
ਸੀਬੀਆਈ ਨੇ ਅਪਣੇ ਹੀ ਵਿਸ਼ੇਸ਼ ਡਾਇਰੈਕਟਰ ਅਤੇ ਜਾਂਚ ਏਜੰਸੀ ਵਿਚ ਨੰਬਰ 2 ਦਾ ਰੁਤਬਾ ਰੱਖਣ ਵਾਲੇ ਰਾਕੇਸ਼ ਅਸਥਾਨਾ ਤੇ 3 ਕਰੋੜ ਦੀ ਰਿਸ਼ਵਤ ਦਾ ਕੇਸ ਕੀਤਾ ਹੈ।
ਨਵੀਂ ਦਿੱਲੀ, ( ਪੀਟੀਆਈ) : ਦੇਸ਼ ਦੀ ਸੱਭ ਤੋਂ ਵੱਡੀ ਜਾਂਚ ਏਜੰਸੀ ਸੀਬੀਆਈ ਵਿਚ ਸੀਨੀਅਰ ਅਧਿਕਾਰੀਆਂ ਤੇ ਭ੍ਰਿਸ਼ਟਾਚਾਰ ਦੇ ਦੋਸ਼ ਅਤੇ ਕਲੇਸ਼ ਦੀਆਂ ਖ਼ਬਰਾਂ ਤੇ ਸਰਕਾਰ ਦਾ ਮੰਨਣਾ ਹੈ ਕਿ ਜਿਸ ਤਰੀਕੇ ਨਾਲ ਸੀਨੀਅਰ ਅਧਿਕਾਰੀ ਇਕ ਦੂਜੇ ਵਿਰੁਧ ਦੋਸ਼ ਲਗਾਉਣ ਤੋਂ ਬਾਅਦ ਕਾਰਵਾਈ ਤੱਕ ਕਰਨ ਲਗੇ ਹਨ, ਉਸ ਨਾਲ ਗਲਤ ਸੁਨੇਹਾ ਜਾ ਰਿਹਾ ਹੈ। ਸੀਬੀਆਈ ਦੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਵਿਰੁਧ ਜਿਸ ਤਰੀਕੇ ਨਾਲ ਐਫਆਈਆਰ ਕੀਤੀ ਗਈ, ਉਸ ਤੋਂ ਸਰਕਾਰ ਹੈਰਾਨ ਹੈ। ਦੱਸ ਦਈਏ ਕਿ ਨਵੇਂ ਕਾਨੂੰਨ ਤੋਂ ਬਾਅਦ ਅਧਿਕਾਰੀਆਂ ਵਿਰੁਧ ਕੇਸ ਕਰਨ ਤੋਂ ਪਹਿਲਾਂ ਇਜ਼ਾਜਤ ਲੈਣਾ ਜ਼ਰੂਰੀ ਹੈ।
Rakesh Asthana
ਸੀਬੀਆਈ ਇਸ ਸਮੇਂ ਅਜੀਬ ਹਾਲਤ ਦਾ ਸਾਹਮਣਾ ਕਰ ਰਹੀ ਹੈ। ਸੀਬੀਆਈ ਨੇ ਅਪਣੇ ਹੀ ਵਿਸ਼ੇਸ਼ ਡਾਇਰੈਕਟਰ ਅਤੇ ਜਾਂਚ ਏਜੰਸੀ ਵਿਚ ਨੰਬਰ 2 ਦਾ ਰੁਤਬਾ ਰੱਖਣ ਵਾਲੇ ਰਾਕੇਸ਼ ਅਸਥਾਨਾ ਤੇ 3 ਕਰੋੜ ਦੀ ਰਿਸ਼ਵਤ ਦਾ ਕੇਸ ਕੀਤਾ ਹੈ। ਮਾਮਲਾ ਇਥੇ ਹੀ ਖਤਮ ਨਹੀਂ ਹੁੰਦਾ, ਇਸ ਕੇਸ ਤੋਂ ਇਲਾਵਾ ਸੀਬੀਆਈ ਵਿਚ ਸੀਨੀਅਰ ਅਧਿਕਾਰੀ ਆਲੋਕ ਵਰਮਾ ਅਤੇ ਅਸਥਾਨਾ ਵਿਚਕਾਰ ਲੜਾਈ ਦਾ ਮੁੱਦਾ ਵੀ ਹੈ। ਸੀਬੀਆਈ ਨੇ ਅਸਥਾਨਾ ਤੇ ਦਰਜ਼ ਐਫਆਈਆਰ ਵਿਚ ਮਾਂਸ ਕਾਰੋਬਾਰੀ ਮੁਈਨ ਕੁਰੈਸ਼ੀ ਤੋਂ 3 ਕਰੋੜ ਰਿਸ਼ਵਤ ਲੈਣ ਦਾ ਦੋਸ਼ ਲਗਾਇਆ ਹੈ।
