
ਚੰਡੀਗੜ੍ਹ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਹੁਲ ਗਾਂਧੀ ਦਾ ਨਾਂਅ ਲਏ ਬਿਨਾਂ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ ਹੈ।
Amit Shah in Chandigarh: ਚੰਡੀਗੜ੍ਹ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਹੁਲ ਗਾਂਧੀ ਦਾ ਨਾਂਅ ਲਏ ਬਿਨਾਂ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਦੇਸ਼ ਦੀ ਸੱਭ ਤੋਂ ਪੁਰਾਣੀ ਪਾਰਟੀ ਦੇ ਨੇਤਾ ਉਪ ਰਾਸ਼ਟਰਪਤੀ ਦੀ ਨਕਲ ਦੀ ਵੀਡੀਉ ਬਣਾਉਂਦੇ ਨਜ਼ਰ ਆ ਰਹੇ ਹਨ। ਇਹ ਦੇਸ਼ ਦਾ ਸੱਭ ਤੋਂ ਵੱਡਾ ਅਪਮਾਨ ਹੈ। ਉਪ ਰਾਸ਼ਟਰਪਤੀ ਸੰਵਿਧਾਨਕ ਅਹੁਦਾ ਹੈ। ਸਾਰਿਆਂ ਨੂੰ ਉਸ ਅਹੁਦੇ ਦੀ ਮਰਿਆਦਾ ਦਾ ਖਿਆਲ ਰੱਖਣਾ ਚਾਹੀਦਾ ਹੈ। ਇਹੀ ਕਾਰਨ ਹੈ ਕਿ ਦੇਸ਼ ਦੇ ਲੋਕ ਵਾਰ-ਵਾਰ ਕਾਂਗਰਸ ਪਾਰਟੀ ਨੂੰ ਚੋਣਾਂ ਵਿਚ ਹਰਾ ਰਹੇ ਹਨ।
ਗ੍ਰਹਿ ਮੰਤਰੀ ਨੇ ਚੰਡੀਗੜ੍ਹ ਵਿਚ ਅਪਣੀ ਮੀਟਿੰਗ ਦੌਰਾਨ ਦਸਿਆ ਕਿ ਲੋਕ ਸਭਾ ਵਿਚ ਨਵਾਂ ਬਿੱਲ ਲਿਆਂਦਾ ਗਿਆ ਹੈ। ਇਸ ਤਹਿਤ ਲੋਕਾਂ ਨੂੰ 3 ਸਾਲ ਦੇ ਅੰਦਰ ਅਪਰਾਧ ਦੇ ਮਾਮਲਿਆਂ ਵਿਚ ਨਿਆਂ ਮਿਲੇਗਾ। ਇਸ ਨੂੰ ਜਲਦੀ ਹੀ ਚੰਡੀਗੜ੍ਹ ਸਮੇਤ ਹੋਰ ਸੂਬਿਆਂ ਵਿਚ ਵੀ ਲਾਗੂ ਕੀਤਾ ਜਾਵੇਗਾ। ਕਾਂਗਰਸ ਨੂੰ ਇਸ 'ਤੇ ਬਹਿਸ ਕਰਨੀ ਚਾਹੀਦੀ ਸੀ ਪਰ ਕਾਂਗਰਸੀ ਆਗੂਆਂ ਨੇ ਸੰਸਦ ਦਾ ਬਾਈਕਾਟ ਕਰ ਦਿਤਾ। ਉਹ ਜਾਣਦੇ ਹਨ ਕਿ ਉਹ 2024 ਦੀਆਂ ਚੋਣਾਂ ਹਾਰ ਰਹੇ ਹਨ, ਇਸ ਲਈ ਉਹ ਜਨਤਕ ਮੁੱਦਿਆਂ 'ਤੇ ਗੱਲ ਨਹੀਂ ਕਰਨੀ ਚਾਹੁੰਦੇ। ਉਨ੍ਹਾਂ ਨੇ ਟਾਟਾ ਸਫਾਰੀ ਪੁਲਿਸ ਦੀਆਂ 25 ਨਵੀਆਂ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੇ ਨਾਲ ਹੀ 375 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਉਦਘਾਟਨ ਕੀਤਾ ਗਿਆ।
