
ਇਨਕਮ ਟੈਕਸ ਵਿਭਾਗ ਨੇ ਮਾਰਿਆ ਛਾਪਾ
ਤਮਿਲਨਾਡੂ: ਖ਼ੁਦ ਨੂੰ ਭਗਵਾਨ ਵਿਸ਼ਨੂੰ ਦਾ 10ਵਾਂ ਅਵਤਾਰ ਹੋਣ ਦਾ ਦਾਅਵਾ ਕਰਨ ਵਾਲੇ ਅਧਿਆਤਮਕ ਗੁਰੂ ਕਲਕੀ ਭਗਵਾਨ ਦੀਆਂ ਮੁਸ਼ਕਲਾਂ ਉਸ ਸਮੇਂ ਵਧ ਗਈਆਂ ਜਦੋਂ ਇਨਕਮ ਟੈਕਸ ਵਿਭਾਗ ਨੇ ਇਕ ਛਾਪਾ ਮਾਰ ਕੇ ਕਲਕੀ ਭਗਵਾਨ ਦੀ ਕਾਲੀ ਦੁਨੀਆ ਦਾ ਪਰਦਾਫਾਸ਼ ਕਰ ਦਿੱਤਾ। ਇਨਕਮ ਟੈਕਸ ਵਾਲਿਆਂ ਨੇ ਉਨ੍ਹਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕਰਕੇ 44 ਕਰੋੜ ਰੁਪਏ ਕੈਸ਼, ਜਿਸ ਵਿਚ 20 ਕਰੋੜ ਰੁਪਏ ਦੇ ਅਮਰੀਕੀ ਡਾਲਰ ਅਤੇ 90 ਕਿਲੋ ਸੋਨਾ ਵੀ ਬਰਾਮਦ ਕੀਤਾ ਹੈ।
Photo
ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਇਹ ਸਾਰਾ ਸਮਾਨ ਉਸ ਦੇ ਪੰਜ ਟਿਕਾਣਿਆਂ ਚੇਨਈ, ਹੈਦਰਾਬਾਦ, ਬੰਗਲੁਰੂ, ਚਿਤੂਰ ਅਤੇ ਕੁਪਮ ਲੋਕੇਸੇਂਸ ’ਤੇ ਛਾਪੇਮਾਰੀ ਦੌਰਾਨ ਬਰਾਮਦ ਕੀਤਾ। ਇਹ ਛਾਪਾ ਅਧਿਆਤਮਕ ਗੁਰੂ ਦੇ ਬੇਟਿਆਂ ਦੀ ਮੁਖਤਿਆਰੀ ਵਾਲੀ ‘ਵਾਈਟ ਲੋਟਸ’ ਦੀਆਂ ਸੰਪਤੀਆਂ ’ਤੇ ਮਾਰਿਆ ਗਿਆ। ਜਿਸ ਤੋਂ ਕਰੀਬ 500 ਕਰੋੜ ਰੁਪਏ ਦਾ ਸਮਾਨ ਜ਼ਬਤ ਕੀਤਾ ਗਿਆ। ਆਓ ਤੁਹਾਨੂੰ ਦੱਸਦੇ ਆਂ ਕਿ ਕੌਣ ਹੈ ਖ਼ੁਦ ਨੂੰ ਵਿਸ਼ਨੂੰ ਦਾ 10ਵਾਂ ਅਵਤਾਰ ਕਹਿਣ ਵਾਲਾ ਕਲਕੀ ਭਗਵਾਨ।
Photo
ਕਲਕੀ ਭਗਵਾਨ ਦਾ ਅਸਲ ਨਾਮ ਵਿਜੈ ਕੁਮਾਰ ਨਾਇਡੂ ਹੈ ਜੋ ਇਸ ਸਾਰੇ ਕਾਰੋਬਾਰ ਦੇ ਨਾਲ-ਨਾਲ ਧਾਰਮਿਕ ਸਿੱਖਿਆ ਸੰਸਥਾ ਵੰਨਨੈੱਸ ਯੂਨੀਵਰਸਿਟੀ ਦਾ ਸੰਸਥਾਪਕ ਵੀ ਹੈ। ਕਲਕੀ ਭਗਵਾਨ ਯਾਨੀ ਵਿਜੇ ਨਾਇਡੂ ਨੇ ਅਪਣੇ ਕਰੀਅਰ ਦੀ ਸ਼ੁਰੂਆਤ ਸਾਲ 1971 ਵਿਚ ਲਾਈਫ਼ ਇੰਸ਼ੋਰੈਂਸ ਕਾਰਪੋਰੇਸ਼ਨ ਵਿਚ ਬਤੌਰ ਕਲਰਕ ਕੀਤੀ ਸੀ। 1980 ਵਿਚ ਉਹ ਜੇਸ਼ਨਾ ਮੂਰਤੀ ਫਾਊਂਡੇਸ਼ਨ ਨਾਲ ਜੁੜ ਗਿਆ ਸੀ।
Money
ਬਾਅਦ ਵਿਚ ਉਸ ਨੇ ਖ਼ੁਦ ਦਾ ਟਰੱਸਟ ਬਣਾ ਲਿਆ ਅਤੇ 1989 ਵਿਚ ਉਸ ਨੇ ਖ਼ੁਦ ਨੂੰ ਭਗਵਾਨ ਦੱਸਣਾ ਸ਼ੁਰੂ ਕਰ ਦਿੱਤਾ ਸੀ। ਵਿਜੇ ਕੁਮਾਰ ਉਦੋਂ ਦਾਅਵਾ ਕਰਨ ਲੱਗਿਆ ਕਿ ਉਹ ਭਗਵਾਨ ਵਿਸ਼ਨੂੰ ਦਾ 10ਵਾਂ ਅਵਤਾਰ ਹੈ ਅਤੇ ਉਸ ਦੇ ਕੋਲ ਗੈਬੀ ਸ਼ਕਤੀਆਂ ਹਨ ਜਿਸ ਨਾਲ ਉਹ ਲੋਕਾਂ ਨੂੰ ਗਿਆਨ ਅਤੇ ਨਿਰਵਾਣ ਦੀ ਪ੍ਰਾਪਤੀ ਵੀ ਕਰਵਾ ਸਕਦਾ ਹੈ। ਹੌਲੀ-ਹੌਲੀ ਲੋਕ ਉਸ ਦੀਆਂ ਇਨ੍ਹਾਂ ਗੱਲਾਂ ’ਤੇ ਯਕੀਨ ਕਰਨ ਲੱਗੇ ਅਤੇ ਦੇਖਦੇ ਹੀ ਦੇਖਦੇ ਚੰਦ ਦਿਨਾਂ ਬਾਅਦ ਰਾਜਨੇਤਾ, ਉਦਯੋਗਪਤੀ ਅਤੇ ਫਿਲਮੀ ਸਿਤਾਰੇ ਤਕ ਉਨ੍ਹਾਂ ਦੇ ਚਿਤੂਰ ਸਥਿਤ ਆਸ਼ਰਮ ਪੁੱਜਣ ਲੱਗੇ।
Photo
ਖ਼ੁਦ ਨੂੰ ਕਲਕੀ ਭਗਵਾਨ ਦੱਸਣ ਵਾਲੇ ਵਿਜੈ ਦਾ ਚਿਤੂਰ ਆਸ਼ਰਮ 2008 ਵਿਚ ਵੀ ਸੁਰਖ਼ੀਆਂ ਵਿਚ ਆ ਗਿਆ ਸੀ ਜਦੋਂ ਉਥੇ ਮਚੀ ਇਕ ਭਗਦੜ ਦੌਰਾਨ ਪੰਜ ਲੋਕਾਂ ਦੀ ਮੌਤ ਹੋ ਗਈ ਸੀ ਜਦਕਿ ਕਈ ਲੋਕ ਜ਼ਖ਼ਮੀ ਹੋ ਗਏ ਸਨ। ਉਸ ਦੇ ਆਸ਼ਰਮ ਵਿਚ ਆਮ ਦਰਸ਼ਨ ਲਈ ਇਕ ਜੋੜੇ ਤੋਂ ਪੰਜ ਹਜ਼ਾਰ ਰੁਪਏ ਲਏ ਜਾਂਦੇ ਹਨ ਜਦਕਿ ਵਿਸ਼ੇਸ਼ ਦਰਸ਼ਨ 50 ਹਜ਼ਾਰ ਰੁਪਏ ਦੇਣ ਤੋਂ ਬਾਅਦ ਕਰਵਾਇਆ ਜਾਂਦਾ ਹੈ।
Photo
ਵਨਨੈੱਸ ਟੈਂਪਲ ਵਿਚ ਯੋਗ ਅਤੇ ਸਾਧਨਾ ਨਾਲ ਜੁੜੀਆਂ ਕਲਾਸਾਂ ਵੀ ਲਗਦੀਆਂ ਹਨ ਜਿਨ੍ਹਾਂ ਦਾ ਹਿੱਸਾ ਬਣਨ ਲਈ ਆਸ਼ਰਮ 50 ਹਜ਼ਾਰ ਵਸੂਲਦਾ ਹੈ। ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਸੈਸ਼ਨਾਂ ਵਿਚ ਵੱਡੀ ਗਿਣਤੀ ਵਿਚ ਵਿਦੇਸ਼ੀ ਲੋਕ ਵੀ ਇਕੱਠੇ ਹੁੰਦੇ ਹਨ। ਪਰ ਹੁਣ ਕਲਕੀ ਆਸ਼ਰਮ ਦੀ ਇਸ ਕਾਲੀ ਦੁਨੀਆ ਦਾ ਪਰਦਾਫਾਸ਼ ਹੋ ਚੁੱਕਿਆ ਹੈ। ਇਨਕਮ ਟੈਕਸ ਵਿਭਾਗ ਨੇ ਕਈ ਸੂਬਿਆਂ ਵਿਚ ਛਾਪੇਮਾਰੀ ਕਰਕੇ ਉਸ ਦੇ ਕਈ ਆਸ਼ਰਮਾਂ ਨੂੰ ਅਪਣੇ ਕਬਜ਼ੇ ਵਿਚ ਲੈ ਲਿਆ।
ਜਿੱਥੋਂ 44 ਕਰੋੜ ਰੁਪਏ ਕੈਸ਼, 20 ਕਰੋੜ ਰੁਪਏ ਦੇ ਅਮਰੀਕੀ ਡਾਲਰ ਅਤੇ 90 ਕਿਲੋ ਸੋਨਾ ਅਤੇ ਹੀਰੇ ਵੀ ਬਰਾਮਦ ਕੀਤੇ ਗਏ। ਇਸ ਕਾਲੇ ਕਾਰੋਬਾਰ ਵਿਚ ਕਲਕੀ ਦਾ ਦਾ ਬੇਟਾ ਸ਼ਿਨਾ ਵੀ ਸ਼ਾਮਲ ਹੈ। ਫਿਲਹਾਲ ਇਨਕਮ ਟੈਕਸ ਦੀ ਛਾਪੇਮਾਰੀ ਤੋਂ ਬਾਅਦ ਕਲਕੀ ਉਰਫ਼ ਵਿਜੈ ਨਾਇਡੂ ਗ਼ਾਇਬ ਦੱਸਿਆ ਜਾ ਰਿਹਾ ਹੈ। ਫਿਲਹਾਲ ਤਾਮਿਲਨਾਡੂ ਦੇ ਚਿਤੂਰ ਵਿਚ ਉਸ ਦੇ ਮੁੱਖ ਆਸ਼ਰਮ ਨੂੰ ਸੀਲ ਕਰ ਦਿੱਤਾ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।