
ਦੁਪਹਿਰ 2:43 ਵਜੇ ਸ੍ਰੀਹਰਿਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਹੋਇਆ
ਸ੍ਰੀ ਹਰਿ ਕੋਟਾ : ਚੰਦਰਯਾਨ-2 ਅੱਜ ਦੁਪਹਿਰ 2:43 ਵਜੇ ਸ੍ਰੀਹਰਿਕੋਟਾ ਤੋਂ ਲਾਂਚ ਹੋ ਗਿਆ। ਲਾਂਚਿੰਗ ਤੋਂ ਬਾਅਦ ਰਾਕੇਟ ਦੀ ਗਤੀ ਅਤੇ ਹਾਲਤ ਬਿਲਕੁਲ ਠੀਕ ਹੈ। ਇਸ ਤੋਂ ਪਹਿਲਾਂ ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਇਸਰੋ) ਨੇ ਸਨਿਚਰਵਾਰ ਨੂੰ ਚੰਦਰਯਾਨ-2 ਦੀ ਲਾਂਚਿੰਗ ਰਿਹਰਸਲ ਪੂਰੀ ਕੀਤੀ ਸੀ। ਚੰਦਰਯਾਨ-2 ਨੂੰ ਲਿਜਾ ਰਹੇ ਰਾਕੇਟ ਜੀ.ਐਸ.ਐਲ. ਵੀ. ਮਾਰਕ-3 ਦੀ ਲੰਮਾਈ 44 ਮੀਟਰ ਅਤੇ ਵਜ਼ਨ 640 ਟਨ ਹੈ। ਇਸ ਤੋਂ ਪਹਿਲਾਂ ਚੰਦਰਯਾਨ-2 ਦੀ ਲਾਂਚਿੰਗ 15 ਜੁਲਾਈ ਨੂੰ ਕੀਤੀ ਜਾਣੀ ਸੀ ਪਰ ਤਕਨੀਕੀ ਖਰਾਬੀ ਕਰ ਕੇ ਇਸ ਨੂੰ ਲਾਂਚਿੰਗ ਤੋਂ ਕੁਝ ਸਮਾਂ ਪਹਿਲਾਂ ਹੀ ਰੋਕ ਦਿੱਤਾ ਗਿਆ ਸੀ।
Chandrayaan-2
ਇਸ ਮਗਰੋਂ ਵਿਗਿਆਨੀਆਂ ਨੇ ਜੀ.ਐਸ.ਐਲ. ਵੀ. ਮਾਰਕ-3 ਰਾਕੇਟ 'ਚ ਹੋਈ ਤਕਨੀਕੀ ਖ਼ਰਾਬੀ ਨੂੰ ਠੀਕ ਕਰ ਲਿਆ ਸੀ। ਇਸਰੋ ਨੇ ਟਵੀਟ ਕਰ ਕੇ ਦੱਸਿਆ ਸੀ ਕਿ ਬਾਹੁਬਲੀ ਕਿਹਾ ਜਾਣ ਵਾਲਾ ਜੀ.ਐਸ.ਐਲ. ਵੀ. ਮਾਰਕ-3 ਹੁਣ ਅਰਬਾਂ ਲੋਕਾਂ ਦੇ ਸੁਪਨੇ ਨੂੰ 'ਚੰਦਰਯਾਨ-2' ਦੇ ਰੂਪ ਵਿਚ ਚੰਦਰਮਾ 'ਤੇ ਜਾਣ ਲਈ ਤਿਆਰ ਹੈ। ਧਰਤੀ ਅਤੇ ਚੰਦਰਮਾ ਵਿਚਾਲੇ ਦੂਰੀ ਲਗਭਗ 3 ਲੱਖ 84 ਹਜ਼ਾਰ ਕਿਲੋਮੀਟਰ ਹੈ। ਉੱਥੋਂ ਚੰਦਰਮਾ ਲਈ ਲੰਮੀ ਯਾਤਰਾ ਸ਼ੁਰੂ ਹੋਵੇਗੀ। ਜੀ.ਐਸ.