ਰਾਜਨਾਥ ਸਿੰਘ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਦੇ ਮਾਮਲੇ ਵਿਚ ਐਨਡੀਏ ਸਰਕਾਰ ਹਮੇਸ਼ਾਂ ਅੱਗੇ ਰਹੀ ਹੈ। ਐਨਡੀਏ ਦੇ ਨੁਮਾਇੰਦਿਆਂ ਦੇ ਪ੍ਰਸਤਾਵ ਵਿਚ ਉਜਵਲ ਯੋਜਨਾ, ਜਨਧਨ ਯੋਜਨਾ, ਅਯੁਸ਼ਮਾਨ ਯੋਜਨਾ ਸਮੇਤ 2022 ਤੱਕ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਸਬੰਧੀ ਅਤੇ ਹੋਰ ਭਲਾਈ ਸਕੀਮਾਂ ਨੂੰ ਵਿਚਾਰਿਆ ਗਿਆ।
Amit Shah host dinner,
ਇਸ ਬੈਠਕ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅਪਣੀ ਕੈਬਨਿਟ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦਾ ਧੰਨਵਾਦ ਕੀਤਾ। ਇਹ ਬੈਠਕ ਭਾਜਪਾ ਦੇ ਮੁੱਖ ਦਫਤਰ ਵਿਚ ਹੋਈ ਸੀ। ਇਸ ਬੈਠਕ ਵਿਚ ਪ੍ਰਧਾਨ ਮੰਤਰੀ ਤੋਂ ਇਲਾਵਾ ਭਾਜਪਾ ਪ੍ਰਧਾਨ ਅਮਿਤ ਸ਼ਾਹ ਸਮੇਤ ਹੋਰ ਮੰਤਰੀ ਵੀ ਸ਼ਾਮਿਲ ਹੋਏ। ਇਸ ਵਿਚ ਕੇਂਦਰੀ ਮੰਤਰੀ ਰਾਜਨਾਥ ਸਿੰਘ, ਨਿਤਿਨ ਗਡਕਰੀ, ਸਮ੍ਰਿਤੀ ਇਰਾਨੀ, ਪੀਊਸ਼ ਗੋਇਲ, ਹਰਸਿਮਰਤ ਕੌਰ ਬਾਦਲ ਸਮੇਤ ਹੋਰ ਕਈ ਮੰਤਰੀ ਸ਼ਾਮਿਲ ਸਨ। ਇਸ ਬੈਠਕ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਸ਼ਾਮਿਲ ਸਨ।