
ਇਹ ਆਦਮੀ ਚਾਰ ਕਿਸਾਨੀ ਨੇਤਾਵਾਂ ਨੂੰ ਮਾਰਨ ਦੀ ਸਾਜਿਸ਼ ਦੇ ਹਿੱਸੇ ਵਜੋਂ ਇਥੇ ਆਇਆ ਸੀ
ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਖਿਲ਼ਾਫ ਸਿੰਘੂ ਬਾਰਡਰ 'ਤੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਹਨ। ਇਸ ਵਿਚਕਾਰ ਬੀਤੀ ਰਾਤ ਕਿਸਾਨਾਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਸਾਨ ਲੀਡਰਾਂ ਨੂੰ ਮਾਰਨ ਦੀ ਸਾਜ਼ਿਸ਼ ਦੇ ਇਲਜ਼ਾਮ ਲਾਏ ਸਨ ਜਿਸ ਤੋਂ ਬਾਅਦ ਇਕ ਮੁਲਜ਼ਮ ਵੀ ਪੁਲਿਸ ਨੂੰ ਸੌਂਪਿਆਂ ਗਿਆ ਸੀ ਪਰ ਅੱਜ ਪੁਲਿਸ ਦੇ ਸਾਹਮਣੇ ਪੇਸ਼ ਹੋਣ ਤੋਂ ਬਾਅਦ ਇਹ ਮੁਲਜ਼ਮ ਆਪਣੀ ਗੱਲ ਤੋਂ ਮੁਕਰ ਰਿਹਾ ਹੈ। ਮੁਲਜ਼ਮ ਨੌਜਵਾਨ ਦਾ ਵੀ ਇਕ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਨੌਜਵਾਨ ਕਹਿ ਰਿਹਾ ਹੈ ਕਿ ਕਿਸਾਨਾਂ ਦੇ ਦਬਾਅ 'ਚ ਹੀ ਉਸ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਸੀ ਪਰ ਜਦ ਕਿ ਇਹ ਗ਼ਲਤ ਹੈ ਕਿਉਂਕਿ ਕਿਸਾਨਾਂ ਨੇ ਉਸ ਨੂੰ ਜਬਰਦਸਤੀ ਨਹੀਂ ਸਗੋਂ ਬਹੁਤ ਹੀ ਸਹਿਜ ਨਾਲ ਪ੍ਰੈਸ ਕਾਨਫਰੰਸ 'ਚ ਇਸ ਮਾਮਲੇ ਬਾਰੇ ਪੁਛਿਆ ਸੀ।
ਇਸ ਤੋਂ ਬਾਅਦ ਨੌਜਵਾਨ ਦੀ ਮਾਂ ਦਾ ਬਿਆਨ ਵੀ ਸਾਹਮਣੇ ਆਇਆ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਇਹ 20 ਜਨਵਰੀ ਤੋਂ ਘਰ ਤੋਂ ਲਾਪਤਾ ਹੈ ਪਰ ਨੌਜਵਾਨ ਨੇ ਕਿਹਾ ਕਿ ਉਹ 19 ਜਨਵਰੀ ਨੂੰ ਉਸ ਨੂੰ ਕਿਸਾਨਾਂ ਨੇ ਫੜਿਆ ਸੀ।
ਨੌਜਵਾਨ ਦੇ ਮੁਕਰਨ ਤੋਂ ਬਾਅਦ ਬਹੁਤ ਸਾਰੇ ਲੋਕ ਸਵਾਲ ਉਠਾ ਰਹੇ ਹਨ ਕਿ ਆਖਰਕਾਰ ਕਿਓਂ ਇਕੋ ਰਾਤ 'ਚ ਬਦਲ ਗਿਆ ਨੌਜਵਾਨ ? ਇਸ ਤੋਂ ਬਾਅਦ ਨੌਜਵਾਨ ਦੀ ਮਾਂ ਨੇ ਵੀ ਬਿਆਨ ਦਿੱਤਾ ਹੈ ਜੋ ਕਿ ਆਪਸ 'ਚ ਮੇਲ ਨਹੀਂ ਖਾ ਰਿਹਾ। ਸਭ ਤੋਂ ਵੱਡਾ ਸਵਾਲ ਹਾਲੇ ਵੀ ਕਾਇਮ ਹੈ ਕਿਕੌਣ ਰੱਚ ਰਿਹਾ ਕਿਸਾਨੀ ਅੰਦੋਲਨ ਖਿਲਾਫ਼ ਸਾਜਿਸ਼?
