
ਚੀਨ ਨੇ ਮੰਨਿਆ
ਨਵੀਂ ਦਿੱਲੀ, 22 ਜੂਨ : ਲੱਦਾਖ ਦੀ ਗਲਵਾਨ ਘਾਟੀ ਵਿਚ 15-16 ਜੂਨ ਦੀ ਦਰਮਿਆਨੀ ਰਾਤ ਨੂੰ ਭਾਰਤ ਅਤੇ ਚੀਨ ਦੇ ਸੈਨਿਕਾਂ ਵਿਚਾਲੇ ਝੜਪ ਵਿਚ ਮਾਰਨ ਵਾਲੇ ਚੀਨੀ ਸਾਨਿਕਾਂ ਵਿਚ ਇਕ ਕਮਾਂਡਿੰਗ ਅਫ਼ਸਰ ਵੀ ਸ਼ਾਮਲ ਸੀ। ਚੀਨ ਨੇ ਪਿਛਲੇ ਹਫ਼ਤੇ ਗਲਵਾਨ ਵਿਚ ਭਾਰਤ ਨਾਲ ਸੈਨਿਕ ਪੱਧਰ ਦੀ ਵਾਰਤਾ ਵਿਚ ਇਸ ਗੱਲ ਨੂੰ ਮੰਨਿਆ ਸੀ।
File Photo
ਸੂਤਰਾਂ ਨੇ ਇਹ ਜਾਣਕਾਰੀ ਸੋਮਵਾਰ ਨੂੰ ਦਿਤੀ। ਇਹ ਖ਼ਬਰ ਅਜਿਹੇ ਸਮੇਂ ਆਈ ਹੈ ਜਦੋਂ 1967 ਤੋਂ ਬਾਅਦ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿਚਾਲੇ ਸੱਭ ਤੋਂ ਵੱਡਾ ਸਰਹੱਦੀ ਟਕਰਾਅ ਹੋਇਆ ਹੈ। ਇਸ ਵਿਵਾਦ ਨੂੰ ਘਟਾਉਣ ਲਈ ਚੀਨੀ ਪੱਖ ਦੇ ਚੁਸ਼ੂਲ ਦੇ ਮੋਲਡੋ ਵਿਚ ਲੈਫ਼ਟੀਨੈਂਟ ਜਨਰਲ ਪੱਧਰ ਦੀ ਗੱਲਬਾਤ ਜਾਰੀ ਹੈ।
ਚੀਨੀ ਫ਼ੌਜ ਦੇ ਇਕ ਸੀਨੀਅਰ ਅਧਿਕਾਰੀ ਦੀ ਮੌਤ ਦੀ ਖ਼ਬਰ ਹਿੰਸਕ ਝੜਪ ਤੋਂ ਇਕ ਹਫ਼ਤੇ ਬਾਅਦ ਆਈ
ਜਿਸ ਵਿਚ ਭਾਰਤ ਦੇ 20 ਜਵਾਨ ਸ਼ਹੀਦ ਹੋਏ ਸਨ। ਫ਼ੌਜ ਦੇ ਸੂਤਰਾਂ ਨੇ ਦਸਿਆ ਕਿ ਹਿਮਾਲਿਆ ਦੇ ਗਲਾਵਨ ਨਦੀ ਦੇ ਨਜ਼ਦੀਕ 15,000 ਫ਼ੁੱਟ ਉਚਾਈ ’ਤੇ ਹੋਏ ਵਿਵਾਦ ਵਿਚ 45 ਚੀਨੀ ਸੈਨਿਕ ਮਾਰੇ ਗਏ ਜਾਂ ਜ਼ਖ਼ਮੀ ਹੋਏ ਸਨ। ਹਾਲਾਂਕਿ, ਬੀਜਿੰਗ ਨੇ ਅਜੇ ਤਕ ਕੋਈ ਅੰਕੜੇ ਨਹੀਂ ਦਿਤੇ ਹਨ।
ਚੀਨ ਨਾਲ ਹੋਈ ਇਸ ਹਿੰਸਕ ਝੜਪ ਵਿਚ ਭਾਰਤੀ ਅਧਿਕਾਰੀ ਕਰਨਲ ਬੀ ਐਲ ਸੰਤੋਸ਼ ਬਾਬੂ ਵੀ ਮਾਰੇ ਗਏ ਸਨ। ਫ਼ੌਜ ਦੇ ਸੂਤਰਾਂ ਨੇ ਦਸਿਆ ਕਿ ਜ਼ਖ਼ਮੀ ਹੋਏ 76 ਭਾਰਤੀ ਸੈਨਿਕ ਕੱੁਝ ਹਫ਼ਤਿਆਂ ਦੇ ਅੰਦਰ ਡਿਊਟੀ ’ਤੇ ਪਰਤ ਆਉਣ ਦੀ ਸੰਭਾਵਨਾ ਹੈ। (ਏਜੰਸੀ)