
ਗੁਜਰਾਤ ਟ੍ਰੈਫ਼ਿਕ ਪੁਲਿਸ 27 ਅਕਤੂਬਰ ਤੱਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੋਂ ਕੋਈ ਜੁਰਮਾਨਾ ਵਸੂਲ ਨਹੀਂ ਕਰੇਗੀ।
ਸੂਰਤ - ਗੁਜਰਾਤ ਸਰਕਾਰ ਨੇ ਐਲਾਨ ਕੀਤਾ ਹੈ ਕਿ ਇਸ ਸਾਲ ਦੀਵਾਲੀ ਦੇ ਤਿਉਹਾਰ ਦੌਰਾਨ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕੋਈ ਜੁਰਮਾਨਾ ਨਹੀਂ ਲਗਾਇਆ ਜਾਵੇਗਾ। ਗੁਜਰਾਤ ਦੇ ਗ੍ਰਹਿ ਰਾਜ ਮੰਤਰੀ ਹਰਸ਼ ਸੰਘਵੀ ਨੇ ਸ਼ੁੱਕਰਵਾਰ 21 ਅਕਤੂਬਰ ਨੂੰ ਇਹ ਐਲਾਨ ਕੀਤਾ। ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ, ਗੁਜਰਾਤ ਟ੍ਰੈਫ਼ਿਕ ਪੁਲਿਸ 27 ਅਕਤੂਬਰ ਤੱਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੋਂ ਕੋਈ ਜੁਰਮਾਨਾ ਵਸੂਲ ਨਹੀਂ ਕਰੇਗੀ।
ਸੰਘਵੀ ਨੇ ਕਿਹਾ ਕਿ ਦੀਵਾਲੀ ਦੌਰਾਨ ਲੋਕਾਂ ਨੂੰ ਇਸ ਮਾਮਲੇ 'ਚ ਰਾਹਤ ਦੇਣ ਦਾ ਫ਼ੈਸਲਾ, ਸੂਬੇ ਦੇ ਗ੍ਰਹਿ ਵਿਭਾਗ ਨੇ ਮੁੱਖ ਮੰਤਰੀ ਭੂਪੇਂਦਰ ਪਟੇਲ ਦੇ ਨਿਰਦੇਸ਼ਾਂ ਤਹਿਤ ਲਿਆ ਹੈ। “21 ਅਕਤੂਬਰ ਤੋਂ 27 ਅਕਤੂਬਰ ਤੱਕ, ਗੁਜਰਾਤ ਵਿੱਚ ਟ੍ਰੈਫ਼ਿਕ ਪੁਲਿਸ ਲੋਕਾਂ ਤੋਂ ਕੋਈ ਜੁਰਮਾਨਾ ਨਹੀਂ ਵਸੂਲ ਕਰੇਗੀ। ਇਸ ਸਮੇਂ ਦੌਰਾਨ ਜੇਕਰ ਕੋਈ ਵਿਅਕਤੀ ਬਿਨਾਂ ਹੈਲਮੇਟ ਜਾਂ ਡਰਾਈਵਿੰਗ ਲਾਇਸੰਸ ਦੇ ਫ਼ੜਿਆ ਜਾਂਦਾ ਹੈ, ਜਾਂ ਕਿਸੇ ਹੋਰ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ, ਤਾਂ ਸਾਡੀ ਪੁਲਿਸ ਉਸ ਤੋਂ ਜੁਰਮਾਨਾ ਵਸੂਲਣ ਦੀ ਬਜਾਏ ਉਸ ਨੂੰ ਫੁੱਲ ਦੇਵੇਗੀ,” ਮੰਤਰੀ ਨੇ ਅੱਗੇ ਕਿਹਾ।
ਭਾਰਤੀ ਜਨਤਾ ਪਾਰਟੀ ਦੇ ਸ਼ਾਸਨ ਵਾਲੇ ਗੁਜਰਾਤ ਵਿੱਚ ਦਸੰਬਰ ਦੇ ਅੰਤ ਤੱਕ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਸ਼ੁੱਕਰਵਾਰ ਨੂੰ ਮਨਾਈ ਗਈ ਗੋਵਤਸ ਦਵਾਦਸ਼ੀ ਤੋਂ ਇਸ ਸਾਲ ਦੀਵਾਲੀ ਤਿਉਹਾਰ ਦੀ ਸ਼ੁਰੂਆਤ ਹੋਈ। ਰੌਸ਼ਨੀਆਂ ਦੇ ਇਸ ਤਿਉਹਾਰ ਮੌਕੇ ਹੁੰਦਾ ਲਕਸ਼ਮੀ ਪੂਜਨ, 24 ਅਕਤੂਬਰ ਨੂੰ ਕੀਤਾ ਜਾਵੇਗਾ।