ਉਨ੍ਹਾਂ ਦੀ ਸੁਰੱਖਿਆ ਲਈ ਵੱਖ-ਵੱਖ ਪੁਲਿਸ ਮੁਲਾਜ਼ਮਾਂ ਸਮੇਤ 3000 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦਾ ਪ੍ਰੋਗਰਾਮ ਚੰਡੀਗੜ੍ਹ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਸੈਕਟਰ 26, ਚੰਡੀਗੜ੍ਹ ਵਿਖੇ ਕਰਵਾਇਆ ਗਿਆ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਗ੍ਰਹਿ ਮੰਤਰੀ ਦੀ ਸੁਰੱਖਿਆ ਕਾਰਨ ਸਮਾਗਮ ਵਾਲੀ ਥਾਂ ਤੋਂ 250 ਮੀਟਰ ਦੇ ਘੇਰੇ ਵਿਚ ਕਿਸੇ ਵੀ ਵਾਹਨ ਨੂੰ ਜਾਣ ਦੀ ਇਜਾਜ਼ਤ ਨਹੀਂ ਦਿਤੀ ਗਈ। ਇਸ ਕਾਰਨ ਮੱਧ ਮਾਰਗ 'ਤੇ ਸੈਕਟਰ 26 ਸਥਿਤ ਸ਼ੋਅਰੂਮਾਂ ਦੇ ਪਿਛਲੇ ਪਾਸੇ ਪਾਰਕਿੰਗ 'ਤੇ ਪਾਬੰਦੀ ਲਗਾ ਦਿਤੀ ਗਈ। ਸੈਕਟਰ 26 ਥਾਣੇ ਦੇ ਸਾਹਮਣੇ ਵਾਲੀ ਪਾਰਕਿੰਗ ਤੋਂ ਲੈ ਕੇ ਸੜਕ ਤਕ ਅਤੇ ਹੋਰ ਕਿਤੇ ਵੀ ਵਾਹਨ ਪਾਰਕ ਨਹੀਂ ਕੀਤੇ ਗਏ। ਸਮਾਗਮ ਵਾਲੀ ਥਾਂ ਵੱਲ ਜਾਣ ਵਾਲੇ ਵੀਵੀਆਈਪੀ ਅਤੇ ਵੀਆਈਪੀ ਵਾਹਨਾਂ ਸਮੇਤ ਸੱਦੇ ਗਏ ਮਹਿਮਾਨਾਂ ਦੀ ਸੂਚੀ ਪੁਲਿਸ ਕੋਲ ਮੌਜੂਦ ਸੀ। ਇਨ੍ਹਾਂ ਵਾਹਨਾਂ ਨੂੰ ਪਾਸ ਦੇਖ ਕੇ ਹੀ ਅੰਦਰ ਜਾਣ ਦਿਤਾ ਗਿਆ।
ਗ੍ਰਹਿ ਮੰਤਰੀ ਸ਼ਾਹ ਨੇ ਸੈਕਟਰ 26 ਸਥਿਤ ਚੰਡੀਗੜ੍ਹ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਤੋਂ 375 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ 44 ਏ.ਐਸ.ਆਈਜ਼ ਅਤੇ 700 ਨਵ-ਨਿਯੁਕਤ ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਅਮਿਤ ਸ਼ਾਹ ਨੇ ਚੰਡੀਗੜ੍ਹ ਏਅਰ ਫੋਰਸ ਹੈਰੀਟੇਜ ਸੈਂਟਰ ਦੀ ਇਮਾਰਤ ਵਿਚ 88 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਦੇਸ਼ ਦੇ ਪਹਿਲੇ ਸਾਈਬਰ ਆਪਰੇਸ਼ਨ ਅਤੇ ਸੁਰੱਖਿਆ ਕੇਂਦਰ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਪੰਜਾਬ ਇੰਜਨੀਅਰਿੰਗ ਕਾਲਜ ਵਿਚ 20 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਹਿਮਾਚਲ ਲੜਕਿਆਂ ਦੇ ਹੋਸਟਲ ਦੇ 140 ਕਮਰਿਆਂ ਦਾ ਵੀ ਉਦਘਾਟਨ ਕੀਤਾ ਗਿਆ।