
ਬੱਚੇ ਨੇ 'ਮੇਰੇ ਪਿਤਾ' ਲੇਖ ‘ਚ ਲਿਖੀ ਘਰ ਦੀ ਗਰੀਬੀ
ਮਹਾਰਾਸ਼ਟਰ- ਤੁਸੀਂ ਅਕਸਰ ਇਹ ਗੱਲ ਸੁਣੀ ਹੋਵੇਗੀ ਕਿ ਬੱਚਿਆਂ ‘ਚ ਰੱਬ ਵੱਸਦਾ ਹੈ। ਉਹ ਜੋ ਕਰਦੇ ਹਨ ਸੱਚੇ ਦਿਲ ਨਾਲ ਕਰਦੇ ਹਨ। ਅਜਿਹਾ ਹੀ ਇੱਕ 9 ਸਾਲਾ ਬੱਚਾ ਹੈ ਜੋ ਇਸ ਸਮੇਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਹ ਬੱਚਾ ਹੈ ਮਹਾਰਾਸ਼ਟਰ ਦੇ ਬੀੜ ਜਿਲ੍ਹੇ ਦਾ ਮੰਗੇਸ਼ ਵਾਲਕੇ। ਚੌਥੀ ਜਮਾਤ 'ਚ ਪੜ੍ਹਨ ਵਾਲੇ ਮੰਗੇਸ਼ ਵੱਲੋਂ ਲਿਖਿਆ ਲੇਖ ਕਾਫੀ ਵਾਇਰਲ ਹੋ ਰਿਹਾ ਹੈ। ਦੱਸ ਦਈਏ ਸਕੂਲ 'ਚ ਆਯੋਜਿਤ ਲੇਖ ਮੁਕਾਬਲੇ 'ਚ ਬੱਚਿਆਂ ਨੂੰ 'ਮੇਰੇ ਪਿਤਾ' ਵਿਸ਼ੇ 'ਤੇ ਲੇਖ ਲਿਖਣ ਲਈ ਕਿਹਾ ਗਿਆ ਸੀ।
File
ਜਿਸ 'ਚ ਉਸ ਨੇ ਆਪਣੇ ਘਰ ਦੀ ਗਰੀਬੀ ਅਤੇ ਆਰਥਿਕ ਸਮੱਸਿਆ ਬਾਰੇ ਲਿਖਿਆ। ਬੱਚੇ ਦੇ ਲੇਖ ਨੂੰ ਪੜ੍ਹ ਕੇ ਅਧਿਆਪਿਕਾ ਦੀਆਂ ਅੱਖਾਂ 'ਚ ਹੰਝੂ ਆ ਗਏ। ਅਧਿਆਪਕਾ ਨੇ ਉਸ ਲੇਖ ਨੂੰ ਆਪਣੇ ਦੋਸਤਾਂ ਅਤੇ ਜਾਣਕਾਰਾਂ ਨੂੰ ਭੇਜ ਕੇ ਬੱਚੇ ਲਈ ਸਹਾਇਤਾ ਮੰਗੀ। ਕੁੱਝ ਹੀ ਦੇਰ 'ਚ ਇਹ ਲੇਖ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ, ਜੋ ਹੁਣ ਚਰਚਾ 'ਚ ਹੈ। ਦਰਅਸਲ, ਬੀੜ ਦੇ ਜ਼ਿਲ੍ਹਾ ਪ੍ਰੀਸ਼ਦ ਸਕੂਲ 'ਚ ਚੌਥੀ ਜਮਾਤ 'ਚ ਪੜ੍ਹਨ ਵਾਲੇ ਮੰਗੇਸ਼ ਵਾਲਕੇ ਨੇ ਲੇਖ 'ਚ ਲਿਖਿਆ।
File