ਦੱਸਣਯੋਗ ਹੈ ਕਿ ਕਿਸਾਨ ਜੱਥੇਬੰਦੀਆਂ ਨੇ ਸਰਕਾਰੀ ਏਜੰਸੀਆਂ ਉੱਤੇ ਅੰਦੋਲਨ ਨੂੰ ਕਮਜ਼ੋਰ ਕਰਨ ਦਾ ਦੋਸ਼ ਲਾਇਆ ਹੈ। ਗ੍ਰਿਫ਼ਤਾਰ ਨੌਜਵਾਨ ਸੋਨੀਪਤ ਦੇ ਜੀਵਨ ਨਗਰ ਦਾ ਰਹਿਣ ਵਾਲਾ ਹੈ ਤੇ ਇਸ ਦਾ ਨਾਂਅ ਯੋਗੇਸ਼ ਦੱਸਿਆ ਗਿਆ ਹੈ। ਯੋਗੇਸ਼ ਨੌਵੀਂ ਕਲਾਸ ਫੇਲ੍ਹ ਹੈ ਫਿਲਹਾਲ ਸੋਨੀਪਤ ਦੇ ਡੀਐਸਪੀ ਹੰਸਰਾਜ ਦੀ ਅਗਵਾਈ 'ਚ ਪੁਲਿਸ ਪੁੱਛਗਿੱਛ ਕਰ ਰਹੀ ਹੈ। ਨੌਜਵਾਨ ਨੇ ਵੀ ਕਿਹਾ ਸੀ ਕਿ ਉਨ੍ਹਾਂ ਦੇ ਕਰੀਬ 50-60 ਸਾਥੀ ਹਨ। ਜਿੰਨ੍ਹਾਂ 'ਚੋਂ 10 ਸਾਥੀ ਰਾਠਧਵਾ ਪਿੰਡ ਤੋਂ ਹਨ। ਉਨ੍ਹਾਂ 'ਚੋਂ ਕੁਝ ਕਿਸਾਨਾਂ 'ਚ ਮਿਲ ਕੇ ਪੁਲਿਸ 'ਤੇ ਫਾਇਰਿੰਗ ਕਰਨਗੇ। ਜਿਸ ਨਾਲ ਹੰਗਾਮਾ ਹੋ ਸਕੇ। ਇਸ ਦੇ ਨਾਲ ਹੀ ਉਸ ਨੇ ਕਿਹਾ ਸੀ ਕਿ ਰਾਈ ਥਾਣੇ ਦੇਮੁਖੀ ਪ੍ਰਦੀਪ ਸਿੰਘ ਨੇ ਉਨ੍ਹਾਂ ਨੂੰ ਅਜਿਹਾ ਕਰਨ ਦੀ ਟ੍ਰੇਨਿੰਗ ਦਿੱਤੀ ਸੀ।
ਫੜੇ ਗਏ ਵਿਅਕਤੀ ਦੀ ਜੁਬਾਨੀ
ਮੀਡੀਆ ਸਾਹਮਣੇ ਪੇਸ਼ ਹੋਏ ਇਸ ਵਿਅਕਤੀ ਨੇ ਕਿਹਾ- ਸਾਨੂੰ ਇਸ ਕੰਮ ਲਈ ਹਥਿਆਰ ਮਿਲੇ ਹਨ। ਜਿਵੇਂ ਹੀ ਕਿਸਾਨ 26 ਨੂੰ ਅੱਗੇ ਵਧਣ ਦੀ ਕੋਸ਼ਿਸ਼ ਕਰਨਗੇ ਅਤੇ ਜੇ ਉਹ ਨਾ ਰੁਕੇ ਤਾਂ ਉਨ੍ਹਾਂ ਨੂੰ ਗੋਲੀ ਮਾਰਨ ਦਾ ਆਦੇਸ਼ ਮਿਲਿਆ ਸੀ। ਸਾਡੀ 10 ਵਿਅਕਤੀਆਂ ਦੀ ਦੂਜੀ ਟੀਮ ਨੇ ਪਿੱਛੇ ਤੋਂ ਫਾਇਰਿੰਗ ਕਰਨੀ ਸੀ, ਜਿਸ ਤੋਂ ਦਿੱਲੀ ਪੁਲਿਸ ਨੂੰ ਇਹ ਲੱਗਦਾ ਕਿ ਇਹ ਕਿਸਾਨਾਂ ਨੇ ਕੀਤਾ ਹੈ। 26 ਨੂੰ ਕੀਤੀ ਜਾ ਰਹੀ ਰੈਲੀ ਵਿੱਚ ਅੱਧੇ ਲੋਕ ਘਰ ਦੇ ਹੋਣਗੇ, ਜੋ ਉਨ੍ਹਾਂ ਨੂੰ ਖਿੰਡਾਉਣ ਲਈ ਪੁਲਿਸ ਦੀ ਵਰਦੀ ਵਿੱਚ ਹੋਣਗੇ। 24 ਨੂੰ ਸਟੇਜ 'ਤੇ ਆਉਣ ਵਾਲੇ ਚਾਰ ਲੋਕਾਂ ਨੂੰ ਮਾਰਨਾ ਸੀ ਉਹਨਾਂ ਦੀ ਫੋਟੋ ਵੀ ਦਿੱਤੀ ਗਈ ਹੈ।
ਜਿਹੜਾ ਸਾਨੂੰ ਸਿਖਾਉਂਦਾ ਹੈ ਉਸਦਾ ਨਾਮ ਪ੍ਰਦੀਪ ਸਿੰਘ ਹੈ। ਉਹ ਰਾਏ ਥਾਣੇ ਦਾ ਐਸਐਚਓ ਹੈ। ਜਦੋਂ ਵੀ ਉਹ ਸਾਨੂੰ ਮਿਲਣ ਆਉਂਦਾ, ਉਹ ਆਪਣਾ ਮੂੰਹ ਨੂੰ ਢੱਕ ਕੇ ਆਉਂਦਾ ਸੀ। ਅਸੀਂ ਉਸ ਦਾ ਬੈਚ ਵੇਖਿਆ ਜਿਹਨਾਂ ਲੋਕਾਂ ਨੂੰ ਮਾਰਨਾ ਸੀ ਉਨ੍ਹਾਂ ਦੇ ਨਾਮ ਨਹੀਂ ਜਾਣਦੇ, ਉਨ੍ਹਾਂ ਦੀਆਂ ਫੋਟੋਆਂ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੇ ਅੰਦੋਲਨ ਅਤੇ 26 ਜਨਵਰੀ ਨੂੰ ਹੋਣ ਜਾ ਰਹੀ ਟਰੈਕਟਰ ਰੈਲੀ ਨੂੰ ਨਿਰੰਤਰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹਨ। ਕਿਸਾਨ ਲੀਡਰਾਂ ਨੇ ਇਸ ਵਿਅਕਤੀ ਨੂੰ ਮੀਡੀਆ ਸਾਹਮਣੇ ਪੇਸ਼ ਕਰਨ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ।