
ਕਸ਼ਮੀਰ ਵਿਚ ਅੱਜ ਬਕਰੀਦ ਦੇ ਮੌਕੇ ਵੀ ਕਈ ਹਿੱਸਿਆਂ ਵਿਚ ਸੜਕਾਂ ਉੱਤੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ................
ਜੰਮੂ : ਕਸ਼ਮੀਰ ਵਿਚ ਅੱਜ ਬਕਰੀਦ ਦੇ ਮੌਕੇ ਵੀ ਕਈ ਹਿੱਸਿਆਂ ਵਿਚ ਸੜਕਾਂ ਉੱਤੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਦੋ ਜ਼ਿਲ੍ਹਿਆਂ 'ਚ ਅਤਿਵਾਦੀਆਂ ਦੀ ਗੋਲੀ ਨਾਲ ਦੋ ਪੁਲਿਸ ਮੁਲਾਜ਼ਮਾਂ ਅਤੇ ਇਕ ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਦੀ ਮੌਤ ਹੋ ਗਈ। ਕੁਲਗਾਮ ਵਿਚ ਈਦਗਾਹ ਬਾਹਰ ਇਕ ਅਤਿਵਾਦੀ ਨੂੰ ਵੀ ਮਾਰ ਦਿਤਾ ਗਿਆ। ਸ੍ਰੀਨਗਰ ਵਿਚ ਸੜਕਾਂ ਉੱਤੇ ਪੱਥਰਬਾਜ਼ੀ ਨਾਲ ਪਾਕਿਸਤਾਨ ਅਤੇ ਆਈ.ਐਸ.ਆਈ.ਐਸ. ਦੇ ਝੰਡੇ ਲਹਿਰਾਏ ਗਏ। ਅਨੰਤਨਾਗ ਵਿਚ ਵੀ ਪੱਥਰਬਾਜ਼ ਹੱਥ ਵਿਚ ਆਈ.ਐਸ.ਆਈ.ਐਸ. ਦੇ ਝੰਡਿਆਂ ਨਾਲ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਹਰੇ ਲਗਾ ਰਹੇ ਸਨ।
ਪੱਥਰਬਾਜ਼ਾਂ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਹੰਝੂ ਗੈਸ ਦੇ ਗੋਲੇ ਵੀ ਛੱਡਣੇ ਪਏ। ਅਤਿਵਾਦ ਨਾਲ ਬੁਰੀ ਤਰ੍ਹਾਂ ਪ੍ਰਭਾਵਤ ਕੁਲਗਾਮ 'ਚ ਈਦ ਦੀ ਨਮਾਜ਼ ਮਗਰੋਂ ਜਦੋਂ ਸਿਖਲਾਈ ਅਧੀਨ ਪੁਲਿਸ ਕਾਂਸਟੇਬਲ ਫ਼ਿਆਜ਼ ਅਹਿਮਦ ਸ਼ਾਹ ਘਰ ਪਰਤ ਰਿਹਾ ਸੀ ਤਾਂ ਅਤਿਵਾਦੀਆਂ ਨੇ ਗੋਲੀ ਮਾਰ ਕੇ ਉਸ ਨੂੰ ਕਤਲ ਕਰ ਦਿਤਾ। ਇਸ ਹੋਰ ਵਿਸ਼ੇਸ਼ ਪੁਲਿਸ ਅਧਿਕਾਰੀ ਮੁਹੰਮਦ ਯਾਕੂਬ ਸ਼ਾਹ ਨੂੰ ਪੁਲਵਾਮਾ 'ਚ ਗੋਲੀ ਮਾਰ ਦਿਤੀ ਗਈ। ਇਕ ਹੋਰ ਘਟਨਾ 'ਚ ਕੁਪਵਾੜਾ ਵਿਖੇ ਭਾਜਪਾ ਆਗੂ ਸ਼ਬੀਰ ਅਹਿਮਦ ਭੱਟ ਦੀ ਲਾਸ਼ ਮਿਲੀ ਹੈ। ਦਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਸ਼ੱਕੀ ਅਤਿਵਾਦੀਆਂ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ ਸੀ।
ਬੀ.ਜੇ.ਪੀ. ਪ੍ਰਧਾਨ ਅਮਿਤ ਸ਼ਾਹ ਨੇ ਭਾਜਪਾ ਆਗੂ ਦੇ ਕਤਲ 'ਤੇ ਸਖ਼ਤ ਪ੍ਰਤੀਕਿਰਿਆ ਦਿਤੀ ਹੈ। ਸ਼ਾਹ ਨੇ ਟਵੀਟ ਕੀਤਾ, ''ਬੀ.ਜੇ.ਪੀ. ਆਗੂ ਸ਼ਬੀਰ ਅਹਿਮਦ ਦੀ ਮੌਤ ਦੀ ਖ਼ਬਰ ਤੋਂ ਬਹੁਤ ਜ਼ਿਆਦਾ ਦੁਖੀ ਹਾਂ। ਇਸ ਘਟੀਆ ਹਰਕਤ ਦੀ ਸਖ਼ਤ ਨਿੰਦਾ ਕਰਦਾ ਹਾਂ। ਅਤਿਵਾਦੀ ਕਸ਼ਮੀਰ ਦੇ ਨੌਜਵਾਨਾਂ ਨੂੰ ਬਿਹਤਰ ਭਵਿੱਖ ਲਈ ਅੱਗੇ ਵਧਣ ਤੋਂ ਨਹੀਂ ਰੋਕ ਸਕਦੇ ਹਨ। ਹਿੰਸਾ ਦਾ ਇਹ ਚੱਕਰ ਲੰਮੇ ਸਮੇਂ ਤਕ ਨਹੀਂ ਚੱਲ ਸਕਦਾ।''ਉਧਰ ਈਦ ਦੀ ਨਮਾਜ਼ ਦੌਰਾਨ ਅੱਜ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਨੂੰ 17ਵੀਂ ਸਦੀ ਦੇ ਹਜ਼ਰਤਬਲ ਦਰਗਾਹ 'ਚ ਕੁੱਝ ਲੋਕਾਂ ਨੇ ਪ੍ਰੇਸ਼ਾਨ ਕੀਤਾ।
ਅਸਲ 'ਚ ਦੋ ਦਿਨ ਪਹਿਲਾਂ ਹੀ ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਲਈ ਇਕ ਪ੍ਰਾਰਥਨਾ ਸਭਾ ਦੌਰਾਨ 'ਭਾਰਤ ਮਾਤਾ ਦੀ ਜੈ' ਦੇ ਨਾਹਰੇ ਲਾਏ ਸਨ। ਹਾਲਾਂਕਿ ਅਬਦੁੱਲਾ ਨੇ ਅਪਣੀ ਨਮਾਜ਼ ਜਾਰੀ ਰਖਦਿਆਂ ਕਿਹਾ ਕਿ ਸਾਡੇ ਗੁਮਰਾਹ ਲੋਕ ਤਾਅਨੇ ਮਾਰ ਰਹੇ ਅਤੇ ਮਜ਼ਾਕ ਉਡਾ ਰਹੇ ਹਨ। ਕੁੱਝ ਲੋਕਾਂ ਨੇ ਉਨ੍ਹਾਂ ਸਾਹਮਣੇ 'ਫ਼ਾਰੂਕ ਅਬਦੁੱਲਾ ਵਾਪਸ ਜਾਉ' ਅਤੇ 'ਅਸੀਂ ਕੀ ਚਾਹੁੰਦੇ,ਆਜ਼ਾਦੀ' ਵਰਗੇ ਨਾਹਰੇ ਲਾਏ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਅਬਦੁੱਲਾ ਦੁਆਲੇ ਸੁਰੱਖਿਆ ਘੇਰਾ ਬਣਾ ਲਿਆ। ਅਨੰਤਨਾਗ ਵਿਚ ਪੱਥਰਬਾਜ਼ਾਂ ਨੇ ਪੁਲਿਸ ਦੀਆਂ ਗੱਡੀਆਂ ਉੱਤੇ ਪੱਥਰਬਾਜ਼ੀ ਕੀਤੀ।
ਪੁਲਿਸ ਹਾਲਤ ਨੂੰ ਕਾਬੂ 'ਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਪਹਿਲਾਂ ਹਾਸਨਪੋਰਾ ਵਿਚ ਸੀ.ਆਰ.ਪੀ.ਐਫ਼. ਦੀ 30ਵੀਂ ਬਟਾਲੀਅਨ ਦੀ ਜੀ-ਕੰਪਨੀ ਉੱਤੇ ਬਾਇਕ ਉੱਤੇ ਸਵਾਰ ਅਤਿਵਾਦੀਆਂ ਨੇ ਹਮਲਾ ਕੀਤਾ। ਕੈਂਪ ਦੇ ਗੇਟ ਉੱਤੇ ਮੌਜੂਦ ਜਵਾਨਾਂ ਨੇ ਜਵਾਬੀ ਫਾਇਰਿੰਗ ਕੀਤੀ। ਅਤਿਵਾਦੀ ਬਚ ਕੇ ਭੱਜਣ ਵਿਚ ਕਾਮਯਾਬ ਰਹੇ। ਇਸ ਵਿਚ ਕਿਸੇ ਤਰ੍ਹਾਂ ਦਾ ਹਾਦਸਾ ਹੋਣ ਦੀ ਖ਼ਬਰ ਨਹੀਂ ਹੈ। ਸ਼ੋਪੀਆਂ ਜਿਲ੍ਹੇ ਵਿਚ ਇਕ ਸਾਬਕਾ ਫ਼ੌਜੀ ਨੂੰ ਅਗਵਾ ਕੀਤੇ ਜਾਣ ਦੀ ਵੀ ਖ਼ਬਰ ਹੈ। ਜਾਣਕਾਰੀ ਮੁਤਾਬਕ, ਸ਼ੋਪੀਆਂ ਦੇ ਕੁੰਦਲਨ ਪਿੰਡ ਸਥਿਤ ਸਾਬਕਾ ਫੌਜੀ ਸ਼ਕੂਰ ਅਹਿਮਦ ਦੇ ਘਰ ਤੋਂ ਹੀ ਉਨ੍ਹਾਂ ਨੂੰ ਅਗਵਾ ਕੀਤਾ ਸੀ।
ਸੁਰੱਖਿਆ ਬਲਾਂ ਨੇ ਸਰਚ ਅਭਿਆਨ ਜਾਰੀ ਕਰ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿਤੀ ਹੈ। ਅਜੇ ਇਸ ਮਾਮਲੇ ਵਿਚ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਬਕਰੀਦ ਦੇ ਤਿਉਹਾਰ ਦੇ ਕਾਰਨ ਪ੍ਰਦੇਸ਼ ਵਿਚ ਸੁਰੱਖਿਆ ਵਿਵਸਥਾ ਅਲਰਟ ਕਰ ਦਿਤੀ ਗਈ ਹੈ। ਹਾਲਾਂਕਿ, ਸੁਰੱਖਿਆ ਬਲਾਂ ਦੀ ਤਤਪਰਤਾ ਦੇ ਬਾਵਜੂਦ ਬੁੱਧਵਾਰ ਦੀ ਸਵੇਰੇ ਸ੍ਰੀਨਗਰ ਦੇ ਕਈ ਹਿਸਿਆਂ ਵਿਚ ਹਿੰਸਕ ਝੜਪ ਦੀਆਂ ਖ਼ਬਰਾਂ ਆ ਰਹੀਆਂ ਹਨ।
ਕੁੱਝ ਪੱਥਰਬਾਜ਼ਾਂ ਨੇ ਸਵੇਰ ਤੋਂ ਹੀ ਫ਼ੌਜ ਅਤੇ ਸੁਰੱਖਿਆ ਬਲਾਂ ਦੇ ਕਾਫ਼ਿਲੇ ਉੱਤੇ ਪੱਥਰਬਾਜ਼ੀ ਕੀਤੀ। ਮੀਡੀਆ ਰੀਪੋਰਟਸ ਅਨੁਸਾਰ ਸ੍ਰੀਨਗਰ ਦੇ ਮੁੱਖ ਚੁਰਾਹੇ ਉੱਤੇ ਪਾਕਿਸਤਾਨ ਦਾ ਝੰਡਾ ਲਹਰਾਇਆ ਗਿਆ ਅਤੇ ਭਾਰਤ ਵਿਰੋਧੀ ਨਾਹਰੇ ਵੀ ਲਗਾਏ ਗਏ। (ਏਜੰਸੀਆਂ)