Moin Quershi
ਅਸਥਾਨਾ ਹੀ ਕੁਰੈਸ਼ੀ ਵਿਰੁਧ ਜਾਂਚ ਕੇਸ ਨੂੰ ਦੇਖ ਰਹੇ ਸਨ। ਉਥੇ ਹੀ ਅਸਥਾਨਾ ਨੇ ਉਨ੍ਹਾਂ ਤੇ ਲਗੇ ਦੋਸ਼ਾਂ ਨੂੰ ਰੱਦ ਕਰਦਿਆਂ ਸਿੱਧੇ ਸੀਬੀਆਈ ਚੀਫ ਤੇ ਉਨ੍ਹਾਂ ਨੂੰ ਫਸਾਉਣ ਦਾ ਦੋਸ਼ ਲਗਾ ਦਿਤਾ ਹੈ। ਇਸ ਮਾਮਲੇ ਵਿਚ 16 ਅਕਤੂਬਰ ਨੂੰ ਐਫਆਈਆਰ ਦਰਜ਼ ਕੀਤੀ ਗਈ ਹੈ। ਮਾਮਲੇ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਵਿਚ ਸੀਬੀਆਈ ਦੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਤੋਂ ਇਲਾਵਾ ਖੁਫਿਆ ਏਜੰਸੀ ਰਾ ਦੇ ਵੀ ਇਕ ਵੱਡੇ ਸੀਨੀਅਰ ਅਧਿਕਾਰੀ ਦਾ ਨਾਮ ਸ਼ਾਮਲ ਹੈ।
Rakesh asthana with Alok verma
ਸੂਤਰਾਂ ਮੁਤਾਬਕ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਸ ਸਕੈਂਡਲ ਨਾਲ ਜੁੜੀ ਜਾਂਚ ਟੀਮ ਵਿਚ ਰਾਕੇਸ਼ ਅਸਥਾਨਾ ਨੂੰ ਹਟਾਉਣ ਦੀ ਵੀ ਪਹਿਲ ਹੋਈ ਹੈ ਅਤੇ ਇਸ ਕੇਸ ਨਾਲ ਜੁੜੇ ਕੁਝ ਅਧਿਕਾਰੀਆਂ ਨੂੰ ਪੁਛ ਗਿਛ ਵੀ ਕੀਤੀ ਗਈ। ਦੱਸਣਯੋਗ ਹੈ ਕਿ ਬੀਤੇ ਦਿਨੀ ਅਸਥਾਨਾ ਨੇ ਅਪਣੇ ਹੀ ਡਾਇਰੈਕਟਰ ਆਲੋਕ ਵਰਮਾ ਵਿਰੁਧ ਸਰਕਾਰ ਨੂੰ ਸ਼ਿਕਾਇਤ ਕਰ ਦਿਤੀ ਸੀ। ਇਸ ਤੋਂ ਬਾਅਦ ਸੀਵੀਸੀ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ। ਕਾਉਂਟਰ ਹਮਲਾ ਕਰਦੇ ਹੋਏ ਸੀਬੀਆਈ ਡਾਇਰੈਕਟਰ ਨੇ ਵੀ ਅਪਣੇ ਨੰਬਰ ਦੋ ਦੇ ਅਧਿਕਾਰੀ ਵਿਰੁਧ ਗੰਭੀਰ ਦੋਸ਼ ਲਗਾਏ ਸਨ।
