
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੁਲਕ ਦੇ ਬਟਵਾਰੇ ਨੂੰ ਮੂਰਤੀਮਾਨ ਕਰਦਾ ਵਿਸ਼ਵ ਦਾ ਪਹਿਲਾ ਅਜਾਇਬ ਘਰ ਦੇਸ਼ ਨੂੰ ਸਮਰਪਿਤ ਕਰ ਕੇ ਉਨ੍ਹਾਂ ਲੱਖਾਂ ਲੋਕਾਂ ਦੀਆਂ..
ਅੰਮ੍ਰਿਤਸਰ, 17 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੁਲਕ ਦੇ ਬਟਵਾਰੇ ਨੂੰ ਮੂਰਤੀਮਾਨ ਕਰਦਾ ਵਿਸ਼ਵ ਦਾ ਪਹਿਲਾ ਅਜਾਇਬ ਘਰ ਦੇਸ਼ ਨੂੰ ਸਮਰਪਿਤ ਕਰ ਕੇ ਉਨ੍ਹਾਂ ਲੱਖਾਂ ਲੋਕਾਂ ਦੀਆਂ ਕੁਰਬਾਨੀਆਂ ਨੂੰ ਸਿਜਦਾ ਕੀਤਾ ਜਿਨ੍ਹਾਂ ਨੇ 1947 ਵਿਚ ਦੇਸ਼ ਦੀ ਵੰਡ ਵਿਚ ਅਪਣੀਆਂ ਅਣਮੁਲੀਆਂ ਜਾਨਾਂ ਅਤੇ ਘਰ ਗੁਆ ਲਏ ਸਨ। ਇਸ ਮੌਕੇ ਉਨ੍ਹਾਂ ਨੇ ਇਤਿਹਾਸ ਤੋਂ ਸਬਕ ਸਿੱਖਣ ਦਾ ਵੀ ਸੱਦਾ ਦਿਤਾ ਤਾਕਿ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਅਜਿਹਾ ਦੁਖਾਂਤ ਮੁੜ ਨਾ ਵਾਪਰ ਸਕੇ।
ਅੱਜ ਇਥੇ ਵਿਸ਼ੇਸ਼ ਯਾਦਗਾਰੀ ਸਮਾਰੋਹ ਦੌਰਾਨ 'ਦੀ ਆਰਟਸ ਐਂਡ ਕਲਚਰਲ ਹੈਰੀਟੇਜ ਟਰੱਸਟ' ਦੇ ਉਦਮ ਨਾਲ ਬਣਾਏ ਅਜਾਇਬ ਘਰ ਦੀ ਤਖ਼ਤੀ ਤੋਂ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਪਰਦਾ ਹਟਾਇਆ ਤਾਂ ਇਸ ਮੌਕੇ ਮਾਹੌਲ ਬਹੁਤ ਭਾਵੁਕ ਹੋ ਗਿਆ। ਇਸ ਤਖ਼ਤੀ 'ਤੇ ਬਟਵਾਰਾ ਯਾਦਗਾਰੀ ਦਿਵਸ ਵਜੋਂ 17 ਅਗੱਸਤ ਉਕਰਿਆ ਹੈ। ਅੰਮ੍ਰਿਤਸਰ ਦੇ ਇਤਿਹਾਸਕ ਟਾਊਨ ਹਾਲ ਵਿਖੇ ਇਹ ਅਜਾਇਬ ਘਰ ਸਥਾਪਤ ਕੀਤਾ ਗਿਆ ਹੈ। ਉਦਘਾਟਨੀ ਰਸਮ ਤੋਂ ਬਾਅਦ ਇਕ ਮਿੰਟ ਦਾ ਮੌਨ ਵੀ ਰਖਿਆ ਗਿਆ। ਮੁੱਖ ਮੰਤਰੀ ਨੇ ਅੱਜ ਇਹ ਅਜਾਇਬ ਘਰ ਦੇਸ਼ ਨੂੰ ਸਮਰਪਿਤ ਕੀਤਾ ਜੋ ਸੂਬਾ ਸਰਕਾਰ ਦੀ ਭਾਈਵਾਲੀ ਰਾਹੀਂ ਹੋਂਦ ਵਿਚ ਆਇਆ।
ਭਾਰਤੀ ਇਤਿਹਾਸ ਦੇ ਦੁਖਦਾਇਕ ਪਲਾਂ ਤੇ ਯਾਦਾਂ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਅਪਣੇ ਭਾਸ਼ਨ 'ਚ ਮੇਘਨਾਦ ਦੇਸਾਈ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਇਸ ਨਿਵੇਕਲੇ ਕਿਸਮ ਦੇ ਅਜਾਇਬ ਘਰ ਵਿਚ ਸਾਡੇ ਇਤਿਹਾਸ ਦੇ ਬਹੁਤ ਹੀ ਦੁਖਦਾਇਕ ਅਧਿਆਏ ਨੂੰ ਮੁੜ ਸੁਰਜੀਤ ਕਰ ਦਿਤਾ ਹੈ। ਇਹ ਅਜਾਇਬ ਘਰ ਅਤੇ ਜਲੰਧਰ ਵਿਚ ਸਥਿਤ ਜੰਗ-ਏ-ਆਜ਼ਾਦੀ ਯਾਦਗਾਰ ਇਕੋ ਜਿਹੇ ਉਪਰਾਲੇ ਹਨ ਜੋ ਨੌਜਵਾਨ ਪੀੜ੍ਹੀਆਂ ਲਈ ਅਪਣੇ ਪਿਛੋਕੜ ਨੂੰ ਸਮਝਣ ਅਤੇ ਇਸ ਤੋਂ ਸਬਕ ਸਿਖਣ ਵਿਚ ਸਹਾਈ ਹੋਣਗੇ। ਕੋਈ ਵੀ ਮੁਲਕ ਅਪਣੇ ਇਤਿਹਾਸ ਤੋਂ ਸਬਕ ਸਿੱਖੇ ਬਿਨਾਂ ਅੱਗੇ ਨਹੀਂ ਵੱਧ ਸਕਦਾ। ਨਵੀਂ ਪੀੜ੍ਹੀ ਲਈ ਵੰਡ ਦੇ ਦਿਨ ਅੰਕੜਿਆਂ ਤਕ ਸੀਮਤ ਹੋ ਕੇ ਰਹਿ ਗਏ ਹਨ, ਜਿਨ੍ਹਾਂ ਲੋਕਾਂ ਨੂੰ ਇਸ ਦੁਖਾਂਤ ਵਿਚੋਂ ਗੁਜ਼ਰਨਾ ਪਿਆ, ਉਨ੍ਹਾਂ ਲੋਕਾਂ ਅੰਦਰ ਇਸ ਸਮੇਂ ਦੀਆਂ ਬਹੁਤ ਹੀ ਦੁਖਦਾਇਕ ਤੇ ਕੌੜੀਆਂ ਯਾਦਾਂ ਸਮੋਈਆਂ ਹਨ। ਇਹ ਮਿਊਜ਼ੀਅਮ ਨੌਜਵਾਨਾਂ ਨੂੰ ਇਤਿਹਾਸ ਵਿਚ ਮੁਲਕਾਂ ਨੂੰ ਵੰਡਣ ਦੀਆਂ ਸੱਭ ਤੋਂ ਵੱਡੀਆਂ ਘਟਨਾਵਾਂ ਵਿਚੋਂ ਇਕ ਸਾਡੇ ਦੇਸ਼ ਦੀ ਵੰਡ ਨੂੰ ਦੇਖਣ ਅਤੇ ਤਜਰਬਾ ਹਾਸਲ ਕਰਨ ਲਈ ਸਹਾਈ ਹੋਵੇਗਾ।
