
ਕਿਹਾ, 26 ਜਨਵਰੀ ਨੂੰ ਸਰਕਾਰ ਦੇ ਸਾਰੇ ਭਰਮ ਭੁਲੇਖੇ ਦੂਰ ਕਰ ਦੇਵਾਂਗੇ
ਚੰਡੀਗੜ੍ਹ : ਅੱਜ ਤੋਂ ਪਹਿਲਾਂ ਜਿੰਨੇ ਵੀ ਨਾਇਕ ਹੋਏ ਹਨ, ਉਨ੍ਹਾਂ ਦਾ ਅਕਸ ਬੜਾ ਵੱਖਰਾ ਹੰੁਦਾ ਸੀ। ਜਦਕਿ ਕਿਸਾਨ ਨੂੰ ਹਮੇਸ਼ਾ ਵਿਚਾਰਾ ਅਤੇ ਨਿਮਾਣਾ ਜਿਹਾ ਹੀ ਸਮਝਿਆ ਜਾਂਦਾ ਰਿਹਾ ਹੈ। ਪਰ ਕਿਸਾਨੀ ਅੰਦੋਲਨ ਨੇ ਅੱਜ ਸਾਡੇ ਨਾਇਕ ਬਦਲ ਦਿੱਤੇ ਹਨ। ਕਦੀ ਫਿਲਮੀ ਸਿਤਾਰਿਆਂ ਨੂੰ ਨਾਇਕ ਮੰਨਿਆ ਜਾਂਦਾ ਸੀ, ਪਰ ਅੱਜ ਸਾਡੇ ਨਾਇਕ ਸਾਡੇ ਕਿਸਾਨ ਬਣ ਗਏ ਹਨ। ਇਕ ਅਜਿਹੇ ਹੀ ਨਾਇਕ ਹਨ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਜੋ ਕਿਸਾਨੀ ਘੋਲ ਵਿਚ ਮੋਹਰੀ ਭੂਮਿਕਾ ਨਿਭਾਅ ਰਹੇ ਹਨ। ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਵਲੋਂ ਉਨ੍ਹਾਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ, ਪੇਸ਼ ਹਨ ਮੁਲਾਕਾਤ ਦੇ ਖ਼ਾਸ ਅੰਸ਼ :
ਸਵਾਲ : ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਲੋਕ ਹੀਰੋ ਵਜੋਂ ਮੰਨਦੇ ਹਨ, ਤੁਹਾਡੇ ਮੋਢਿਆਂ ’ਤੇ ਪਏ ਇਸ ਭਾਰ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੋ ਹੋ?
ਜਵਾਬ : ਅਸਲ ਵਿਚ ਇਸ ਵੀ ਸਾਡੀ ਕੋਈ ਗੁਣਵੰਤਾ ਨਹੀਂ ਹੈ, ਕਰਨ ਅਤੇ ਕਰਵਾਉਣ ਵਾਲਾ ਉਹ ਅਕਾਲ ਪੁਰਖ ਹੈ। ਇਕ ਛੋਟੀ ਜਿਹੀ ਗ਼ਲਤੀ ਕਾਰਨ ਬੰਦਾ ਜ਼ੀਰੋ ਹੋ ਜਾਂਦਾ ਹੈ ਅਤੇ ਚੰਗੇ ਕੰਮ ਲਈ ਹੀਰੋ ਬਣ ਜਾਂਦਾ ਹੈ।
ਸਵਾਲ : ਠੀਕ ਹੈ, ਇਹ ਸਭ ਮਾਲਕ ਦੀ ਬਖਸ਼ੀਸ਼ ਹੁੰਦੀ ਹੈ, ਪਰ ਅਪਣੇ ਅਸੂਲਾਂ ਅਤੇ ਹੱਕ ਲਈ ਖੜ੍ਹੇ ਹੋਣਾ ਹੋਰ ਗੱਲ ਹੈ। ਪੰਜਾਬ ਅਤੇ ਹਰਿਆਣਾ ਦੇ ਕਿਸਾਨ ਆਗੂ ਆਪਣੀ ਸਾਖ਼ ਅਤੇ ਸੂਬੇ ਦੇ ਹੱਕ ਸੁਰੱਖਿਅਤ ਕਰ ਕੇ ਵਾਪਸ ਪਰਤ ਸਕਦੇ ਸਨ, ਪਰ ਤੁਸੀਂ ਅਜਿਹਾ ਨਹੀਂ ਕੀਤਾ। ਇਸ ਤਰ੍ਹਾਂ ਜਿਹੜੀ ਇਕ ਨਾਇਕ ਦੀ ਪਰਿਭਾਸ਼ਾ ਸੀ, ਉਹ ਤਾਂ ਤੁਸੀਂ ਬਦਲ ਦਿੱਤੀ ਹੈ?
ਜਵਾਬ : ਵੇਖੋ ਜੀ, ਅਸੀਂ ਤਾਂ ਇੰਨਾ ਹੀ ਕਹਿ ਸਕਦੇ ਹਾਂ ਕਿ ਅਕਾਲ ਪੁਰਖ ਮਾਲਕ ਅਪਣੀ ਬਖਸ਼ਿਸ਼ ਬਣਾਈ ਰੱਖੇ, ਸਾਨੂੰ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਣ ਦਾ ਬਲ ਬਖ਼ਸ਼ੇ, ਇਸ ਬਦਲੇ ਚਾਹੇ ਸਾਡੀ ਜਾਨ ਵੀ ਚਲੀ ਜਾਵੇ, ਪਰ ਅਸੀਂ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰ ਸਕੀਏ, ਸਾਡੀ ਉਸ ਅਕਾਲ ਪੁਰਖ ਅੱਗੇ ਇਹੀ ਅਰਦਾਸ ਹੈ।
Gurnam Singh Chaduni
ਸਵਾਲ : ਤੁਸੀਂ ਇਕ ਕਿਸਾਨ ਪਰਵਾਰ ਨਾਲ ਸਬੰਧਤ ਹੋ, ਤੁਹਾਡਾ ਬਚਪਨ ਕਿਵੇਂ ਬੀਤਿਆ ਅਤੇ ਤੁਸੀਂ ਇਸ ਮੁਕਾਮ ਤਕ ਕਿਸ ਤਰ੍ਹਾਂ ਪਹੁੰਚੇ?