CBI
ਰਾਕੇਸ਼ ਅਸਥਾਨਾ ਨੇ ਸੀਵੀਸੀ ਨੂੰ ਲਿਖੇ ਪੱਤਰ ਵਿਚ ਖੁਦ ਨੂੰ ਫਸਾਏ ਜਾਣ ਦਾ ਸ਼ੱਕ ਵੀ ਪ੍ਰਗਟ ਕੀਤਾ ਸੀ। ਦੋਨੋਂ ਇਕ ਦੂਜੇ ਤੇ ਪਿਛਲੇ ਕੁਝ ਮਾਮਲਿਆਂ ਵਿਚ ਲਗਾਤਾਰ ਦੋਸ਼ ਲਗਾ ਰਹੇ ਹਨ। ਸੂਤਰਾਂ ਮੁਤਾਬਕ ਮੁਈਨ ਕੁਰੈਸ਼ੀ ਦੇ ਮੀਟ ਕਾਰੋਬਾਰ ਨਾਲ ਜੁੜੇ ਜਿਸ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਰਿਸ਼ਵਤ ਲੈਣ ਦਾ ਦੋਸ਼ ਹੈ ਉਸ ਮਾਮਲੇ ਵਿਚ ਪਹਿਲਾਂ ਹੀ ਸੀਬੀਆਈ ਦੇ ਦੋ ਡਾਇਰੈਕਟਰ ਵੀ ਜਾਂਚ ਦੇ ਘੇਰੇ ਵਿਚ ਹਨ। ਸਾਬਕਾ ਸੀਬੀਆਈ ਡਾਇਰੈਕਟਰ ਏਪੀ ਸਿੰਘ ਨੇ ਕੁਝ ਮੋਬਾਈਲ ਸੁਨੇਹੇ ਵੀ ਟਰੈਕ ਕੀਤੇ ਸਨ। ਇਸ ਤੋਂ ਇਲਾਵਾ ਸੀਬੀਆਈ ਦੇ ਇਕ ਹੋਰ ਸਾਬਕਾ ਡਾਇਰੈਕਟਰ ਦੀ ਭੂਮਿਕਾ ਵੀ ਜਾਂਚ ਅਧੀਨ ਹੈ।
Former CBi Chief AP Singh
ਇਸੇ ਦੌਰਾਨ ਸੀਬੀਆਈ ਦੇ ਮੌਜੂਦਾ ਵਿਸ਼ੇਸ਼ ਡਾਇਰੈਕਟਰ ਦਾ ਨਾਮ ਇਸ ਕੇਸ ਵਿਚ ਆਉਣ ਤੋਂ ਬਾਅਦ ਮਾਮਲਾ ਹੋਰ ਗੰਭੀਰ ਹੋ ਗਿਆ ਹੈ। ਸੀਬੀਆਈ ਦੇ ਅੰਦਰ ਉਠੇ ਇਸ ਮਾਮਲੇ ਤੇ ਜਾਂਚ ਏਜੰਸੀ ਨੇ ਚੁੱਪ ਧਾਰ ਲਈ ਹੈ। ਦੋ ਸੀਨੀਅਰ ਅਧਿਕਾਰੀਆਂ ਦਾ ਨਾਮ ਹੋਣ ਕਾਰਨ ਕੋਈ ਵੀ ਕੁਝ ਵੀ ਕਹਿਣ ਤੋਂ ਬਚ ਰਿਹਾ ਹੈ। ਸੀਬੀਆਈ ਨੇ ਇਸ ਗੱਲ ਵੱਲ ਇਸ਼ਾਰਾ ਕੀਤਾ ਹੈ ਕਿ ਉਹ ਇਸ ਮੁੱਦੇ ਤੇ ਅਧਿਕਾਰਕ ਬਿਆਨ ਜਾਰੀ ਕਰਨਗੇ। ਪਰ ਹੁਣ ਤੱਕ ਜਾਂਚ ਏਜੰਸੀ ਨੇ ਕੋਈ ਵੀ ਬਿਆਨ ਨਹੀਂ ਦਿਤਾ।