"ਮੇਰੇ ਪਿਤਾ ਜੀ ਕਹਿੰਦੇ ਸਨ ਪੜ੍ਹ-ਲਿਖ ਕੇ ਵੱਡਾ ਸਾਹਿਬ ਬਣਨਾ। ਪਰ ਇੱਕ ਸਾਲ ਪਹਿਲਾਂ ਪਿਤਾ ਦੀ ਟੀਬੀ ਕਾਰਨ ਮੌਤ ਹੋ ਗਈ। ਮੇਰੇ ਪਿਤਾ ਜੀ ਦੀ ਮੌਤ 'ਤੇ ਮੈਂ ਅਤੇ ਮੇਰੀ ਮਾਂ ਬਹੁਤ ਰੋਏ। ਉਸ ਦਿਨ ਬਹੁਤ ਸਾਰੇ ਲੋਕ ਸਾਡੇ ਘਰ ਆਏ ਅਤੇ ਸਾਨੂੰ ਹੌਸਲਾ ਤੇ ਦਿਲਾਸਾ ਦੇ ਰਹੇ ਸਨ। ਪਿਤਾ ਜੀ ਦੇ ਜਾਣ ਤੋਂ ਬਾਅਦ ਕੋਈ ਸਾਡੀ ਮਦਦ ਨਹੀਂ ਕਰਦਾ। ਮੇਰੀ ਮਾਂ ਅਪਾਹਜ਼ ਹੈ ਅਤੇ ਮੈਨੂੰ ਘਰ ਦਾ ਸਾਰਾ ਕੰਮ ਕਰਨਾ ਪੈਂਦਾ ਹੈ।" ਮੰਗੇਸ਼ ਦੇ ਲੇਖ ਨੂੰ ਪੜ੍ਹ ਕੇ ਅਧਿਆਪਕਾ ਨਜ਼ਮਾ ਸ਼ੇਖ ਦੀਆਂ ਅੱਖਾਂ 'ਚ ਹੰਝੂ ਆ ਗਏ।
File
ਅਧਿਆਪਕਾ ਨੇ ਦੱਸਿਆ ਕਿ ਮੰਗੇਸ਼ ਦੇ ਲੇਖ ਨੂੰ ਪੜ੍ਹ ਕੇ ਮੈਂ ਬਹੁਤ ਦੁਖੀ ਹੋਈ ਅਤੇ ਉਸ ਦੀ ਮਦਦ ਲਈ ਲੇਖ ਦੀ ਤਸਵੀਰ ਆਪਣੇ ਸਾਥੀਆਂ ਨੂੰ ਭੇਜ ਦਿੱਤੀ। ਉਨ੍ਹਾਂ ਦੱਸਿਆ ਕਿ ਪੜ੍ਹਾਈ ਲਈ ਮੰਗੇਸ਼ ਕੋਲ ਪੈਸੇ ਨਹੀਂ ਹਨ, ਕਿਉਂਕਿ ਮਾਂ ਨੇ ਜੋ ਵੀ ਪੈਸਾ ਇਕੱਠਾ ਕੀਤਾ ਸੀ, ਉਹ ਮੰਗੇਸ਼ ਦੇ ਪਿਤਾ ਦੇ ਇਲਾਜ 'ਤੇ ਖਰਚ ਹੋ ਗਿਆ। ਇਸ ਤੋਂ ਬਾਅਦ ਮੰਗੇਸ਼ ਦੁਆਰਾ ਲਿਖਿਆ ਲੇਖ ਇੰਨਾ ਵਾਇਰਲ ਹੋਇਆ ਕਿ ਇਹ ਸਿੱਧਾ ਸਮਾਜਿਕ ਨਿਆਂ ਮੰਤਰੀ ਧਨੰਜੇ ਮੁੰਡੇ ਤੱਕ ਪਹੁੰਚ ਗਿਆ।
File
ਜਿਵੇਂ ਹੀ ਇਹ ਮਾਮਲਾ ਨੋਟਿਸ 'ਚ ਆਇਆ ਮੰਤਰੀ ਧਨੰਜੇ ਮੁੰਡੇ ਨੇ ਇੱਕ ਸਰਕਾਰੀ ਆਦੇਸ਼ ਜਾਰੀ ਕਰਦਿਆਂ ਮੰਗੇਸ਼ ਨੂੰ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ਮੀਡੀਆ ਨੂੰ ਧਨੰਜੇ ਮੁੰਡੇ ਨੇ ਦੱਸਿਆ, "ਸਮਾਜਿਕ ਨਿਆਂ ਵਿਭਾਗ ਵੱਲੋਂ ਜੋ ਵੀ ਮਦਦ ਬੱਚੇ ਲਈ ਕਰ ਸਕਦੇ ਹਾਂ, ਉਸ ਬਾਰੇ ਆਦੇਸ਼ ਦੇ ਦਿੱਤੇ ਗਏ ਹਨ। ਜਦੋਂ ਤੱਕ ਮੰਗੇਸ਼ ਆਪਣੇ ਪੈਰਾਂ 'ਤੇ ਖੜ੍ਹਾ ਨਹੀਂ ਹੋ ਜਾਂਦਾ, ਉਦੋਂ ਤਕ ਉਸ ਦੀ ਜ਼ਿੰਮੇਵਾਰੀ ਮੈਂ ਖੁਦ ਚੁੱਕੀ ਹੈ।"