
ਯੋਗੀ ਨੇ ਓਮ ਪ੍ਰਕਾਸ਼ ਰਾਜਭਰ ਨੂੰ ਮੰਤਰੀ ਮੰਡਲ 'ਚੋਂ ਕੱਢਿਆ
ਨਵੀਂ ਦਿੱਲੀ- ਚੋਣਾਂ ਖ਼ਤਮ ਹੁੰਦਿਆਂ ਹੀ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਆਪਣੇ ਮੰਤਰੀ ਓਮ ਪ੍ਰਕਾਸ਼ ਰਾਜਭਰ ਨੂੰ ਮੰਤਰੀ ਮੰਡਲ ਤੋਂ ਬਰਖ਼ਾਸਤ ਕਰ ਦਿਤਾ ਹੈ। ਯੋਗੀ ਨੇ ਰਾਜਪਾਲ ਕੋਲ ਰਾਜਭਰ ਨੂੰ ਬਰਖ਼ਾਸਤ ਕਰਨ ਦੀ ਸਿਫਾਰਸ਼ ਕੀਤੀ ਸੀ। ਜਿਸ ਨੂੰ ਰਾਜਪਾਲ ਨੇ ਮਨਜ਼ੂਰ ਕਰ ਲਿਆ। ਓਮ ਪ੍ਰਕਾਸ਼ ਰਾਜਭਰ ਯੋਗੀ ਸਰਕਾਰ ਵਿਚ ਪਿਛੜਾ ਵਰਗ ਕਲਿਆਣ ਮੰਤਰੀ ਸਨ।
Om Prakash Rajbhar
ਹੋਰ ਤਾਂ ਹੋਰ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਾਰਟੀ ਦੇ ਨਿਗਮ ਅਤੇ ਕੌਂਸਲਾਂ ਦੇ ਚੇਅਰਮੈਨ ਅਤੇ ਮੈਂਬਰਾਂ ਨੂੰ ਵੀ ਤੁਰੰਤ ਪ੍ਰਭਾਵ ਨਾਲ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਹੈ। ਦਰਅਸਲ ਓਮ ਪ੍ਰਕਾਸ਼ ਰਾਜਭਰ 'ਤੇ ਇਹ ਕਾਰਵਾਈ ਇਸ ਕਰਕੇ ਹੋਈ ਹੈ ਕਿਉਂਕਿ ਉਹ ਅਕਸਰ ਯੋਗੀ ਸਰਕਾਰ ਦੀ ਆਲੋਚਨਾ ਕਰਦੇ ਰਹਿੰਦੇ ਸਨ। ਉਹ ਸਰਕਾਰ ਨੂੰ ਪਿਛੜਾ ਵਰਗ ਵਿਰੋਧੀ ਕਰਾਰ ਦਿੰਦੇ ਰਹੇ ਹਨ। ਵਿਵਾਦਤ ਬਿਆਨਾਂ ਦੀ ਵਜ੍ਹਾ ਕਰਕੇ ਉਹ ਯੋਗੀ ਸਰਕਾਰ ਲਈ ਮੁਸੀਬਤ ਬਣੇ ਹੋਏ ਸਨ ਫਿਰ ਚੋਣਾਂ ਦੌਰਾਨ ਉਨ੍ਹਾਂ ਭਾਜਪਾ ਨੇਤਾਵਾਂ ਨੂੰ ਲੈ ਕੇ ਇਕ ਅਜਿਹਾ ਬਿਆਨ ਦੇ ਦਿੱਤਾ।
ਜਿਸ ਨੇ ਉਨ੍ਹਾਂ ਵਿਰੁਧ ਇਸ ਕਾਰਵਾਈ ਦਾ ਰਾਹ ਸਾਫ਼ ਕਰ ਦਿੱਤਾ ਦਰਅਸਲ ਉਨ੍ਹਾਂ ਨੇ ਭਾਜਪਾ ਨੇਤਾਵਾਂ ਦੇ ਜੁੱਤੀਆਂ ਮਾਰਨ ਦੀ ਗੱਲ ਆਖ ਦਿੱਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਮੀਡੀਆ ਨੂੰ ਭਾਜਪਾ ਦਾ ਸੂਪੜਾ ਸਾਫ਼ ਹੋਣ ਦੀ ਅਤੇ ਸਪਾ-ਬਸਪਾ ਗਠਜੋੜ ਦੇ ਜਿੱਤਣ ਦਾ ਬਿਆਨ ਵੀ ਦਿੱਤਾ ਸੀ। ਇਸ ਪਹਿਲਾਂ ਵੀ ਉਹ ਯੋਗੀ ਸਰਕਾਰ ਵਿਰੁਧ ਅਜਿਹੀਆਂ ਬਿਆਨਬਾਜ਼ੀਆਂ ਕਰ ਚੁੱਕੇ ਹਨ। ਇਸ ਸਭ ਦੇ ਚਲਦਿਆਂ ਉਨ੍ਹਾਂ 'ਤੇ ਸਖ਼ਤ ਕਾਰਵਾਈ ਹੋਣੀ ਤੈਅ ਮੰਨੀ ਜਾ ਰਹੀ ਸੀ।