
ਜੰਮੂ-ਕਸ਼ਮੀਰ ਦੇ ਪੁਲਵਾਮਾ ’ਚ ਸੁਰੱਖਿਆ ਫ਼ੋਰਸਾਂ ਦਲ ’ਤੇ ਅਤਿਵਾਦੀਆਂ ਨੇ ਗੋਲੀਬਾਰੀ ਕਰ ਦਿਤੀ, ਜਿਸ ’ਚ ਇਕ ਪੁਲਿਸ ਕਰਮਚਾਰੀ
ਸ਼੍ਰੀਨਗਰ, 21 ਮਈ : ਜੰਮੂ-ਕਸ਼ਮੀਰ ਦੇ ਪੁਲਵਾਮਾ ’ਚ ਸੁਰੱਖਿਆ ਫ਼ੋਰਸਾਂ ਦਲ ’ਤੇ ਅਤਿਵਾਦੀਆਂ ਨੇ ਗੋਲੀਬਾਰੀ ਕਰ ਦਿਤੀ, ਜਿਸ ’ਚ ਇਕ ਪੁਲਿਸ ਕਰਮਚਾਰੀ ਸ਼ਹੀਦ ਅਤੇ ਇਕ ਹੋਰ ਪੁਲਿਸ ਕਰਮਚਾਰੀ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਦਸਿਆ ਕਿ ਘਟਨਾ ਵੀਰਵਾਰ ਦੁਪਹਿਰ ਬਾਅਦ ਪੇਰਚੂ ਪੁਲ ਕੋਲ ਹੋਈ, ਜਿਥੇ ਕੇਂਦਰੀ ਰਿਜ਼ਰਵ ਪੁਲਿਸ ਫ਼ੋਰਸ (ਸੀ.ਆਰ.ਪੀ.ਐੱਫ.) ਅਤੇ ਜੰਮੂ-ਕਸ਼ਮੀਰ ਪੁਲਿਸ ਦਾ ਇਕ ਸਾਂਝਾ ਗਸ਼ਤੀ ਦਲ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਯਕੀਨੀ ਕਰ ਰਿਹਾ ਸੀ। ਉਨ੍ਹਾਂ ਦਸਿਆ ਕਿ ਅਤਿਵਾਦੀਆਂ ਦੇ ਹਮਲੇ ’ਚ ਇੰਡੀਆ ਰਿਜ਼ਰਵ ਪੁਲਸ ਦੀ 10ਵੀਂ ਬਟਾਲੀਅਨ ਦੇ 3 ਕਰਮਚਾਰੀ ਅਨੁਜ ਸਿੰਘ ਅਤੇ ਮੁਹੰਮਦ ਇਬਰਾਹਿਮ ਜ਼ਖ਼ਮੀ ਹੋ ਗਏ।
File photo
ਅਧਿਕਾਰੀਆਂ ਨੇ ਦਸਿਆ ਕਿ ਅਨੁਜ ਸਿੰਘ ਨੇ ਬਾਅਦ ’ਚ ਦਮ ਤੋੜ ਦਿਤਾ ਜਦਕਿ ਇਬਰਾਹਿਮ ਇਕ ਹਸਪਤਾਲ ’ਚ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੇ ਹਨ। ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਸੁਰੱਖਿਆ ਫ਼ੋਰਸਾਂ ਨੇ ਖੇਤਰ ਦੀ ਘੇਰਾਬੰਦੀ ਕਰ ਦਿਤੀ ਹੈ ਅਤੇ ਹਮਲਾਵਰਾਂ ਦੀ ਤਲਾਸ਼ ’ਚ ਮੁਹਿੰਮ ਸ਼ੁਰੂ ਕਰ ਦਿਤੀ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸ਼੍ਰੀਨਗਰ ਦੇ ਬਾਹਰੀ ਖੇਤਰ ਸੂਰਾ ’ਚ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐਫ਼.) ਦੇ 2 ਕਰਮਚਾਰੀ ਅਤਿਵਾਦੀਆਂ ਦੇ ਹਮਲੇ ’ਚ ਸ਼ਹੀਦ ਹੋ ਗਏ ਸਨ। (ਏਜੰਸੀ)
ਕੁਪਵਾੜਾ ’ਚ ਲਸ਼ਕਰ-ਏ-ਤੋਇਬਾ ਦੇ ਤਿੰਨ ਅਤਿਵਾਦੀ ਗ੍ਰਿਫ਼ਤਾਰ
ਸ਼੍ਰੀਨਗਰ, 21 ਮਈ : ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ’ਚ ਲਸ਼ਕਰ-ਏ-ਤੋਇਬਾ ਦੇ ਤਿੰਨ ਅਤਿਵਾਦੀਆਂ ਨੂੰ ਹਥਿਆਰਾਂ ਅਤੇ ਗੋਲਾ ਬਾਰੂਦ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰਤ ਸੂਤਰਾਂ ਨੇ ਦਸਿਆ ਕਿ ਖ਼ੁਫ਼ੀਆ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਅਤੇ 28 ਰਾਸ਼ਟਰੀ ਰਾਈਫ਼ਲਜ਼ (ਆਰਆਰ) ਨੇ ਕੁਪਵਾੜਾ ਦੇ ਸੋਗਾਮ ਦੇ ਜੰਗਲਾਤ ਖੇਤਰ ’ਚ ਤਲਾਸ਼ ਅਤੇ ਘੇਰਾਬੰਦੀ ਮੁਹਿੰਮ ਸ਼ੁਰੂ ਕੀਤੀ ਸੀ। ਉਨ੍ਹਾਂ ਦਸਿਆ ਕਿ ਮੁਹਿੰਮ ਦੌਰਾਨ ਲਸ਼ਕਰ-ਏ-ਤੋਇਬਾ ਦੇ ਤਿੰਨ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜੋ ਹਾਲ ਹੀ ’ਚ ਅਤਿਵਾਦੀ ਸੰਗਠਨ ’ਚ ਭਰਤੀ ਹੋਏ ਹਨ। ਅਤਿਵਾਦੀਆਂ ਕੋਲੋਂ ਵਿਸਫ਼ੋਟਕ, ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਹੋਏ ਹਨ। ਸੂਤਰਾਂ ਨੇ ਦਸਿਆ ਕਿ ਤਿੰਨੇ ਅਤਿਵਾਦੀਆਂ ਵਿਰੁਧ ਮਾਮਲੇ ਦਰਜ ਕਰ ਲਏ ਗਏ ਹਨ। (ਏਜੰਸੀ)