ਜਵਾਬ : ਮੇਰਾ ਬਚਪਨ ਬੜਾ ਚੁਨੌਤੀ ਭਰਪੂਰ ਰਿਹਾ ਹੈ। ਅਸੀਂ ਕੱਚੇ ਮਕਾਨਾਂ ’ਚ ਪੈਦਾ ਹੋਏ ਹਾਂ, ਥੋੜ੍ਹੀ ਸੋਝੀ ਆਉਂਦੇ ਹੀ ਡੰਗਰ ਚਾਰਨੇ ਪਏ, ਜਦੋਂ 10 ਕਿਲੋ ਪੱਠੇ ਚੁੱਕ ਕੇ ਘਰ ਲਿਆਉਣ ਜੋਗੇ ਹੋਏ ਤਾਂ ਇਹ ਕੰਮ ਵੀ ਕਰਨਾ ਪਿਆ। ਜਦੋਂ 20 ਕਿਲੋ ਚੁੱਕਣ ਜੋਗੇ ਹੋਏ ਤਾਂ ਇਹ ਵੀ ਚੁਕਣੇ ਪਏ। ਮਤਲਬ ਬਚਪਨ ਤੋਂ ਲੈ ਕੇ ਨਾ ਸਾਨੂੰ ਕਦੇ ਖੇਡਣ ਦਾ ਸਮਾਂ ਮਿਲਿਆ ਅਤੇ ਨਾ ਸਾਨੂੰ ਘੁੰਮਣ-ਘੁਮਾਉਣ ਦਾ ਸਮਾਂ ਮਿਲਿਆ। ਬਚਪਨ ਤੋਂ ਲੈ ਕੇ ਜੁਆਨੀ ਅਤੇ ਹੁਣ ਤਕ ਚੱਲ ਸੋ ਚੱਲ ਹੀ ਰਹੀ ਹੈ। ਸਾਰਾ ਦਿਨ ਖੇਤਾਂ ਵਿਚ ਕੰਮ ਕਰਨ ਤੋਂ ਇਲਾਵਾ ਰਾਤਾਂ ਨੂੰ ਖੇਤਾਂ ਨੂੰ ਪਾਣੀ ਲਗਾਉਣ ਵਰਗੇ ਔਖੇ ਕੰਮ ਵੀ ਸਾਨੂੰ ਕਰਨੇ ਪਏ ਹਨ।
ਸਵਾਲ : ਹੁਣ ਵੀ ਇਹੋ ਰੋਟੀਨ ਹੈ?
ਜਵਾਬ : ਨਹੀਂ, ਹੁਣ ਥੋੜ੍ਹਾ ਬਦਲ ਗਿਆ ਹੈ। 1992 ਵਿਚ ਮੈਂ ਯੂਨੀਅਨ ’ਚ ਸ਼ਾਮਲ ਹੋਇਆ। ਜਿਵੇਂ ਜਿਵੇਂ ਸਮਾਂ ਬਦਲਦਾ ਗਿਆ, ਜਿੰਮੇਵਾਰੀ ਅਤੇ ਕੰਮ ਵੀ ਬਦਲਦੇ ਗਏ। ਹੁਣ ਜ਼ਿਆਦਾਤਰ ਕੰਮ ਬੱਚਿਆਂ ਨੇ ਸੰਭਾਲ ਲਿਆ ਹੈ। ਭਰਾ ਵੀ ਮਦਦ ਕਰ ਦਿੰਦੇ ਹਨ। ਮੈਨੂੰ ਪਰਵਾਰ ਦਾ ਬੜਾ ਸਹਿਯੋਗ ਰਿਹਾ ਹੈ। ਸਾਡਾ ਸਾਰੇ ਭਰਾਵਾਂ ਦਾ ਪਰਵਾਰ ਇਕੱਠਾ ਹੀ ਰਿਹਾ ਹੈ।
Gurnam Singh Chaduni
ਸਵਾਲ : ਤੁਸੀਂ ਹਰਿਆਣਾ ਦੀ ਕਿਸਾਨ ਯੂਨੀਅਨ ਨੂੰ ਸੰਗਠਨ ਕਰਨ ਵਿਚ ਵੱਡੀ ਭੂਮਿਕਾ ਨਿਭਾਈ ਹੈ। ਤੁਹਾਡਾ 1992 ਤੋਂ ਲੈ ਕੇ ਹੁਣ ਤਕ ਦਾ ਸਫ਼ਰ ਕਿਸ ਤਰ੍ਹਾਂ ਦਾ ਰਿਹਾ ਹੈ?
ਜਵਾਬ : ਇਸ ਵਿਚ ਬੜੀਆਂ ਮੁਸੀਬਤਾਂ ਵੀ ਆਈਆਂ ਹਨ। ਇਕ ਵਾਰ ਤਾਂ ਸਾਡਾ ਪੂਰਾ ਪਰਵਾਰ ਨੂੰ ਹੀ ਸਰਕਾਰ ਨੇ ਜੇਲ੍ਹ ਅੰਦਰ ਡੱਕ ਦਿਤਾ ਸੀ। ਇੱਥੋਂ ਤਕ ਕੇ ਨੌਕਰਾਂ ਨੂੰ ਵੀ ਨਹੀਂ ਸੀ ਬਖਸ਼ਿਆ।
ਸਵਾਲ : ਕਿਸ ਕਸੂਰ ’ਚ ਜੇਲ੍ਹ ਡੱਕਿਆ ਸੀ?
ਜਵਾਬ : ਕਸੂਰ ਤਾਂ ਸਰਕਾਰਾਂ ਨਾਲ ਟਕਰਾਅ ਹੀ ਹੁੰਦਾ ਹੈ। ਅਸੀਂ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਸੀ ਜੋ ਸਾਡਾ ਵੱਡਾ ਕਸੂਰ ਬਣ ਗਿਆ। ਅਸੀਂ ਉਸ ਵੇਲੇ ਦੇ ਮੁੱਖ ਮੰਤਰੀ ਚੋਟਾਲੇ ਦਾ ਦੁਸ਼ਹਿਰੇ ਵਾਲੇ ਦਿਨ ਪੁਤਲਾ ਫੂਕਣ ਦਾ ਐਲਾਨ ਕੀਤਾ ਸੀ। ਜਿਸ ਤਰ੍ਹਾਂ ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫੂਕਿਆ ਗਿਆ ਹੈ। ਅਸੀਂ ਉਸ ਵਿਚ ਕਾਮਯਾਬ ਹੋ ਗਏ। ਪੁਲਿਸ ਨੇ ਸਾਡੇ ਨਾਲ ਕੁੱਟਮਾਰ ਕਰਦਿਆਂ ਗਿ੍ਰਫ਼ਤਾਰ ਕਰ ਕੇ ਜੇਲ੍ਹ ਅੰਦਰ ਡੱਕ ਦਿਤਾ ਸੀ।
Gurnam Singh Chaduni
ਸਵਾਲ : ਕੀ ਉਹਦੇ ਮੁਕਾਬਲੇ ਅੱਜ ਸਥਿਤੀ ਬਿਹਤਰ ਹੈ, ਜਦੋਂ ਸਿਆਸਤਦਾਨ ਪੁਤਲੇ ਫੂਕਣ ਦੀ ਇਜਾਜ਼ਤ ਦੇ ਰਹੇ ਹਨ?
ਜਵਾਬ : ਨਹੀਂ, ਬਿਹਤਰ ਤਾਂ ਅੱਜ ਵੀ ਨਹੀਂ ਹੈ। ਅੱਜ ਕਿਸਾਨੀ ਅੰਦੋਲਨ ਦੌਰਾਨ ਹੀ 30-35 ਮੁਕੱਦਮੇ 307 ਦੇ ਦਰਜ ਹੋ ਚੁੱਕੇ ਹਨ। ਅੰਬਾਲੇ ਤੋਂ ਚਲਦਿਆਂ 5 ਬੈਰੀਅਰ ਆਏ ਜਿੱਥੇ ਇਨ੍ਹਾਂ ਨੇ ਸੜਕਾਂ ਪੁਟਣ ਤੋਂ ਇਲਾਵਾ ਅੱਥਰੂ ਗੈਸ, ਪਾਣੀ ਦੀਆਂ ਬੁਛਾੜਾਂ ਸਮੇਤ ਵੱਡੀਆਂ ਰੋਕਾਂ ਲਾ ਕੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਈਆਂ ਦੇ ਸੱਟਾਂ ਵੀ ਲੱਗੀਆਂ ਹਨ। ਚੰਗੇ ਦਿਨ ਨਾ ਉਹ ਸੀ ਅਤੇ ਨਾ ਹੀ ਇਹ ਹਨ। ਸੱਤਾ ਦਾ ਜਿਹੜਾ ਹੰਕਾਰ ਹੁੰਦਾ ਹੈ, ਇਹ ਹਾਕਮ ਧਿਰ ਦੇ ਸਿਰ ਚੜ੍ਹ ਬੋਲਦਾ ਹੈ। ਇਹ ਜਦੋਂ ਵਿਰੋਧੀ ਧਿਰ ਵਿਚ ਹੁੰਦੇ ਹਨ ਤਾਂ ਹੋਰ ਗੱਲਾਂ ਕਰਦੇ ਹਨ, ਪਰ ਜਦੋਂ ਸੱਤਾ ਵਿਚ ਆ ਜਾਂਦੇ ਹਨ ਤਾਂ ਸੱਤਾ ਦੇ ਨਸ਼ੇ ਵਿਚ ਇਹੋ ਜਿਹੀਆਂ ਆਪਹੁਦਰੀਆਂ ਕਰਨ ਲੱਗੇ ਜਾਂਦੇ ਹਨ।
ਸਵਾਲ : ਤੁਹਾਡਾ ਮਤਲਬ, ਸਿਆਸਤਦਾਨ ਸਾਰੇ ਇਕੋ ਜਿਹੇ ਹੁੰਦੇ ਹਨ। ਇਸ ਦੇ ਬਾਵਜੂਵ ਵੀ ਤੁਸੀਂ ਸਾਰੀ ਵਿਰੋਧੀ ਧਿਰ ਨੰੂ ਇਕੱਠਾ ਕੀਤਾ। ਤੁਸੀਂ ਉਨ੍ਹਾਂ ਨਾਲ ਗੱਲਬਾਤ ਦੀ ਕੋਸ਼ਿਸ਼ ਕੀਤੀ। ਕਈ ਲੋਕ ਨਰਾਜ਼ ਵੀ ਹੋਏ ਕਿ ਸਿਆਸਤਦਾਨਾਂ ਨੂੰ ਬਿਲਕੁਲ ਛੱਡ ਦਿਉ, ਤੁਸੀਂ ਅਜਿਹਾ ਕਿਉਂ ਕੀਤਾ?