CBI chief Alok Verma
ਇਥੇ ਇਹ ਵੀ ਦੱਸਣਯੋਗ ਹੈ ਕਿ ਹੈਦਰਾਬਾਦ ਦੇ ਇਕ ਉਦਯੋਗਪਤੀ ਸਤੀਸ਼ ਬਾਬੂ ਸਨਾ ਦੀ ਸ਼ਿਕਾਇਤ ਦੇ ਆਧਾਰ ਤੇ ਸੀਬੀਆਈ ਦੇ ਦੂਜੇ ਨੰਬਰ ਦੇ ਸੀਨੀਅਰ ਅਧਿਕਾਰੀ ਰਾਕੇਸ਼ ਅਸਥਾਨਾ ਤੇ ਦਰਜ਼ ਐਫਆਈਆਰ ਵਿਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਸੀਬੀਆਈ ਦੇ ਵਿਸ਼ੇਸ਼ ਡਾਇਰੈਕਟਰ ਨੂੰ ਪਿਛਲੇ ਸਾਲ ਲਗਭਗ ਤਿੰਨ ਕਰੋੜ ਦਿਤੇ ਸਨ। ਸਨਾ ਦਾ ਇਹ ਬਿਆਨ ਸੀਆਰਪੀਸੀ ਦੀ ਧਾਰਾ 164 ਦੇ ਅਧੀਨ ਮੈਜਿਸਟਰੇਟ ਦੇ ਸਾਹਮਣੇ ਦਰਜ਼ ਕਰਵਾਇਆ ਗਿਆ, ਜੋ ਕਿ ਕੋਰਟ ਵਿਚ ਵੀ ਮੰਨਣਯੋਗ ਹੈ।
Prime Minister's Office
ਦੱਸ ਦਈਏ ਕਿ ਮੁਈਨ ਕੁਰੈਸ਼ੀ ਤੋਂ 50 ਲੱਖ ਰੁਪਏ ਲੈਣ ਦੇ ਮਾਮਲੇ ਵਿਚ ਸਨਾ ਵੀ ਜਾਂਚ ਦੇ ਘੇਰੇ ਵਿਚ ਸਨ। ਇਸ ਮਾਮਲੇ ਦੀ ਜਾਂਚ ਲਈ ਗਠਿਤ ਕੀਤੀ ਐਸਆਈਟੀ ਦੀ ਅਗਵਾਈ ਅਸਥਾਨਾ ਕਰ ਰਹੇ ਸਨ। ਦਾਅਵਾ ਕੀਤਾ ਗਿਆ ਹੈ ਕਿ ਪਿਛਲੇ ਸਾਲ ਡੀਐਸਪੀ ਦਵਿੰਦਰ ਕੁਮਾਰ ਵੱਲੋਂ ਕੀਤੀ ਗਈ ਪੁਛਗਿਛ ਵਿਚ ਦੁਬਈ ਦੇ ਇਕ ਇਨਵੈਸਟਮੇਂਟ ਬੈਂਕਰ ਮਨੋਜ ਪ੍ਰਸਾਦ ਨੇ ਉਨਾਂ ਨੂੰ ਸੀਬੀਆਈ ਨਾਲ ਉਨਾਂ ਦੇ ਚੰਗੇ ਸਬੰਧਾ ਬਾਰੇ ਦਸਿਆ। ਇਹੀ ਨਹੀਂ, ਇਸ ਮਾਮਲੇ ਵਚਿ ਇਹ ਵੀ ਦਸਿਆ ਗਿਆ ਕਿ ਉਸਦਾ ਭਰਾ ਸੋਮੇਸ਼ ਉਸ ਦੀ ਇਸ ਕੇਸ ਤੋਂ ਬਾਹਰ ਨਿਕਲਣ ਵਿਚ ਮਦਦ ਕਰੇਗਾ। ਸਨਾ ਨੇ ਕਿਹਾ ਕਿ ਉਹ ਮਨੋਜ ਨੂੰ ਲਗਭਗ 10 ਸਾਲਾਂ ਤੋਂ ਵੱਧ ਸਮੇਂ ਤੋਂ ਜਾਣਦਾ ਹੈ।