
ਕਿਹਾ, ਉੱਤਰੀ ਭਾਰਤ ’ਚ ਪਰਾਲੀ ਸਾੜਨ ’ਚ ਪੰਜਾਬ ਦਾ ਸੱਭ ਤੋਂ ਵੱਡਾ ਹਿੱਸਾ ਹੈ
ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਬੁਧਵਾਰ ਨੂੰ ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਦੇ ਅਸਤੀਫੇ ਦੀ ਮੰਗ ਕੀਤੀ ਅਤੇ ਉਨ੍ਹਾਂ ’ਤੇ ਦਿੱਲੀ ਵਾਸੀਆਂ ਦੀ ਪ੍ਰਦੂਸ਼ਣ ਨਾਲ ਸਬੰਧਤ ਸਿਹਤ ਚਿੰਤਾਵਾਂ ’ਤੇ ਪੰਜਾਬ ਸਰਕਾਰ ਦੇ ਸਿਆਸੀ ਹਿੱਤਾਂ ਨੂੰ ਤਰਜੀਹ ਦੇਣ ਦਾ ਦੋਸ਼ ਲਾਇਆ।
ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ਵਿਚ ਰਾਏ ਨੂੰ ਕਿਹਾ ਕਿ ਜਾਂ ਤਾਂ ਉਹ ਪਰਾਲੀ ਸਾੜਨ ਲਈ ਪੰਜਾਬ ਸਰਕਾਰ ਤੋਂ ਜਵਾਬਦੇਹੀ ਮੰਗਣ ਜਾਂ ਅਸਤੀਫਾ ਦੇਣ। ਸਚਦੇਵਾ ਨੇ ਦਾਅਵਾ ਕੀਤਾ ਕਿ ਉੱਤਰੀ ਭਾਰਤ ’ਚ ਪਰਾਲੀ ਸਾੜਨ ’ਚ ਪੰਜਾਬ ਦਾ ਸੱਭ ਤੋਂ ਵੱਡਾ ਹਿੱਸਾ ਹੈ।
ਉਨ੍ਹਾਂ ਕਿਹਾ, ‘‘ਦਿੱਲੀ ਦੇ ਲੋਕਾਂ ਦੇ ਸਿਹਤ ਹਿੱਤਾਂ ਬਾਰੇ ਸੋਚਣ ਦੀ ਬਜਾਏ ਗੋਪਾਲ ਰਾਏ ਪੰਜਾਬ ਸਰਕਾਰ ਦੇ ਸਿਆਸੀ ਹਿੱਤਾਂ ਦੀ ਰਾਖੀ ਬਾਰੇ ਸੋਚਦੇ ਹਨ ਅਤੇ ਹੁਣ ਸਮਾਂ ਆ ਗਿਆ ਹੈ ਕਿ ਉਹ ਜਾਂ ਤਾਂ ਪੰਜਾਬ ਸਰਕਾਰ ਵਿਰੁਧ ਕਾਰਵਾਈ ਦੀ ਮੰਗ ਕਰਨ ਜਾਂ ਅਸਤੀਫਾ ਦੇ ਦੇਣ।’’
ਇੰਡੀਅਨ ਐਗਰੀਕਲਚਰਲ ਰੀਸਰਚ ਇੰਸਟੀਚਿਊਟ (ਆਈ.ਏ.ਆਰ.ਆਈ.) ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਭਾਜਪਾ ਆਗੂ ਨੇ ਕਿਹਾ ਕਿ ਇਸ ਸਾਲ ਇਕੱਲੇ ਪੰਜਾਬ ਵਿਚ ਪਰਾਲੀ ਸਾੜਨ ਦੀਆਂ 1,581 ਘਟਨਾਵਾਂ ਦਰਜ ਕੀਤੀਆਂ ਗਈਆਂ, ਜੋ ਹਰਿਆਣਾ (665) ਅਤੇ ਉੱਤਰ ਪ੍ਰਦੇਸ਼ (740) ਨਾਲੋਂ ਵੱਧ ਹਨ।
ਸਚਦੇਵਾ ਨੇ ਦਾਅਵਾ ਕੀਤਾ ਕਿ ‘ਆਪ’ ਦੇ ਸੱਤਾ ’ਚ ਆਉਣ ਤੋਂ ਬਾਅਦ ਪੰਜਾਬ ’ਚ ਹਾਲਾਤ ਵਿਗੜ ਗਏ ਹਨ। ਉਨ੍ਹਾਂ ਪਾਰਟੀ ’ਤੇ ਵੱਡੇ ਪੱਧਰ ’ਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਦੀ ਸਰਪ੍ਰਸਤੀ ਕਰਨ ਦਾ ਦੋਸ਼ ਲਾਇਆ। ਸਚਦੇਵਾ ਨੇ ਯਾਦ ਕੀਤਾ ਕਿ ਕਿਵੇਂ ਸੁਪਰੀਮ ਕੋਰਟ ਨੇ ਹਾਲ ਹੀ ’ਚ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਜੁਰਮਾਨੇ ਤੋਂ ਛੋਟ ਦੇ ਕੇ ਬਚਾਉਣ ਲਈ ਪੰਜਾਬ ਸਰਕਾਰ ਦੀ ਖਿਚਾਈ ਕੀਤੀ ਸੀ।
ਸਚਦੇਵਾ ਦੇ ਦਾਅਵਿਆਂ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਆਮ ਆਦਮੀ ਪਾਰਟੀ ਨੇ ਭਾਜਪਾ ’ਤੇ ਸੁਪਰੀਮ ਕੋਰਟ ਦੇ ਬਿਆਨ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦਾ ਦੋਸ਼ ਲਾਇਆ ਅਤੇ ਦਾਅਵਾ ਕੀਤਾ ਕਿ ਪੰਜਾਬ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ’ਚ 50 ਫ਼ੀ ਸਦੀ ਤੋਂ ਵੱਧ ਦੀ ਕਮੀ ਆਈ ