
ਕੁਮਾਰਸਵਾਮੀ ਨੇ ਅੱਜ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ। ਇਸ ਮੌਕੇ ਕਈ ਪਾਰਟੀਆਂ ਦੇ ਵੱਡੇ ਆਗੂ ਮੌਜੂਦ ਸਨ। ਰਾਜਪਾਲ ਵਜੂਭਾਈ ਵਾਲਾ ਨੇ ਸ਼ਾਨਦਾਰ...
ਬੰਗਲੌਰ, 23 ਮਈ : ਕੁਮਾਰਸਵਾਮੀ ਨੇ ਅੱਜ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ। ਇਸ ਮੌਕੇ ਕਈ ਪਾਰਟੀਆਂ ਦੇ ਵੱਡੇ ਆਗੂ ਮੌਜੂਦ ਸਨ। ਰਾਜਪਾਲ ਵਜੂਭਾਈ ਵਾਲਾ ਨੇ ਸ਼ਾਨਦਾਰ ਸਮਾਰੋਹ ਵਿਚ ਕੁਮਾਰਸਵਾਮੀ ਨੂੰ ਅਹੁਦੇ ਅਤੇ ਗੋਪਨੀਅਤਾ ਦੀ ਸਹੁੰ ਚੁਕਾਈ। ਵਾਲਾ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਅਤੇ ਦਲਿਤ ਨੇਤਾ ਜੀ ਪਰਮੇਸ਼ਵਰ ਨੂੰ ਉਪ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ।
ਸਹੁੰ-ਚੁੱਕ ਸਮਾਗਮ ਵਿਚ ਕਈ ਰਾਸ਼ਟਰੀ ਅਤੇ ਖੇਤਰੀ ਨੇਤਾ ਪੁੱਜੇ ਹੋਏ ਸਨ। ਇਸ ਇਕੱਠ ਨੂੰ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਐਨਡੀਏ ਦਾ ਮੁਕਾਬਲਾ ਕਰਨ ਲਈ ਵਿਆਪਕ ਮੋਰਚਾ ਬਣਨ ਦੇ ਸੰਕੇਤ ਵਜੋਂ ਵੇਖਿਆ ਜਾ ਰਿਹਾ ਹੈ। ਸ਼ੁਕਰਵਾਰ ਨੂੰ ਕੁਮਾਰਸਵਾਮੀ ਸਰਕਾਰ ਦੇ ਵਿਸ਼ਵਾਸਮਤ ਜਿੱਤਣ ਮਗਰੋਂ ਮੰਤਰੀ ਮੰਡਲ ਵਿਚ ਹੋਰ ਮੈਂਬਰ ਸ਼ਾਮਲ ਕੀਤੇ ਜਾਣਗੇ।
Rahul Gandhi and others during swearing Ceremony
ਰਵਾਇਤੀ ਧੋਤੀ ਅਤੇ ਸਫ਼ੈਦ ਕਮੀਜ਼ ਪਾਈ ਕੁਮਾਰਸਵਾਮੀ ਨੇ ਰੱਬ ਅਤੇ 'ਕੰਨੜ ਨਾਡੂ' ਦੇ ਲੋਕਾਂ ਦੇ ਨਾਮ 'ਤੇ ਸਹੁੰ ਚੁੱਕੀ। ਇਸ ਮੌਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਸੋਨੀਆ ਗਾਂਧੀ, ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਕੇਰਲਾ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਵੀ ਮੌਜੂਦ ਸਨ।
ਇਨ੍ਹਾਂ ਤੋਂ ਇਲਾਵਾ ਬਿਹਾਰ ਵਿਧਾਨ ਸਭਾ ਵਿਚ ਨੇਤਾ ਵਿਰੋਧੀ ਧਿਰ ਤੇਜੱਸਵੀ ਯਾਦਵ, ਬਸਪਾ ਮੁਖੀ ਮਾਇਆਵਤੀ ਅਤੇ ਸਮਾਜਵਾਦੀ ਪਾਰਟੀ ਆਗੂ ਅਖਿਲੇਸ਼ ਯਾਦਵ, ਸ਼ਰਦ ਪਵਾਰ, ਸੀਤਾਰਾਮ ਯੇਚੁਰੀ ਅਤੇ ਸ਼ਰਦ ਯਾਦਵ ਵੀ ਮੌਜੂਦ ਸਨ। ਭਾਜਪਾ ਨੇ ਸਹੁੰ ਚੁੱਕ ਸਮਾਗਮ ਦਾ ਬਾਈਕਾਟ ਕੀਤਾ ਅਤੇ 'ਕਾਲਾ ਦਿਵਸ' ਮਨਾਇਆ।
ਇਸ ਦੌਰਾਨ ਨਵੇਂ ਗਠਜੋੜ ਵਿਰੁਧ ਰਾਜਵਿਆਪੀ ਪ੍ਰਦਰਸ਼ਨ ਕੀਤੇ ਗਏ। ਭਾਜਪਾ ਨੇ ਇਸ ਗਠਜੋੜ ਨੂੰ ਨਾਪਾਕ ਕਰਾਰ ਦਿਤਾ ਹੈ ਅਤੇ ਕਿਹਾ ਕਿ ਉਹ ਵਾਪਸੀ ਕਰੇਗੀ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਚ ਡੀ ਕੁਮਾਰਸਵਾਮੀ ਨੂੰ ਕਰਟਾਟਕ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ 'ਤੇ ਵਧਾਈ ਦਿਤੀ ਹੈ। ਉਨ੍ਹਾਂ ਕਿਹਾ, 'ਮੈਂ ਸ੍ਰੀ ਕੁਮਾਰਸਵਾਮੀ ਜੀ ਅਤੇ ਡਾ. ਪਰਮੇਸ਼ਵਰ ਜੀ ਨੂੰ ਕਰਟਾਟਕ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ 'ਤੇ ਵਧਾਈ ਦਿੰਦਾ ਹਾਂ। ਉਨ੍ਹਾਂ ਦੇ ਕਾਰਜਕਾਲ ਲਈ ਮੇਰੇ ਵਲੋਂ ਸ਼ੁਭਕਾਮਨਾਵਾਂ।' (ਪੀ.ਟੀ.ਆਈ.)