ਐਲ. ਵੀ. ਮਾਰਕ-3 ਨੂੰ ਜਿਓਸਿੰਕ੍ਰੋਨਸ ਟਰਾਂਸਫਰ ਆਰਬਿਟ 'ਚ 4 ਟਨ ਸ਼੍ਰੇਣੀ ਦੇ ਸੈਟੇਲਾਈਟ ਨੂੰ ਲੈ ਕੇ ਜਾਣ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸਰੋ ਨੇ ਕਿਹਾ ਕਿ ਚੰਦਰਯਾਨ-2 ਨੂੰ ਚੰਦਰਮਾ 'ਤੇ ਉਤਰਨ ਵਿਚ 54 ਦਿਨ ਲੱਗਣਗੇ। ਉਮੀਦ ਹੈ ਕਿ 6 ਜਾਂ 7 ਸਤੰਬਰ ਨੂੰ ਚੰਦਰਯਾਨ-2 ਚੰਨ ਦੀ ਪਰਤ 'ਤੇ ਉਤਰੇਗਾ।
Chandrayaan-2
ਲਾਂਚਿੰਗ ਤੋਂ ਬਾਅਦ ਚੰਦਰਯਾਨ ਧਰਤੀ ਦੇ ਪੰਧ 'ਚ ਪਹੁੰਚ ਗਿਆ ਹੈ। 16 ਦਿਨ ਤਕ ਇਹ ਧਰਤੀ ਦੀ ਪਰਿਕ੍ਰਮਾ ਕਰਦੇ ਹੋਏ ਚੰਦਰਮਾ ਵੱਲ ਵਧੇਗਾ। ਇਸ ਦੌਰਾਨ ਚੰਦਰਯਾਨ ਦੀ ਵੱਧ ਤੋਂ ਵੱਧ ਰਫ਼ਤਾਰ 10 ਕਿਲੋਮੀਟਰ ਪ੍ਰਤੀ ਸੈਕਿੰਡ ਅਤੇ ਘੱਟ ਤੋਂ ਘੱਟ ਰਫ਼ਤਾਰ 3 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਚੰਦਰਮਾ ਦੇ ਪੰਧ 'ਚ ਪਹੁੰਚਣ ਤੋਂ ਬਾਅਦ ਚੰਦਰਯਾਨ ਚੰਨ ਦੇ ਚਾਰੇ ਪਾਸੇ ਅਤੇ ਗੋਲ-ਗੋਲ ਚੱਕਰ ਲਾਉਂਦੇ ਹੋਏ ਉਸ ਦੀ ਸਤ੍ਹਾ ਵੱਲ ਵਧੇਗਾ। ਚੰਨ ਦੇ ਪੰਧ ਵਿਚ 27 ਦਿਨਾਂ ਤਕ ਚੱਕਰ ਲਾਉਂਦੇ ਹੋਏ ਚੰਦਰਯਾਨ ਉਸ ਦੀ ਸਤ੍ਹਾ ਦੇ ਨੇੜੇ ਪਹੁੰਚੇਗਾ। ਇਸ ਦੌਰਾਨ ਉਸ ਦੀ ਵੱਧ ਤੋਂ ਵੱਧ ਰਫ਼ਤਾਰ 10 ਕਿਲੋਮੀਟਰ ਪ੍ਰਤੀ ਸੈਕਿੰਡ ਅਤੇ ਘੱਟ ਤੋਂ ਘੱਟ ਰਫ਼ਤਾਰ 1 ਕਿਲੋਮੀਟਰ ਸੈਕਿੰਡ ਰਹੇਗਾ। ਇਸ ਤਰ੍ਹਾਂ ਚੰਨ ਦੀ ਸਤ੍ਹਾ ਦੇ ਨੇੜੇ ਪਹੁੰਚਣ ਤੋਂ ਬਾਅਦ ਚੰਦਰਯਾਨ ਚੰਨ ਦੇ ਦਖਣੀ ਧਰੂਵ ਦੀ ਸਤ੍ਹਾ 'ਤੇ ਉਤਰੇਗਾ ਪਰ ਇਸ ਪ੍ਰਕਿਰਿਆ 'ਚ 4 ਦਿਨ ਲੱਗਣਗੇ।
Chandrayaan-2