ਮੁੱਖ ਮੰਤਰੀ ਨੇ ਵੰਡ ਨਾਲ ਜੁੜੀਆਂ ਅਪਣੀਆਂ ਯਾਦਾਂ ਨੂੰ ਚੇਤੇ ਕਰਦਿਆਂ ਕਿਹਾ ਕਿ ਉਹ ਉਸ ਵੇਲੇ ਨੌਜਵਾਨ ਸਨ ਅਤੇ ਇਕ ਰੇਲ ਗੱਡੀ ਰਾਹੀਂ ਸ਼ਿਮਲਾ ਵਿਚ ਸਥਿਤ ਅਪਣੇ ਬੋਰਡਿੰਗ ਸਕੂਲ ਤੋਂ ਘਰ ਵਾਪਸ ਆ ਰਹੇ ਸਨ ਅਤੇ ਜਦੋਂ ਉਨ੍ਹਾਂ ਨੇ ਡੱਬੇ ਦਾ ਪਰਦਾ ਹਟਾਇਆ ਤਾਂ ਇਕ ਸਟੇਸ਼ਨ 'ਤੇ ਲਾਸ਼ਾਂ ਪਈਆਂ ਦੇਖੀਆਂ। ਇਹ ਯਾਦ ਅਜੇ ਵੀ ਉਨ੍ਹਾਂ ਦੇ ਮਨ ਵਿਚ ਖੁਭੀ ਹੈ। ਕੈਪਟਨ ਨੇ ਅਪਣੀ ਮਾਤਾ ਰਾਜਮਾਤਾ ਮਹਿੰਦਰ ਕੌਰ ਜੋ ਹਾਲ ਹੀ ਵਿਚ ਚਲ ਵਸੇ ਹਨ, ਵਲੋਂ ਮੁਲਕ ਦੀ ਵੰਡ ਵੇਲੇ ਕੀਤੇ ਕੰਮਾਂ ਨੂੰ ਚੇਤੇ ਕੀਤਾ ਜਿਨ੍ਹਾਂ ਨੇ ਸ਼ਰਨਾਰਥੀ ਲੜਕੀਆਂ ਨੂੰ ਉਨ੍ਹਾਂ ਦੇ ਘਰਾਂ ਤਕ ਪਹੁੰਚਾਉਣ ਵਿਚ ਮਦਦ ਕੀਤੀ ਸੀ। ਉਨ੍ਹਾਂ ਦਿਨਾਂ ਨਾਲ ਜੁੜੀ ਅਪਣੀ ਮਾਤਾ ਦੀ ਯਾਦ ਨੂੰ ਚੇਤੇ ਕੀਤਾ ਕਿ ਕਿਵੇਂ ਸਰਹੱਦ ਪਾਰ ਅਪਣੇ ਨਵੇਂ ਘਰਾਂ ਵਿਚ ਖ਼ੁਸ਼ੀ-ਖ਼ੁਸ਼ੀ ਰਹਿ ਰਹੀਆਂ ਬਹੁਤੀਆਂ ਲੜਕੀਆਂ ਨੂੰ ਧੱਕੇ ਨਾਲ ਉਨ੍ਹਾਂ ਦੇ ਘਰਾਂ ਵਿਚ ਵਾਪਸ ਭੇਜ ਦਿਤਾ ਗਿਆ। ਉਹ ਅਪਣੇ ਬੱਚਿਆਂ ਤੇ ਪਰਵਾਰਾਂ ਨੂੰ ਛੱਡ ਕੇ ਨਹੀਂ ਸੀ ਜਾਣਾ ਚਾਹੁੰਦੀਆਂ ਪਰ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰ ਦਰਮਿਆਨ ਹੋਏ ਸਮਝੌਤੇ ਮੁਤਾਬਕ ਉਨ੍ਹਾਂ ਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ।
