
ਮਹਾਸਭਾ ਨੇ ਦਲੀਲ ਦਿੱਤੀ ਕਿ ਸੁਤੰਤਰਤਾ ਸੰਗਰਾਮ ਵਿੱਚ ਬੋਸ ਦਾ ਯੋਗਦਾਨ ਰਾਸ਼ਟਰਪਿਤਾ ਤੋਂ ਘੱਟ ਨਹੀਂ ਸੀ।
ਕੋਲਕਾਤਾ - ਅਖਿਲ ਭਾਰਤ ਹਿੰਦੂ ਮਹਾਸਭਾ ਨੇ ਭਾਰਤੀ ਕਰੰਸੀ ਨੋਟਾਂ 'ਤੇ ਮਹਾਤਮਾ ਗਾਂਧੀ ਦੀ ਬਜਾਏ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਤਸਵੀਰ ਛਾਪਣ ਦੀ ਮੰਗ ਕੀਤੀ ਹੈ। ਮਹਾਸਭਾ ਨੇ ਦਲੀਲ ਦਿੱਤੀ ਕਿ ਸੁਤੰਤਰਤਾ ਸੰਗਰਾਮ ਵਿੱਚ ਬੋਸ ਦਾ ਯੋਗਦਾਨ ਰਾਸ਼ਟਰਪਿਤਾ ਤੋਂ ਘੱਟ ਨਹੀਂ ਸੀ। ਮਹਾਸਭਾ ਵੱਲੋਂ ਕੋਲਕਾਤਾ ਵਿੱਚ ਦੁਰਗਾ ਪੂਜਾ ਸਮਾਗਮ ਵਿੱਚ ਮਹਾਤਮਾ ਗਾਂਧੀ ਨਾਲ ਮੇਲ ਖਾਂਦੀ ਮਹਿਸ਼ਾਸੁਰ ਦੀ ਮੂਰਤੀ ਲਗਾਏ ਜਾਣ ਨੂੰ ਲੈ ਕੇ ਹੋਏ ਹੰਗਾਮੇ ਤੋਂ ਕੁਝ ਹਫ਼ਤਿਆਂ ਬਾਅਦ ਸੰਗਠਨ ਵੱਲੋਂ ਇਹ ਮੰਗ ਕੀਤੀ ਗਈ ਹੈ।
ਇੱਥੇ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਹਿੰਦੂ ਮਹਾਸਭਾ ਦੇ ਕਾਰਜਕਾਰੀ ਸੂਬਾ ਪ੍ਰਧਾਨ ਚੰਦਰਚੂੜ ਗੋਸਵਾਮੀ ਨੇ ਕਿਹਾ, ''ਅਸੀਂ ਮਹਿਸੂਸ ਕਰਦੇ ਹਾਂ ਕਿ ਦੇਸ਼ ਦੇ ਸੁਤੰਤਰਤਾ ਸੰਗਰਾਮ ਵਿੱਚ ਨੇਤਾ ਜੀ ਦਾ ਯੋਗਦਾਨ ਮਹਾਤਮਾ ਗਾਂਧੀ ਤੋਂ ਘੱਟ ਨਹੀਂ ਸੀ। ਇਸ ਲਈ ਭਾਰਤ ਦੇ ਮਹਾਨ ਸੁਤੰਤਰਤਾ ਸੈਨਾਨੀ ਨੇਤਾ ਜੀ ਨੂੰ ਸਨਮਾਨਿਤ ਕਰਨ ਦਾ ਸਭ ਤੋਂ ਵਧੀਆ ਤਰੀਕਾ ਕਰੰਸੀ ਨੋਟਾਂ 'ਤੇ ਉਨ੍ਹਾਂ ਦੀ ਤਸਵੀਰ ਛਾਪਣਾ ਹੈ। ਗਾਂਧੀ ਜੀ ਦੀ ਤਸਵੀਰ ਨੂੰ ਨੇਤਾ ਜੀ ਦੀ ਤਸਵੀਰ ਨਾਲ ਬਦਲ ਦੇਣਾ ਚਾਹੀਦਾ ਹੈ।"