ਚੰਨ ਦੀ ਸਤ੍ਹਾ ਦੇ ਨੇੜੇ ਪਹੁੰਚਣ 'ਤੇ ਲੈਂਡਰ ਆਪਣੀ ਪੰਧ ਬਦਲੇਗਾ। ਫਿਰ ਉਹ ਸਤ੍ਹਾ ਦੀ ਉਸ ਥਾਂ ਨੂੰ ਸਕੈਨ ਕਰੇਗਾ, ਜਿੱਥੇ ਉਤਰਨਾ ਹੈ। ਲੈਂਡਰ ਆਰਬਿਟਰ ਤੋਂ ਵੱਖ ਹੋ ਜਾਵੇਗਾ ਅਤੇ ਆਖਰ 'ਚ ਚੰਦਰਮਾ ਦੀ ਸਤ੍ਹਾ 'ਤੇ ਉਤਰ ਜਾਵੇਗਾ। ਚੰਨ ਦਾ ਲੈਂਡਰ ਵਿਕਰਮ ਅਤੇ ਰੋਵਰ ਪ੍ਰਗਿਆਨ ਦਖਣੀ ਧਰੁੱਵ 'ਤੇ ਉਤਰਨਗੇ। ਉੱਥੇ ਹੀ ਆਰਬਿਟ ਚੰਨ ਦੇ ਚਾਰੇ ਪਾਸੇ ਚੱਕਰ ਲਗਾਉਂਦੇ ਹੋਏ ਲੈਂਡਰ ਅਤੇ ਰੋਵਰ ਤੋਂ ਮਿਲੇ ਡਾਟਾ ਨੂੰ ਧਰਤੀ 'ਤੇ ਸਥਿਤ ਇਸਰੋ ਕੇਂਦਰ ਨੂੰ ਭੇਜੇਗਾ। ਇਸ ਪ੍ਰਾਜੈਕਟ ਦੀ ਲਾਗਤ 1000 ਕਰੋੜ ਰੁਪਏ ਹੈ। ਜੇ ਮਿਸ਼ਨ ਸਫ਼ਲ ਹੋਇਆ ਤਾਂ ਅਮਰੀਕਾ, ਰੂਸ, ਚੀਨ ਤੋਂ ਬਾਅਦ ਭਾਰਤ ਚੰਨ 'ਤੇ ਰੋਵਰ ਉਤਾਰਨ ਵਾਲਾ ਚੌਥਾ ਦੇਸ਼ ਹੋਵੇਗਾ।
Chandrayaan-2
ਜ਼ਿਆਦਾਰਤ ਚੰਦਰਯਾਨਾਂ ਦੀ ਲੈਂਡਿੰਗ ਉੱਤਰੀ ਧਰੁੱਵ ਜਾਂ ਭੂਮੱਧ ਰੇਖਾ ਖੇਤਰ 'ਚ ਹੋਈ ਹੈ। ਭਾਰਤੀ ਚੰਦਰਯਾਨ-2 ਦੀ ਲੈਂਡਿੰਗ ਦਖਣੀ ਧਰੁੱਵ ਦੇ ਨੇੜੇ ਹੋਵੇਗੀ। ਚੰਨ ਦਾ ਇਹ ਹਿੱਸਾ ਵਿਗਿਆਨੀਆਂ ਲਈ ਅਣਜਾਣ ਬਣਿਆ ਹੋਇਆ ਹੈ। ਬਾਕੀ ਹਿੱਸੇ ਦੇ ਮੁਕਾਬਲੇ ਓਹਲਾ ਰਹਿਣ ਕਰ ਕੇ ਇਸ ਖੇਤਰ ਵਿਚ ਬਰਫ਼ ਕਰ ਕੇ ਪਾਣੀ ਹੋਣ ਦੀ ਸੰਭਾਵਨਾ ਜ਼ਿਆਦਾ ਹੈ। ਇਹ ਪਹਿਲੀ ਵਾਰ ਹੈ ਕਿ ਭਾਰਤ ਕਿਸੇ ਗ੍ਰਹਿ ਤੇ ਸੋਫਟ ਲੈਂਡਿੰਗ ਕਰਵਾਏਗਾ। ਵਿਗਿਆਨੀਆਂ ਨੂੰ ਉਮੀਦ ਹੈ ਕਿ ਇਸ ਹਿੱਸੇ ਵਿਚ ਭਵਿੱਖ ਵਿੱਚ ਬੇਸ ਕੈਂਪ ਬਣਾਏ ਜਾ ਸਕਣਗੇ। ਇਸ ਕਰ ਕੇ ਚੰਦਰ ਯਾਨ ਦਾ ਮਹੱਤਵ ਸਾਰੀ ਦੁਨੀਆ ਲਈ ਵੱਧ ਜਾਂਦਾ ਹੈ।