ਜਵਾਬ : ਇਹ ਆਪੋ-ਆਪਣੀ ਵਿਚਾਰਧਾਰਾ ਹੰੁਦੀ ਹੈ। ਵੇਖੋ, ਸਾਡਾ ਅੰਦੋਲਨ ਹੈ ਸੜਕ ਦਾ ਤੇ ਉਨ੍ਹਾਂ ਦਾ ਅੰਦੋਲਨ ਹੈ ਵੋਟ ਦਾ। ਸਰਕਾਰ ਨੂੰ ਸੜਕ ਦੇ ਅੰਦੋਲਨ ਦੀ ਬਜਾਇ ਵੋਟ ਦੇ ਅੰਦੋਲਨ ਦਾ ਵਧੇਰੇ ਖ਼ਤਰਾ ਹੁੰਦਾ ਹੈ। ਰਾਜਨੇਤਾ ਉਥੇ ਵੀ ਬੋਲ ਸਕਦਾ ਹੈ, ਜਿੱਥੇ ਉਨ੍ਹਾਂ ਦੀ ਪੰਚਾਇਤ ਹੁੰਦੀ ਹੈ। ਰਾਜਨੇਤਾ ਦੇ ਬੋਲਣ ਦਾ ਮਤਲਬ, ਉਹ ਨਹੀ ਵੋਟ ਬੋਲ ਰਹੀ ਹੈ। ਅਸੀਂ ਅੰਦੋਲਨ ਕਰ ਰਹੇ ਹਾਂ, ਦੇਸ਼ ਰਾਜਨੇਤਾ ਨੇ ਚਲਾਉਣਾ ਹੈ, ਪਰ ਉਹ ਘਰ ਬੈਠੇ ਹੋਏ ਹਨ। ਜਦੋਂ ਵੋਟ ਦਾ ਸਮਾਂ ਆਵੇਗਾ, ਉਹ ਫਿਰ ਸਾਡੇ ਕੋਲ ਆਉਣਗੇ। ਹੁਣ ਜਦੋਂ ਸਾਨੂੰ ਉਨ੍ਹਾਂ ਦੀ ਲੋੜ ਹੈ ਤਾਂ ਅਸੀਂ ਅਪਣੀ ਵੋਟ ਬਦਲੇ ਉਨ੍ਹਾਂ ਤੋਂ ਕੰਮ ਕਿਉਂ ਨਹੀਂ ਲੈਂਦੇ। ਨਾਲੇ ਵਿਰੋਧੀ ਧਿਰ ਦਾ ਪਤਾ ਚੱਲ ਸਕਦਾ ਹੈ ਕਿ ਉਹ ਕਾਨੂੰਨਾਂ ਦੇ ਪੱਖ ਵਿਚ ਹੈ ਜਾਂ ਵਿਰੋਧ ਵਿਚ। ਜੇਕਰ ਉਹ ਇਸ ਦੇ ਵਿਰੋਧ ਵਿਚ ਹਨ ਤਾਂ ਉਨ੍ਹਾਂ ਨੂੰ ਦੇਸ਼ ਨੂੰ ਦੱਸਣਾ ਚਾਹੀਦਾ ਹੈ।
Gurnam Singh Chaduni
ਸਵਾਲ : ਸਿਆਸਤਦਾਨ ਕਿਸਾਨ ਤੋਂ ਇੰਨਾ ਡਰ ਕਿਉਂ ਗਿਆ ਹੈ? ਉਹ ਕਹਿੰਦੇ ਹਨ ਕਿ ਜੇਕਰ ਅਸੀਂ ਉਥੇ ਗਏ ਤਾਂ ਸਾਡੀ ਮੁਖਾਲਫਿਤ ਹੋਵੇਗੀ। ਕੀ ਸਿਆਸਤਦਾਨਾਂ ਦਾ ਇਹ ਡਰ ਜਾਇਜ਼ ਹੈ?
