
ਨਵੰਬਰ '84 ਨੂੰ ਹੁਣ ਤਕ ਦਾ ਸੱਭ ਤੋਂ ਘਿਨੌਣਾ ਕਤਲੇਆਮ ਦੱਸਣ ਵਾਲਾ ਮਤਾ ਪਾਸ.....
ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਨੇ ਅੱਜ ਇਤਿਹਾਸਕ ਮਤਾ ਪਾਸ ਕਰਦਿਆਂ ਨਵੰਬਰ 1984 ਦੇ ਸਿੱਖ ਕਤਲੇਆਮ ਨੂੰ ਇਤਿਹਾਸ ਦਾ ਸੱਭ ਤੋਂ ਘਿਨੌਣਾ ਕਤਲੇਆਮ ਮੰਨਦੇ ਹੋਏ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸਿੱਖ ਕਤਲੇਆਮ ਨੂੰ ਜਾਇਜ਼ ਠਹਿਰਾਉੇਣ ਵਾਲੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੋਂ 'ਭਾਰਤ ਰਤਨ' ਐਵਾਰਡ ਵਾਪਸ ਲਿਆ ਜਾਵੇ। ਮਤਾ ਪੇਸ਼ ਹੋਣ ਪਿਛੋਂ ਸਪੀਕਰ ਰਾਮ ਨਿਵਾਸ ਗੋਇਲ ਨੇ ਕਿਹਾ, “ਇਹ ਬੜਾ ਗੰਭੀਰ ਮੁੱਦਾ ਹੈ। ਸਮਾਜ ਦੇ ਜਿਨ੍ਹਾਂ ਲੋਕਾਂ ਨੂੰ ਉਸ ਵੇਲੇ (84 'ਚ) ਜੋ ਜ਼ਖਮ ਦਿਤੇ ਗਏ, ਉਹ ਪੀੜਤ ਲੋਕ ਹਨ। ਮੈਂ ਚਾਹਾਂਗਾ ਅਸੀਂ ਸਾਰੇ ਖੜੇ ਹੋ ਕੇ, ਇਸ ਮਤੇ ਦੀ ਹਮਾਇਤ ਕਰੀਏ।''
ਵਿਧਾਨ ਸਭਾ ਵਿਚ ਹਾਜ਼ਰ ਸਾਰੇ ਮੈਂਬਰਾਂ ਨੇ ਖੜੇ ਹੋ ਕੇ ਮਤੇ ਨੂੰ ਪ੍ਰਵਾਨਗੀ ਦਿਤੀ। ਜਦੋਂ ਮਤਾ ਪਾਸ ਹੋਇਆ ਤੇ ਪੇਸ਼ ਕੀਤਾ ਜਾ ਰਿਹਾ ਸੀ, ਉਦੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਧਾਨ ਸਭਾ ਵਿਚ ਹਾਜ਼ਰ ਨਹੀਂ ਸਨ। ਵਿਧਾਨ ਸਭਾ ਵਿਚ ਅੱਜ ਸ਼ਾਮ ਨੂੰ ਤਿਲਕ ਨਗਰ ਤੋਂ 'ਆਪ' ਵਿਧਾਇਕ ਸ. ਜਰਨੈਲ ਸਿੰਘ ਨੇ ਨਵੰਬਰ '84 ਬਾਰੇ ਮਤਾ ਪੇਸ਼ ਕਰਦਿਆਂ ਕਿਹਾ, “ਇਹ ਸਦਨ ਦਿੱਲੀ ਸਰਕਾਰ ਨੂੰ ਹਦਾਇਤ ਕਰਦਾ ਹੈ ਕਿ ਉਹ ਦਿੜ੍ਹਤਾਂ ਨਾਲ ਗ੍ਰਹਿ ਮੰਤਰਾਲੇ ਨੂੰ ਲਿਖੇ ਕਿ 1984 ਕਤਲੇਆਮ ਨੂੰ ਜਾਇਜ਼ ਠਹਿਰਾਉਣ ਵਾਲੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੋਂ 'ਭਾਰਤ ਰਤਨ' ਵਾਪਸ ਲਿਆ ਜਾਵੇ।