
ਕਾਂਗਰਸ ਦੇ ਦੋਸ਼ ਸਹੀ ਸਾਬਤ ਹੋਏ, ਸਰਕਾਰ ਲਈ ਖੜੀ ਹੋ ਸਕਦੀ ਹੈ ਮੁਸ਼ਕਲ..........
ਨਵੀਂ ਦਿੱਲੀ : ਰਾਫ਼ੇਲ ਜਹਾਜ਼ ਸੌਦੇ ਬਾਰੇ ਫ਼ਰਾਂਸ ਦੇ ਸਾਬਕਾ ਰਾਸ਼ਟਰਪਤੀ ਨੇ ਵੱਡਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਰਿਲਾਇੰਸ ਕੰਪਨੀ ਦੇ ਨਾਮ ਦੀ ਤਜਵੀਜ਼ ਭਾਰਤ ਸਰਕਾਰ ਨੇ ਪੇਸ਼ ਕੀਤੀ ਸੀ। ਇਹੋ ਦੋਸ਼ ਨਰਿੰਦਰ ਮੋਦੀ ਸਰਕਾਰ ਵਿਰੁਧ ਮੁੱਖ ਵਿਰੋਧੀ ਧਿਰ ਕਾਂਗਰਸ ਲਗਾ ਰਹੀ ਹੈ ਜਿਸ ਨੂੰ ਭਾਜਪਾ ਝੂਠ ਕਰਾਰ ਦਿੰਦੀ ਹੈ। ਰਾਫ਼ੇਲ ਜਹਾਜ਼ਾਂ ਦੀ ਖ਼ਰੀਦ ਦਾ ਠੇਕਾ ਰਿਲਾਇੰਸ ਨੂੰ ਦਿਵਾਉਣ ਅਤੇ ਹਿਤਾਂ ਦੇ ਟਕਰਾਅ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਮੋਦੀ ਸਰਕਾਰ ਲਈ ਵੱਡੀ ਮੁਸ਼ਕਲ ਖੜੀ ਹੋ ਸਕਦੀ ਹੈ।
ਸਾਬਕਾ ਰਾਸ਼ਟਰਪਤੀ ਫ਼ਰਾਂਸਵਾ ਓਲਾਂਦ ਨੇ ਕਿਹਾ ਕਿ ਭਾਰਤ ਸਰਕਾਰ ਨੇ ਹੀ ਰਿਲਾਇੰਸ ਦੇ ਨਾਮ ਦਾ ਪ੍ਰਸਤਾਵ ਰਖਿਆ ਸੀ ਅਤੇ ਉਨ੍ਹਾਂ ਨੂੰ ਕੋਈ ਦੂਜਾ ਬਦਲ ਨਹੀਂ ਦਿਤਾ ਗਿਆ ਸੀ। ਓਲਾਂਦ ਦੇ ਇਸ ਬਿਆਨ ਦਾ ਭਾਰਤ ਸਰਕਾਰ ਨੇ ਤੁਰਤ ਜਵਾਬ ਦਿਤਾ ਹੈ। ਰਖਿਆ ਮੰਤਰਾਲੇ ਵਲੋਂ ਕਿਹਾ ਗਿਆ ਹੈ ਕਿ ਓਲਾਂਦ ਦੇ ਬਿਆਨ ਦੀ ਘੋਖ ਕੀਤੀ ਜਾ ਰਹੀ ਹੈ ਅਤੇ ਇਹ ਵੀ ਕਿਹਾ ਗਿਆ ਹੈ ਕਿ ਕਾਰੋਬਾਰੀ ਸੌਦੇ ਵਿਚ ਸਰਕਾਰ ਦਾ ਕੋਈ ਰੋਲ ਨਹੀਂ ਸੀ।
ਜ਼ਿਕਰਯੋਗ ਹੈ ਕਿ ਹਿੰਦੁਸਤਾਨ ਏਅਰੋਨਾਟਿਕਸ ਲਿਮਟਡ (ਐਚਏਐਲ) ਦੇ ਸਾਬਕਾ ਮੁਖੀ ਟੀ ਐਸ ਰਾਜੂ ਦਾ ਕੁੱਝ ਦਿਨ ਪਹਿਲਾਂ ਬਿਆਨ ਆਇਆ ਸੀ ਕਿ ਐਚਏਐਲ ਅਤੇ ਦਸਾਲਟ ਵਿਚਾਲੇ ਵਰਕਸ਼ੇਅਰ ਸਮਝੌਤਾ ਪੂਰਾ ਹੋ ਗਿਆ ਸੀ ਅਤੇ ਇਸ ਦੀਆਂ ਫ਼ਾਈਲਾਂ ਸਰਕਾਰ ਨੂੰ ਸੌਂਪ ਦਿਤੀਆਂ ਗਈਆਂ ਸਨ। ਉਨ੍ਹਾਂ ਇਹ ਵੀ ਕਿਹਾ ਸੀ ਕਿ ਜੇ ਸਰਕਾਰੀ ਅਦਾਰੇ ਐਚਏਐਲ ਨੂੰ ਠੇਕਾ ਮਿਲਦਾ ਤਾਂ ਰਾਫ਼ੇਲ ਜਹਾਜ਼ਾਂ ਦਾ ਨਿਰਮਾਣ ਇਹ ਕੰਪਨੀ ਕਰਦੀ ਕਿਉਂਕਿ ਉਸ ਕੋਲ ਸੁਖੋਈ 30 ਦੇ ਨਿਰਮਾਣ ਅਤੇ ਮਿਰਾਜ ਜਹਾਜ਼ ਦੀ ਸੰਭਾਲ ਦਾ ਲੰਮਾ ਤਜਰਬਾ ਹੈ।
ਕਾਂਗਰਸ ਨੇ ਰਾਜੂ ਦੇ ਬਿਆਨ ਬਾਰੇ ਕਿਹਾ, 'ਸ੍ਰੀਮਾਨ 56 ਵਿਚ ਜੇ ਹਿੰਮਤ ਹੈ ਤਾਂ ਉਹ ਸਮਝੌਤੇ ਨਾਲ ਜੁੜੀਆਂ ਸਾਰੀਆਂ ਫ਼ਾਈਲਾਂ ਜਨਤਕ ਕਰੇ।' ਮਨੀਸ਼ ਤਿਵਾੜੀ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਦੇ ਬਿਆਨ ਨਾਲ ਬਿੱਲੀ ਥੈਲਿਉਂ ਬਾਹਰ ਆ ਗਈ ਹੈ। ਉਨ੍ਹਾਂ ਹਕੀਕਤ ਬਿਆਨ ਦਿਤੀ ਹੈ ਜਿਸ ਨੂੰ ਕਾਂਗਰਸ ਪਹਿਲਾਂ ਹੀ ਬਿਆਨਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਰਾਫ਼ੇਲ ਮਾਮਲੇ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਤੇ ਰਖਿਆ ਮੰਤਰੀ ਹੁਣ ਤਕ ਲੋਕਾਂ ਨੂੰ ਗੁਮਰਾਹ ਕਰਦੇ ਆ ਰਹੇ ਹਨ। ਕਾਂਗਰਸ ਦਾ ਦੋਸ਼ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਸੌਦੇ ਨੂੰ ਬਦਲਵਾਇਆ ਜਿਸ ਕਾਰਨ ਐਚਏਐਲ ਤੋਂ ਠੇਕਾ ਲੈ ਕੇ ਨਿਜੀ ਸਮੂਹ ਦੀ ਕੰਪਨੀ ਨੂੰ ਦੇ ਦਿਤਾ ਗਿਆ। (ਏਜੰਸੀ)