ਜਵਾਬ : ਹਾਂ, ਉਨ੍ਹਾਂ ਦਾ ਡਰ ਜਾਇਜ਼ ਹੈ। ਜਿਵੇਂ ਇਕ ਗੱਲ ਫ਼ੈਲ ਗਈ ਕਿ ਅਸੀਂ ਉਨ੍ਹਾਂ ਨੂੰ ਸਟੇਜ ’ਤੇ ਨਹੀਂ ਚੜ੍ਹਨ ਦੇਣਾ। ਹੁਣ ਉਹ ਸੋਚਦੇ ਹਨ ਕਿ ਜੇਕਰ ਅਸੀਂ ਗਏ ਤੇ ਸਾਨੂੰ ਬੋਲਣ ਨਾ ਦਿਤਾ ਤਾਂ ਸਾਡੀ ਬੇਇੱਜ਼ਤੀ ਹੋਵੇਗੀ। ਜੇਕਰ ਉਹ ਆ ਵੀ ਜਾਂਦੇ ਹਨ ਤਾਂ ਇਹ ਗੱਲ ਫ਼ੈਲ ਸਕਦੀ ਹੈ ਕਿ ਇਹ ਅੰਦੋਲਨ ਰਾਜਨੀਤਕ ਹੋ ਗਿਆ ਹੈ। ਸਰਕਾਰ ਨੂੰ ਵੀ ਇਹ ਕਹਿਣ ਦਾ ਮੌਕਾ ਮਿਲ ਜਾਵੇਗਾ। ਸੋ ਅਸੀਂ ਇਹ ਕਿਹਾ ਹੈ ਕਿ ਤੁਸੀਂ ਸਾਡੀ ਸਟੇਜ ’ਤੇ ਨਹੀਂ ਆਉਣਾ। ਸਾਡਾ ਪ੍ਰਸਤਾਵ ਸੀ ਕਿ ਉਹ ਵੱਖਰੀ ਸਟੇਜ ਲਗਾ ਕੇ ਆਵਾਜ਼ ਉਠਾਉਣ ਅਤੇ ਦੇਸ਼ ਸਾਹਮਣੇ ਅਪਣੇ ਵਿਚਾਰ ਰੱਖਣ। ਪਰ ਸਾਡੇ ਵਾਲੇ ਵਿਚਾਰਧਾਰਾ ਨਾ ਮਿਲਣ ਕਾਰਨ ਇਸ ਤੋਂ ਵੀ ਨਾਰਾਜ਼ ਹਨ ਜੋ ਵਿਚਾਰਧਾਰਾ ਨਾ ਮਿਲਣ ਕਾਰਨ ਵਾਪਰਿਆ ਹੈ।
Gurnam Singh Chaduni
ਸਵਾਲ : ਅੱਜ ਕਿਸਾਨ ਆਗੂਆਂ ਪਿੱਛੇ ਵੱਡੀ ਗਿਣਤੀ ਵਿਚ ਲੋਕ ਆ ਖੜ੍ਹੇ ਹੋਏ ਹਨ। ਜਿਵੇਂ ਪਹਿਲਾਂ ਡਰ ਸੀ ਕਿ ਕਿਸਾਨ ਆਗੂ ਵਿੱਕ ਸਕਦੇ ਹਨ ਜਾਂ ਪਿੱਛੇ ਹਟ ਸਕਦੇ ਹਨ ਪਰ ਹੁਣ ਅਜਿਹਾ ਨਹੀਂ ਹੈ। ਕੀ ਜਾਗਰੂਕ ਜਨਤਾ ਆਗੂਆਂ ਨੂੰ ਬਦਲ ਸਕਦੀ ਹੈ?
ਜਵਾਬ : ਅਸਲ ਤਾਕਤ ਤਾਂ ਜਨਤਾ ਹੀ ਹੁੰਦੀ ਹੈ, ਜਨਤਾ ਦੀ ਭਾਵਨਾ ਦੇ ਵਿਰੁਧ ਕੋਈ ਚੱਲ ਨਹੀਂ ਸਕਦਾ। ਜਿਹੜਾ ਵਿਰੁਧ ਚੱਲੇਗਾ ਜਨਤਾ ਉਸ ਨੂੰ ਪਾਸੇ ਕਰ ਦੇਵੇਗੀ...
ਸਵਾਲ : ਸਿਆਸਤਦਾਨ ਤਾਂ ਹਮੇਸ਼ਾ ਜਨਤਾ ਦੇ ਵਿਰੁਧ ਹੀ ਚਲਦਾ ਆਇਆ ਹੈ, ਉਹ ਵੋਟਾਂ ਵੇਲੇ ਕੁੱਝ ਹੋਰ ਕਹਿੰਦੇ ਹਨ ਪਰ ਬਾਅਦ ਵਿਚ ਉਨ੍ਹਾਂ ਦਾ ਵਿਵਹਾਰ ਹੋ ਜਾਂਦਾ ਹੈ?
ਜਵਾਬ : ਉਹ ਜਨਤਾ ਦੇ ਵਿਰੁਧ ਨਹੀਂ ਚਲਦਾ, ਉਹ ਚਾਲਬਾਜ਼ ਹੁੰਦਾ ਹੈ, ਰਾਜਨੇਤਾ ਜਨਤਾ ਨੂੰ ਚਾਲ ਵਿਚ ਦੇ ਕੇ ਮਾਰਦੇ ਹਨ। ਇਸ ਕਰ ਕੇ ਅਜਿਹੇ ਆਗੂ ਬਦਨਾਮ ਵੀ ਹੋ ਜਾਂਦੇ ਹਨ। ਪਰ ਕਿਸਾਨ ਅੰਦੋਲਨ ਵਿਚ ਸਭ ਧਿਰਾਂ ਇਕੱਠੀਆਂ ਹੋ ਗਈਆਂ ਹਨ। ਹੁਣ ਆਗੂਆਂ ਦੀਆਂ ਮਿਲੀਭੁਗਤ ਵਰਗੀਆਂ ਚਾਲਾਂ ਨਹੀਂ ਚੱਲ ਸਕਦੀਆਂ।
Gurnam Singh Chaduni
ਸਵਾਲ: ਤੁਸੀਂ ਵੱਡੀਆਂ ਔਕੜਾਂ ਦੇ ਬਾਵਜੂਦ ਅੰਦੋਲਨ ਕਰ ਰਹੇ ਹੋ। ਤੁਹਾਡੇ ’ਤੇ ਦੇਸ਼ ਧਰੋਹੀ, ਖਾਲਿਸਤਾਨੀ ਅਤੇ ਹੋਰ ਕਈ ਤਰ੍ਹਾਂ ਦੇ ਦੋਸ਼ ਲੱਗਦੇ ਆ ਰਹੇ ਹਨ। ਕੀ ਤੁਹਾਨੂੰ ਨਰਾਜਗੀ ਨਹੀਂ ਹੁੰਦੀ ਕਿ ਜਿਸ ਦੇਸ਼ ਦਾ ਅਸੀਂ ਪੇਟ ਭਰਿਆ, ਉਹ ਸਾਡੇ ਨਾਲ ਅਜਿਹਾ ਵਿਵਹਾਰ ਕਿਉਂ ਕਰ ਰਿਹਾ ਹੈ?