ਕੈਪਟਨ ਨੇ ਅਜਾਇਬ ਘਰ ਦੀ ਫੇਰੀ ਵੀ ਪਾਈ ਅਤੇ ਉਨ੍ਹਾਂ ਨੇ ਇਸ ਨੂੰ ਇਕ ਯਾਦਗਾਰੀ ਤਜਰਬਾ ਦਸਿਆ ਜੋ ਉਨ੍ਹਾਂ ਦੇ ਜੀਵਨ ਦੀਆਂ ਕਈ ਯਾਦਾਂ ਨੂੰ ਦਰਸਾਉਂਦਾ ਹੈ। ਪੰਜਾਬ ਸਰਕਾਰ ਨੇ ਇਸ ਅਜਾਇਬ ਘਰ ਦੀ ਉਸਾਰੀ ਲਈ ਮਦਦ ਦਿਤੀ ਅਤੇ 17 ਅਗੱਸਤ ਨੂੰ 'ਬਟਵਾਰਾ ਯਾਦਗਾਰੀ ਦਿਹਾੜੇ' ਵਜੋਂ ਮਨਾਉਣ ਦਾ ਐਲਾਨ ਪਹਿਲਾਂ ਹੀ ਕੀਤਾ ਹੈ। ਭਾਰਤ ਦੀ ਆਜ਼ਾਦੀ ਦੇ 70 ਵਰ੍ਹਿਆਂ ਬਾਅਦ ਸੈਂਕੜੇ ਨੌਜਵਾਨਾਂ ਨੂੰ ਅਪਣੇ ਜੀਵਨ ਵਿਚ ਪਹਿਲੀ ਵਾਰ ਇਸ ਗੱਲ ਦਾ ਅਹਿਸਾਸ ਹੋਇਆ ਕਿ ਮੁਲਕ ਦੇ ਬਟਵਾਰੇ ਦੀ ਹਿਜਰਤ ਦੌਰਾਨ ਉਨ੍ਹਾਂ ਦੇ ਵੱਡ-ਵਡੇਰਿਆਂ ਨੂੰ ਕਿੰਨੇ ਦੁੱਖ ਤੇ ਕਸ਼ਟ ਝੱਲਣੇ ਪਏ। ਜਿਵੇਂ ਹੀ ਇਨ੍ਹਾਂ ਨੌਜਵਾਨਾਂ ਨੇ ਦੁਖਦਾਇਕ ਇਤਿਹਾਸ ਨੂੰ ਮੂਰਤੀਮਾਨ ਕਰਦੇ ਦ੍ਰਿਸ਼ਾਂ ਨੂੰ ਤੱਕਿਆ ਤਾਂ ਉਨ੍ਹਾਂ ਦੀਆਂ ਅੱਖਾਂ ਨਮ ਹੁੰਦੀਆਂ ਦੇਖੀਆਂ ਜਾ ਸਕਦੀਆਂ ਸਨ।
ਸਭਿਆਚਾਰਕ, ਪੁਰਾਤੱਤਵ ਅਤੇ ਅਜਾਇਬ ਘਰ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੰਬੋਧਨ ਕਰਦਿਆਂ ਇਸ ਮਿਊਜ਼ੀਅਮ ਨੂੰ ਮਨੁੱਖੀ ਸੰਕਲਪ ਤੇ ਮੁੜ ਉਭਰਨ ਅਤੇ ਅਮਿੱਟ ਮਾਨਵੀ ਜਜ਼ਬੇ ਦਾ ਦੌਰ ਦਸਿਆ। ਇਸ ਮਿਊਜ਼ੀਅਮ ਨੇ ਵਕਤ ਦੀ ਧੂੜ ਵਿਚ ਗੁਆਚ ਰਹੇ ਇਤਿਹਾਸ ਨੂੰ ਮੁੜ ਸੁਰਜੀਤ ਕੀਤਾ ਹੈ। ਇਹ ਮਿਊਜ਼ੀਅਮ ਦੇਸ਼ ਨੂੰ ਸਮਰਪਿਤ ਕਰ ਕੇ ਮੁੱਖ ਮੰਤਰੀ ਕੈਪਟਨ ਨੇ ਇਤਿਹਾਸ ਸਿਰਜਿਆ ਹੈ। ਸਮਾਰੋਹ ਦੌਰਾਨ ਗੁਲਜ਼ਾਰ ਦੀ ਕਵਿਤਾ ਦਾ ਬਿਰਤਾਂਤ ਪੇਸ਼ ਕੀਤਾ ਗਿਆ ਜਿਨ੍ਹਾਂ ਨੇ ਅਪਣੀ ਨਵੀਂ ਅਨੁਵਾਦ ਹੋਈ ਕਿਤਾਬ 'ਫੁਟਪ੍ਰਿੰਟਸ ਆਫ਼ ਜ਼ੀਰੋ ਲਾਈਨ' ਜਾਰੀ ਕੀਤੀ ਜੋ ਬਟਵਾਰੇ 'ਤੇ ਲਿਖੀ ਗਈ ਹੈ। ਇਸ ਦੌਰਾਨ ਉੱਘੇ ਮਾਹਰਾਂ ਦੀ ਵਿਚਾਰ-ਚਰਚਾ ਵੀ ਹੋਈ ਜਿਨ੍ਹਾਂ ਵਿਚ ਉਰਵਸ਼ੀ ਬੁਟਾਲੀਆ ਅਤੇ ਸੁਰਜੀਤ ਪਾਤਰ ਵੀ ਸਨ। ਕਹਾਣੀਵਾਲਾ ਵੱਲੋਂ ਬਟਵਾਰੇ 'ਤੇ ਲਘੂ ਨਾਟਕ ਵੀ ਖੇਡਿਆ ਗਿਆ ਅਤੇ ਹਸ਼ਮਤ ਸੁਲਤਾਨਾ ਭੈਣਾਂ ਵਲੋਂ ਸੂਫ਼ੀ ਸੰਗੀਤ ਪੇਸ਼ ਕੀਤਾ ਗਿਆ। ਇਸ ਮਿਊਜ਼ੀਅਮ ਦੇ ਟਰੱਸਟ ਦੀ ਮੁਖੀ ਕਿਸ਼ਵਰ ਦੇਸਾਈ ਨੇ ਕੈਪਟਨ ਸਰਕਾਰ ਵਲੋਂ ਅਜਾਇਬ ਘਰ ਨੂੰ ਸਥਾਪਤ ਕਰਨ ਵਿਚ ਦਿਤੇ ਸਹਿਯੋਗ ਲਈ ਧਨਵਾਦ ਕੀਤਾ। ਪਦਮਸ੍ਰੀ ਵੀ.ਐਸ. ਸਾਹਨੀ (ਟਰੱਸਟ ਦੇ ਮੈਂਬਰ) ਅਤੇ ਸਨ ਫ਼ਾਊਂਡੇਸ਼ਨ ਦੇ ਮੁਖੀ ਨੇ ਇਸ ਨੂੰ ਲੋਕਾਂ ਦਾ ਮਿਊਜ਼ੀਅਮ ਦਸਿਆ ਜਿਸ ਦਾ ਸਮਰਪਿਤ ਸਮਾਰੋਹ ਸੰਜੀਦਾ ਪਲ ਹਨ।
ਇਸ ਮੌਕੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਓਮ ਪ੍ਰਕਾਸ਼ ਸੋਨੀ, ਸੁਨੀਲ ਦੱਤੀ, ਡਾ: ਰਾਜ ਕੁਮਾਰ, ਤਰਸੇਮ ਸਿੰਘ ਡੀ ਸੀ, ਸੰਤੋਖ ਸਿੰਘ ਭਲਾਈਪੁਰ (ਸਾਰੇ ਵਿਧਾਇਕ) ਲਾਲੀ ਮਜੀਠੀਆ, ਦਿਹਾਤੀ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ,ਹਰਜਿੰਦਰ ਸਿੰਘ ਸਾਂਘਣਾ, ਰਮਿੰਦਰ ਸਿੰਘ ਰੰਮੀ, ਮਮਤਾ ਦੱਤਾ, ਸਵਿੰਦਰ ਕੌਰ ਬੋਪਾਰਾਏ ਆਦਿ ਹਾਜ਼ਰ ਸਨ।