
ਸਾਜਿਸ਼ ਤਹਿਤ ਹੋਇਆ ਸੀ ਕਤਲ, ਦੋ ਨੌਜਵਾਨ ਗ੍ਰਿਫ਼ਤਾਰ
ਫ਼ਰੀਦਕੋਟ : ਬੁੱਧਵਾਰ ਦੀ ਅੱਧੀ ਰਾਤ ਤੋਂ ਬਾਅਦ ਇੱਥੋਂ ਦੀ ਟੀਚਰ ਕਾਲੋਨੀ ਵਿਚ ਇਕ ਘਰ 'ਚ ਅੱਗ ਲੱਗਣ ਨਾਲ ਬਜ਼ੁਰਗ ਜੋੜੇ ਦੀ ਮੌਤ ਹੋਣ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਅਸਲ ਵਿਚ ਬਜ਼ੁਰਗ ਜੋੜਾ ਘਰ ਵਿਚ ਅੱਗ ਨਾਲ ਨਹੀਂ ਮਰਿਆ ਬਲਕਿ ਉਨ੍ਹਾਂ ਨੂੰ ਕਤਲ ਕੀਤਾ ਗਿਆ ਹੈ। ਜ਼ਿਲ੍ਹਾ ਪੁਲਿਸ ਮੁਖੀ ਫ਼ਰੀਦਕੋਟ ਰਾਜਬਚਨ ਸਿੰਘ ਸੰਧੂ ਨੇ ਕਿਹਾ ਕਿ ਬਜ਼ੁਰਗ ਜੋੜੇ ਸੁਰਜੀਤ ਸਿੰਘ ਅਤੇ ਬਲਦੇਵ ਕੌਰ ਦਾ ਲੁੱਟ ਖੋਹ ਦੀ ਨੀਅਤ ਨਾਲ ਕਤਲ ਕੀਤਾ ਗਿਆ ਸੀ ਅਤੇ ਕਤਲ ਤੋਂ ਬਾਅਦ ਅਪਰਾਧ ਦੇ ਸਬੂਤ ਖ਼ਤਮ ਕਰਨ ਲਈ ਘਰ ਨੂੰ ਅੱਗ ਲਾਈ ਗਈ ਸੀ।
Elder couple dies in fire at home
ਪੁਲਿਸ ਮੁਖੀ ਨੇ ਕਿਹਾ ਕਿ ਮੁਢਲੀ ਤਫ਼ਤੀਸ਼ ਦੌਰਾਨ ਘਟਨਾ ਵਾਲੀ ਰਾਤ ਘਰ ਵਿਚੋਂ 60 ਹਜ਼ਾਰ ਰੁਪਏ ਨਕਦ, ਮੋਬਾਈਲ ਫ਼ੋਨ ਅਤੇ ਦੋ ਤੋਲੇ ਸੋਨਾ ਗ਼ਾਇਬ ਸੀ। ਪੁਲਿਸ ਨੇ ਪੜਤਾਲ ਤੋਂ ਬਾਅਦ ਦਸਮੇਸ਼ ਨਗਰ ਦੇ ਵਸਨੀਕ ਮਨਦੀਪ ਸਿੰਘ ਉਰਫ਼ ਰੌਬੀ ਅਤੇ ਮਨਪ੍ਰੀਤ ਸਿੰਘ ਉਰਫ਼ ਪਿੰਟੂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਵਿਰੁਧ ਆਈ.ਪੀ.ਸੀ ਦੀ ਧਾਰਾ 302/436/120ਬੀ ਤਹਿਤ ਪਰਚਾ ਦਰਜ ਕਰ ਲਿਆ ਹੈ।
Fire
ਪੁਲਿਸ ਨੂੰ ਘਟਨਾ ਸਥਾਨ ਤੋਂ ਸ਼ਰਾਬ ਦੀ ਇਕ ਬੋਤਲ ਅਤੇ ਦੋ ਗਲਾਸ ਵੀ ਮਿਲੇ ਸਨ ਅਤੇ ਇਸ ਬੋਤਲ ਤੋਂ ਫ਼ਿੰਗਰ ਪ੍ਰਿੰਟ ਵੀ ਲਏ ਗਏ। ਪੁਲਿਸ ਨੇ ਕਿਹਾ ਕਿ ਮੁਲਜ਼ਮਾਂ ਪਾਸੋਂ ਚੋਰੀ ਨਕਦੀ, ਮੋਬਾਈਲ ਅਤੇ ਵਾਰਦਾਤ ਲਈ ਵਰਤਿਆ ਮੋਟਰਸਾਈਕਲ ਬਰਾਮਦ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਅੱਜ ਇੱਥੇ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਮੁਲਜ਼ਮਾਂ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜਣ ਦਾ ਹੁਕਮ ਦਿਤਾ।