
ਸ਼ਤਰੂਘਨ ਸਿਨਹਾ ਦੀ ਜਗ੍ਹਾ ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੂੰ ਮੈਦਾਨ ਵਿਚ ਉਤਾਰ ਦਿਤਾ ਗਿਆ
ਨਵੀਂ ਦਿੱਲੀ : ਲੋਕਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ ਦੇ ਐਲਾਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ। ਕੇਂਦਰ ਦੀ ਸੱਤਾ ਉਤੇ ਕਾਬਿਜ਼ ਰਾਸ਼ਟਰੀ ਜਮਹੂਰੀ ਗਠਜੋੜ (ਐਨਡੀਏ) ਨੇ ਸ਼ਨਿਚਰਵਾਰ ਨੂੰ ਬਿਹਾਰ ਵਿਚ ਅਪਣੇ ਸਾਂਝਾ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿਤਾ, ਜਿਸ ਵਿਚ ਭਾਜਪਾ ਨੇ ਵੱਡਾ ਫ਼ੈਸਲਾ ਲੈਂਦੇ ਹੋਏ ਸ਼ਤਰੂਘਨ ਸਿਨਹਾ ਅਤੇ ਸ਼ਾਹਨਵਾਜ ਹੁਸੈਨ ਦੀ ਟਿਕਟ ਕੱਟ ਦਿਤੀ ਜਦੋਂ ਕਿ ਗਿਰੀਰਾਜ ਸਿੰਘ ਦੀ ਟਿਕਟ ਬਦਲ ਦਿਤੀ ਗਈ ਹੈ।
ਨਰਿੰਦਰ ਮੋਦੀ ਸਰਕਾਰ ਦੇ ਵਿਰੁਧ ਲਗਾਤਾਰ ਬਗਾਵਤੀ ਤੇਵਰ ਅਪਨਾਉਣ ਵਾਲੇ ਅਤੇ ਕੋਲਕਾਤਾ ਵਿਚ ਮਮਤਾ ਬੈਨਰਜੀ ਦੀ ਰੈਲੀ ਵਿਚ ਸ਼ਾਮਿਲ ਹੋਣ ਵਾਲੇ ਸੀਨੀਅਰ ਨੇਤਾ ਅਤੇ ਬਿਹਾਰੀ ਬਾਬੂ ਸ਼ਤਰੂਘਨ ਸਿਨਹਾ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪਟਨਾ ਸਾਹਿਬ ਲੋਕਸਭਾ ਸੀਟ ਤੋਂ ਟਿਕਟ ਕੱਟ ਦਿਤੀ ਹੈ। 2014 ਦੀਆਂ ਲੋਕਸਭਾ ਚੋਣਾਂ ਵਿਚ ਪਟਨਾ ਸਾਹਿਬ ਤੋਂ ਸ਼ਤਰੂਘਨ ਸਿਨਹਾ ਸੰਸਦ ਬਣੇ ਸਨ
ਪਰ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਦੇ ਵਿਰੁਧ ਬਗਾਵਤੀ ਤੇਵਰ ਅਪਨਾਉਣ ਦੇ ਕਾਰਨ ਉਨ੍ਹਾਂ ਦੀ ਟਿਕਟ ਕੱਟ ਦਿਤੀ ਗਈ ਹੈ ਅਤੇ ਉਨ੍ਹਾਂ ਦੀ ਜਗ੍ਹਾ ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੂੰ ਮੈਦਾਨ ਵਿਚ ਉਤਾਰ ਦਿਤਾ ਗਿਆ ਹੈ। ਇਸ ਵਾਰ ਪਟਨਾ ਸਾਹਿਬ ਤੋਂ ਰਵੀਸ਼ੰਕਰ ਪ੍ਰਸਾਦ ਰਾਜਨੀਤਕ ਕਰੀਅਰ ਵਿਚ ਪਹਿਲੀ ਵਾਰ ਕੋਈ ਚੋਣ ਲੜਨ ਜਾ ਰਹੇ ਹਨ ਅਤੇ ਇਸ ਤੋਂ ਪਹਿਲਾਂ ਉਹ 3 ਵਾਰ ਰਾਜ ਸਭਾ ਸੰਸਦ ਰਹੇ ਅਤੇ ਪਹਿਲੀ ਵਾਰ ਲੋਕਸਭਾ ਚੋਣ ਲੜਨਗੇ।
NDA-Bihar
ਉਹ ਨਰਿੰਦਰ ਮੋਦੀ ਸਰਕਾਰ ਤੋਂ ਪਹਿਲਾਂ ਅਟਲ ਬਿਹਾਰੀ ਵਾਜਪਾਈ ਦੇ ਸ਼ਾਸਨਕਾਲ ਵਿਚ ਵੀ ਮੰਤਰੀ ਰਹੇ ਸੀ। ਸ਼ਤਰੂਘਨ ਸਿਨਹਾ ਤੋਂ ਇਲਾਵਾ ਭਾਜਪਾ ਨੇ ਪਾਰਟੀ ਦੇ ਰਾਸ਼ਟਰੀ ਬੁਲਾਰੇ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਾਹਨਵਾਜ ਹੁਸੈਨ ਦੀ ਵੀ ਟਿਕਟ ਕੱਟ ਦਿਤੀ ਹੈ। 2014 ਵਿਚ ਹੁਸੈਨ ਭਾਗਲਪੁਰ ਲੋਕਸਭਾ ਇਲਾਕੇ ਤੋਂ ਬਹੁਤ ਨਜ਼ਦੀਕੀ ਮੁਕਾਬਲੇ ਵਿਚ ਚੋਣ ਹਾਰ ਗਏ ਸਨ। ਹਾਲਾਂਕਿ, ਉਹ 1999 ਤੋਂ ਇਲਾਵਾ 2006 ਵਿਚ ਉਪਚੋਣ ਵਿਚ ਭਾਗਲਪੁਰ ਤੋਂ ਚੋਣ ਜਿੱਤ ਚੁੱਕੇ ਹਨ।
ਇਸ ਤੋਂ ਬਾਅਦ ਉਹ 2009 ਵਿਚ ਵੀ ਚੋਣ ਜਿੱਤਣ ਵਿਚ ਕਾਮਯਾਬ ਰਹੇ ਸਨ। ਹਾਲਾਂਕਿ, 2014 ਦੀਆਂ ਚੋਣਾਂ ਵਿਚ ਉਨ੍ਹਾਂ ਨੂੰ ਹਾਰ ਮਿਲੀ ਸੀ।