
ਕਿਹਾ ਮੇਰਾ ਬੇਟਾ ਤਾਂ ਚਲਾ ਗਿਆ ਪਰ ਕਿਸੇ ਹੋਰ ਦਾ ਬੇਟਾ ਨਾ ਜਾਵੇ
ਨਵੀਂ ਦਿੱਲੀ: ਪੰਜਾਬ ਦੇ ਜ਼ਿਲ੍ਹਾ ਮੋਗਾ ਵਿਖੇ ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ਼ ਮਿਗ-21 ਹਾਦਸਾਗ੍ਰਸਤ ਹੋਣ ਕਾਰਨ ਜਾਨ ਗਵਾਉਣ ਵਾਲੇ ਪਾਇਲਟ ਅਭਿਨਵ ਚੌਧਰੀ ਦੇ ਪਿਤਾ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਮਿਗ-21 ਜਹਾਜ਼ਾਂ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ।
Abhinav Chaudhary
ਉਹਨਾਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਮੇਰਾ ਬੇਟਾ ਤਾਂ ਚਲਾ ਗਿਆ ਪਰ ਕਿਸੇ ਹੋਰ ਦਾ ਬੇਟਾ ਨਾ ਜਾਵੇ, ਇਸ ਲਈ ਸਰਕਾਰ ਨੂੰ ਇਹਨਾਂ ਨੂੰ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ। ਇਸ ਕਾਰਨ ਕਈ ਜਵਾਨ ਅਪਣੀ ਜਾਨ ਗਵਾ ਚੁੱਕੇ ਹਨ। ਅਭਿਨਵ ਚੌਧਰੀ ਦੀ ਮ੍ਰਿਤਕ ਦੇਹ ਅੱਜ ਉਹਨਾਂ ਦੇ ਜੱਦੀ ਪਿੰਡ ਪਹੁੰਚੀ।
Abhinav Chaudhary
ਇਸ ਮੌਕੇ ਭਾਰੀ ਗਿਣਤੀ ਵਿਚ ਲੋਕ ਇਕੱਠੇ ਹੋਏ ਅਤੇ ਉਹਨਾਂ ਨੇ ਸ਼ਹੀਦ ਪਾਇਲਟ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪਿੰਡ ਵਾਸੀਆਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਦੱਸ ਦਈਏ ਕਿ ਅਭਿਨਵ ਚੌਧਰੀ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਪਿੰਡ ਪੁਸਰ ਦਾ ਰਹਿਣ ਵਾਲਾ ਸੀ। ਉਸ ਦੇ ਪਿਤਾ ਸਤੇਂਦਰ ਚੌਧਰੀ ਇੱਕ ਕਿਸਾਨ ਹਨ।
MiG-21 aircraft of IAF crashes in Moga
ਅਭਿਨਵ ਦਾ ਵਿਆਹ 17 ਮਹੀਨੇ ਪਹਿਲਾਂ ਹੋਇਆ ਸੀ। ਉਸ ਸਮੇਂ ਉਹਨਾਂ ਦੇ ਵਿਆਹ ਦੇ ਕਾਫੀ ਚਰਚੇ ਹੋਏ ਸਨ। ਦਰਅਸਲ ਅਭਿਨਵ ਨੇ ਅਪਣੇ ਸਹੁਰਿਆਂ ਵੱਲੋਂ ਦਿੱਤੇ ਗਏ ਨਕਦ ਪੈਸੇ ਵਾਪਸ ਕਰਕੇ ਸ਼ਗਨ ਵਿਚ ਸਿਰਫ ਇੱਕ ਰੁਪਿਆ ਲਿਆ ਸੀ। ਅਭਿਨਵ ਦਾ ਮੰਨਣਾ ਸੀ ਕਿ ਵਿਆਹ ਵਿਚ ਦਾਜ ਦੀ ਕੋਈ ਭੂਮਿਕਾ ਨਹੀਂ ਹੋਣੀ ਚਾਹੀਦੀ। ਇਸ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।