ਜਵਾਬ : ਨਹੀਂ, ਸਾਡੇ ਨਾਲ ਅਜਿਹਾ ਵਿਵਹਾਰ ਦੇਸ਼ ਨਹੀਂ ਕਰ ਰਿਹਾ। ਦੇਸ਼ ਤਾਂ ਸਾਨੂੰ ਇਦਾਂ ਲਗਦੈ ਜਿਵੇਂ ਸਾਡਾ ਸਨਮਾਨ ਕਰ ਰਿਹੈ। ਕਿਸਾਨ ਦਿੱਲੀ ਅੰਦਰ ਨਹੀਂ ਗਏ, ਪਰ ਦਿੱਲੀ ਦੇ ਹਜ਼ਾਰਾਂ ਲੋਕ ਅਪਣੀ ਸਮਰੱਥਾ ਮੁਤਾਬਕ ਕਿਸਾਨਾਂ ਦੀ ਸੇਵਾ ਕਰ ਰਹੇ ਹਨ ਜੋ ਦੇਸ਼ ਦਾ ਸਨਮਾਨ ਹੈ। ਅੱਜ ਲੋਕ ਨੌਕਰੀਆਂ ਛੱਡ ਕੇ ਸੰਘਰਸ਼ ’ਚ ਸ਼ਾਮਲ ਹੋ ਰਹੇ ਹਨ, ਜੋ ਕਿਸਾਨਾਂ ਦਾ ਸਨਮਾਨ ਹੈ। ਅੱਜ ਲੋਕ ਅਪਣੀ ਜਾਇਦਾਦ ਅਤੇ ਗੱਡੀਆਂ ਬਗੈਰਾ ਵੇਚ ਕੇ ਉਸ ਦਾ ਸਮਾਨ ਖ਼ਰੀਦ ਕੇ ਧਰਨਾ ਸਥਾਨਾਂ ’ਤੇ ਵੰਡ ਰਹੇ ਹਨ। ਇਸ ਤੋਂ ਵੱਡਾ ਸਨਮਾਨ ਕੀ ਹੋ ਸਕਦਾ ਹੈ? ਇਹ ਤੁਹਾਡੀ ਗੱਲ ਤੁਸੀਂ ਕਹਿ ਰਹੇ ਹੋ, ਇਹ ਤਾਂ ਸਰਕਾਰ ਕਹਿ ਰਹੀ ਹੈ। ਅਸੀਂ ਸਰਕਾਰ ਦਾ ਇਹ ਵਹਿਮ ਵੀ 26 ਤਰੀਕ ਨੂੰ ਕੱਢ ਦੇਵਾਂਗੇ ਕਿ ਵੇਖ ਲਵੋ ਇਹ ਟਰੈਕਟਰ ਅਤੇ ਇਨ੍ਹਾਂ ਵਿਚ ਤੇਲ ਕਿਸਾਨਾਂ ਦਾ ਹੈ ਜਾਂ ਪਾਕਿਸਤਾਨ ਜਾਂ ਕਿਸੇ ਹੋਰ ਥਾਂ ਤੋਂ ਫੰਡਿੰਗ ਨਾਲ ਆਇਐ। ਸਰਕਾਰ ਹੁਣ ਕਹਿਣ ਲੱਗ ਪਈ ਹੈ ਕਿ ਇੰਨੇ ਟਰੈਕਟਰ ਦਿੱਲੀ ਵਿਚ ਸੰਭਲਣਗੇ ਕਿਵੇਂ, ਪਰ ਪਹਿਲਾਂ ਕਹਿੰਦੇ ਸੀ ਕਿ ਤੁਹਾਡੇ ਕੋਲ ਹੈ ਕੁੱਝ ਨਹੀਂ।
ਸਵਾਲ : ਨੌਜਵਾਨ ਅੱਜ ਜੋਸ਼ ਨਾਲ ਭਰੇ ਪਏ ਹਨ, ਕੀ ਉਨ੍ਹਾਂ ਦੇ ਜੋਸ਼ ਨੂੰ ਕਾਬੂ ਕਰਨ ਵਿਚ ਤੁਹਾਨੂੰ ਕੁੱਝ ਦਿੱਕਤਾਂ ਆਉਂਦੀਆਂ ਹਨ?
ਜਵਾਬ : ਅੱਜ ਤਕ ਤਾਂ ਨੌਜਵਾਨ ਸਾਡੀ ਬੱਚਿਆਂ ਵਾਂਗ ਗੱਲ ਮੰਨ ਰਹੇ ਹਨ। ਅਸੀਂ ਉਨ੍ਹਾਂ ਨੂੰ ਜੋ ਵੀ ਹੁਕਮ ਦਿਤਾ ਹੈ, ਉਹ ਉਸੇ ਮੁਤਾਬਕ ਹੀ ਵਿਚਰਦੇ ਰਹੇ ਹਨ। ਸਾਨੂੰ ਉਮੀਦ ਹੈ ਕਿ 26 ਤਰੀਕ ਨੂੰ ਵੀ ਉਹ ਇਸੇ ਤਰ੍ਹਾਂ ਜ਼ਾਬਤਾ ਬਣਾ ਕੇ ਰੱਖਣਗੇ।
ਸਵਾਲ: 26 ਜਨਵਰੀ ਨੂੰ ਲੈ ਕੇ ਕਾਫ਼ੀ ਤਣਾਅ ਪਾਇਆ ਜਾ ਰਿਹਾ ਹੈ। ਕੋਈ ਕਿਸੇ ਪਾਸਿਓਂ ਸ਼ਰਾਰਤ ਹੋਣ ਦਾ ਡਰ ਬਣਿਆ ਹੋਇਐ। ਕੀ ਤੁਹਾਨੂੰ ਵੀ ਇਸ ਬਾਰੇ ਕੋਈ ਘਬਰਾਹਟ ਹੈ ਜਾਂ ਤੁਸੀਂ ਇਸ ਨੂੰ ਲੈ ਕੇ ਪੂਰੀ ਤਰ੍ਹਾਂ ਸੰਤੁਸ਼ਟ ਹੋ?
ਜਵਾਬ : ਵੇਖੋ, ਇਹ ਚੀਜ਼ਾਂ ਸਾਡੇ ਹੱਥ ਵਿਚ ਨਹੀਂ ਹੁੰਦੀਆਂ। ਅਸੀਂ ਸੋਚ ਕੇ ਕੁੱਝ ਹੋਰ ਜਾਂਦੇ ਹਾਂ ਪਰ ਕੰਮ ਕੁੱਝ ਹੋਰ ਹੋ ਜਾਂਦਾ ਹੈ। ਜੋ ਕਰਨਾ ਉਸ ਮਾਲਕ ਨੇ ਕਰਨੈ, ਪਰ ਸਾਨੂੰ ਉਸ ’ਤੇ ਪੂਰਾ ਭਰੋਸਾ ਹੈ ਕਿ ਉਹ ਜੋ ਵੀ ਕਰੇਗਾ, ਠੀਕ ਹੀ ਕਰੇਗਾ। ਸਥਿਤੀ ਨੂੰ ਕੰਟਰੋਲ ਰੱਖਣਾ ਜਿੰਨਾ ਸਾਡੇ ਵੱਸ ਵਿਚ ਹੈ, ਅਸੀਂ ਪੂਰੀ ਵਾਹ ਲਾ ਰਹੇ ਹਾਂ।
Gurnam Singh Chaduni
ਸਵਾਲ : ਜੇਕਰ ਪਹਿਲਾ ਵਾਰ ਪੁਲਿਸ ਵਲੋਂ ਹੋਇਆ, ਰੋਕਣ ਦੀ ਕੋਸ਼ਿਸ਼ ਹੋਈ, ਤੁਸੀਂ ਕੀ ਕਰੋਗੇ, ਚੁੱਪ ਰਹੋਗੇ?
ਜਵਾਬ : ਹਾਂ, ਅਸੀਂ ਚੁਪ ਰਹਾਂਗੇ, ਅੱਗੋਂ ਹੱਥ ਨਹੀਂ ਚੁਕਾਂਗੇ। ਇਹ ਸਾਡਾ ਪੱਕਾ ਇਰਾਦਾ ਹੈ, ਅਸੀਂ ਹੱਥ ਨਹੀਂ ਚੁਕਾਂਗੇ, ਪੁਲਿਸ ਜੋ ਮਰਜੀ ਕਰੀ ਜਾਵੇ। ਜੇਕਰ ਪੁਲਿਸ ਸਾਡੇ ’ਤੇ ਗੋਲੀ ਚਲਾ ਦੇਵੇ, ਡੰਡੇ ਮਾਰ ਲਵੇ, ਪਰ ਅਸੀਂ ਹੱਥ ਨਹੀਂ ਚੁਕਾਂਗੇ, ਇਹ ਸਾਡਾ ਪਹਿਲਾ ਸਿਧਾਂਤ ਹੈ। ਅਸੀਂ ਸਾਰਿਆਂ ਨੂੰ ਕਹਿ ਦਿਤੈ ਕਿ ਜੇਕਰ ਕੋਈ ਸਾਡੇ ਵੱਲੋਂ ਵੱਟਾ ਮਾਰਦੈ ਜਾਂ ਕੋਈ ਹੋਰ ਹੋਛੀ ਹਰਕਤ ਕਰਦਾ ਤਾਂ ਅਸੀਂ ਉਸ ਨੂੰ ਉਥੇ ਹੀ ਫੜ ਲਵਾਂਗੇ। ਉਹ ਸਾਡੇ ਨਾਲ ਨਹੀਂ ਹੋਵੇਗਾ, ਅਸੀਂ ਉਸ ਨੂੰ ਤੇ ਉਸ ਦੇ ਸਾਥੀਆਂ ਨੂੰ ਫੜ ਕੇ ਪੁਲਿਸ ਹਵਾਲੇ ਕਰ ਦੇਵਾਂਗੇ।
ਸਵਾਲ : ਜਿਵੇਂ ਹਰਿਆਣਾ ਵਿਚ ਬੈਰੀਅਰ ਤੋੜੇ ਗਏ ਕਿ ਸਿਰਫ਼ ਬੈਰੀਅਰ ਹੀ ਤੋੜਣੇ ਹਨ ਅਤੇ ਸਿਰਫ਼ ਅੱਗੇ ਵਧਣ ਵੱਲ ਧਿਆਨ ਰੱਖਣੈ। ਕੀ ਇੱਥੇ ਵੀ ਉਸੇ ਤਰ੍ਹਾਂ ਹੀ ਹੋਵੇਗਾ?
ਜਵਾਬ : ਵੇਖੋ, ਅੰਬਾਲੇ ਤੋਂ ਲੈ ਕੇ ਜਿੰਨੇ ਵੀ ਬੈਰੀਅਰ ਤੋੜੇ, ਅਸੀਂ ਅੱਗੇ ਸਾਂ। ਸਾਡੇ ਇਕ ਬੰਦੇ ਨੇ ਵੀ ਵੱਟਾ ਨਹੀਂ ਮਾਰਿਆ। ਕਿਸੇ ਨੇ ਵੀ ਹੱਥ ਨਹੀਂ ਚੁਕਿਆ। ਕਿਸੇ ਨੇ ਕੁੱਝ ਵੀ ਭੜਕਾਊ ਹਰਕਤ ਨਹੀਂ ਕੀਤੀ। ਸਾਡੀਆਂ ਸਖ਼ਤ ਹਦਾਇਤਾਂ ਸਨ ਕਿ ਕੁੱਝ ਵੀ ਨਹੀਂ ਕਰਨਾ ਤੇ ਕੁੱਝ ਵੀ ਨਹੀਂ ਹੋਇਆ। ਹੁਣ ਵੀ ਸਾਡਾ ਇਹੋ ਹੈ ਕਿ ਅਸੀਂ ਕੁੱਝ ਨਹੀਂ ਕਰਾਂਗੇ, ਪੁਲਿਸ ਜੋ ਮਰਜ਼ੀ ਕਰੀ ਜਾਵੇ। ਪੁਲਿਸ ਵਾਲੇ ਕੌਣ ਹਨ? ਉਹ ਵੀ ਤਾਂ ਸਾਡੇ ਹੀ ਭਰਾ ਹਨ। ਜੇਕਰ ਅਸੀਂ ਆਪਸ ਵਿਚ ਹੀ ਲੜ ਪਏ, ਤਾਂ ਭਰਾ ਭਰਾ ਨਾਲ ਲੜੇਗਾ। ਸਾਡਾ ਵਿਰੋਧ ਸਰਕਾਰ ਨਾਲ ਹੈ, ਸਾਡਾ ਵਿਰੁਧ ਪੁਲਿਸ ਮੁਲਾਜ਼ਮਾਂ ਜਾਂ ਅਧਿਕਾਰੀਆਂ ਨਾਲ ਨਹੀਂ ਹੈ। ਇਹ ਸਾਰੇ ਸਾਡੇ ਪਰਿਵਾਰਾਂ ਵਿਚੋਂ ਹਨ। ਇਹ ਸਾਡਾ ਸਨਮਾਨ ਵੀ ਕਰਦੇ ਹਨ। ਸਾਡਾ ਕਹਿਣਾ ਹੈ ਕਿ ਸਾਡੇ ਖਿਲਾਫ਼ ਮਾਰੂ ਕਾਨੂੰਨ ਆਗੂਆਂ ਨੇ ਬਣਾਏ ਹਨ। ਜਦੋਂ ਉਹ ਪਿੰਡਾਂ ਵਿਚ ਜਾ ਕੇ ਰੈਲੀਆਂ ਕਰਦੇ ਹਨ ਤਾਂ ਅਸੀਂ ਉਨ੍ਹਾਂ ਦਾ ਵਿਰੋਧ ਕਰਾਂਗੇ। ਜਦੋੋਂ ਇਹ ਆਗੂ ਸਾਨੂੰ ਦਿੱਲੀ ਵਿਚ ਨਹੀਂ ਵੜਣ ਦਿੰਦੇ ਤਾਂ ਉਹ ਸਾਡੇ ਪਿੰਡਾਂ ਵਿਚ ਕਿਉਂ ਜਾਂਦੇ ਹਨ।
ਸਵਾਲ : ਤੁਹਾਡੀਆਂ ਆਗੂਆਂ ਨਾਲ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ। ਕੀ ਤੁਸੀਂ ਉਨ੍ਹਾਂ ਨੂੰ ਕਦੇ ਇਹ ਨਹੀਂ ਕਿਹਾ ਕਿ ਦਿੱਲੀ ਸਾਡੀ ਵੀ ਰਾਜਧਾਨੀ ਹੈ, ਸਾਨੂੰ ਦਿੱਲੀ ਵਿਚ ਆਉਣ ਦੇਣਾ ਚਾਹੀਦਾ ਹੈ?
ਜਵਾਬ : ਨਹੀਂ, ਉਹ ਕਹਿੰਦੇ ਹਨ ਆ ਜਾਓ, ਜਦੋਂ ਅਸੀਂ ਸੜਕਾਂ ’ਤੇ ਹੀ ਬਹਿ ਗਏ ਤੇ ਫਿਰ ਕਹਿਣ ਲੱਗ ਪਏ ਕਿ ਅੰਦਰ ਬੁਰਾੜੀ ਗਰਾਊਂਡ ਵਿਚ ਆ ਜਾਉ। ਪਰ ਜਦੋਂ ਅਸੀਂ ਪਿੱਛੋਂ ਆ ਰਹੇ ਸੀ ਤਾਂ ਸਾਨੂੰ ਰੋਕਿਆ ਗਿਆ ਸੀ। ਪਰ ਆਗੂਆਂ ਦਾ ਕੀ ਹੈ, ਉਨ੍ਹਾਂ ਨੂੰ ਵੀ ਪਤਾ ਹੈ ਕਿ ਅਸੀਂ ਜਾਣਬੁਝ ਕੇ ਰੋਕਿਆ ਹੋਇਐ।