Chandrayaan-2
ਇਸ ਤੋਂ ਪਹਿਲਾਂ ਭਾਰਤ ਨੇ ਚੰਦਰਯਾਨ-1 ਦੌਰਾਨ ਚੰਦ ਤੇ ਮੂਨ ਇੰਪੈਕਟ ਪ੍ਰੋਬ (ਐਮ.ਆਈ.ਪੀ.) ਉਤਾਰਿਆ ਸੀ ਪਰ ਉਸ ਨੂੰ ਉਤਾਰਨ ਲਈ ਨਿਯੰਤਰਿਤ ਹਾਲਤਾਂ 'ਚ ਚੰਦ 'ਤੇ ਕਰੈਸ਼ ਕਰਵਾਇਆ ਗਿਆ ਸੀ। ਇਸ ਵਾਰ ਵਿਕਰਮ (ਲੈਂਡਰ) ਤੇ ਉਸ 'ਚ ਮੌਜੂਦ ਛੇ ਟਾਇਰਾਂ ਵਾਲੇ ਰੋਵਰ ਨੂੰ ਚੰਦ 'ਤੇ ਉਤਾਰੇਗਾ। ਜ਼ਿਕਰਯੋਗ ਹੈ ਕਿ ਚੰਨ ਦੇ ਦਖਣੀ ਧਰੁਵ 'ਤੇ ਸੂਰਜ ਦੀਆਂ ਕਿਰਨਾਂ ਜ਼ਿਆਦਾ ਪੈਂਦੀਆਂ ਹਨ। ਚੰਨ 'ਤੇ ਤਾਪਮਾਨ ਵਧਦਾ-ਘਟਦਾ ਰਹਿੰਦਾ ਹੈ, ਪਰ ਦਖਣੀ ਧਰੁਵ 'ਤੇ ਤਾਪਮਾਨ ਵਿਚ ਜ਼ਿਆਦਾ ਬਦਲਾਅ ਨਹੀਂ ਹੁੰਦਾ। ਇਹ ਹੀ ਕਾਰਨ ਹੈ ਕਿ ਇੱਥੇ ਪਾਣੀ ਮਿਲਣ ਦੀ ਸੰਭਾਵਨਾ ਸਭ ਤੋਂ ਜ਼ਿਆਦਾ ਹੈ। ਚੰਦਰਯਾਨ-2 ਦਾ ਟੀਚਾ ਚੰਦ ਦੀ ਧਰਤੀ ਤੇ ਮੌਜੂਦ ਤੱਥਾਂ ਦਾ ਪਤਾ ਲਾਉਣਾ ਹੈ ਕਿ ਉਸ ਦੀਆਂ ਚਟਾਨਾਂ ਤੇ ਮਿੱਟੀ ਕਿਸ ਚੀਜ਼ ਦੇ ਬਣੇ ਹਨ। ਚੰਦਰਯਾਨ ਚੰਦ ਦੀ 3ਡੀ ਤਸਵੀਰਾਂ ਵੀ ਲਏਗਾ।
Chandrayaan-2
3,850 ਕਿਲੋਗ੍ਰਾਮ ਹੈ ਵਜ਼ਨ :
3,850 ਕਿਲੋਗ੍ਰਾਮ ਵਜ਼ਨੀ ਇਸ ਪੁਲਾੜ ਯਾਨ ਨੇ ਆਰਬਿਟ, ਲੈਂਡਰ ਅਤੇ ਰੋਵਰ ਨਾਲ ਉਡਾਣ ਭਰੀ। ਚੰਦਰਯਾਨ-1 ਨੇ ਚੰਨ ਦੀ ਸਤ੍ਹਾ 'ਤੇ ਪਾਣੀ ਦੀ ਖੋਜ ਕੀਤੀ ਸੀ, ਜੋ ਵੱਡੀ ਉਪਲੱਬਧੀ ਸੀ। ਇਹੀ ਕਾਰਨ ਹੈ ਕਿ ਭਾਰਤ ਨੇ ਦੂਜੇ ਮੂਨ ਮਿਸ਼ਨ ਦੀ ਤਿਆਰੀ ਕੀਤੀ ਹੈ। ਚੰਦਰਯਾਨ-2 ਚੰਦ ਦੇ ਦਖਣੀ ਧਰੁਵ 'ਤੇ ਉਤਰੇਗਾ, ਜਿੱਥੇ ਉਮੀਦ ਹੈ ਕਿ ਪਾਣੀ ਦੀ ਮੌਜੂਦਗੀ ਹੋ ਸਕਦੀ ਹੈ।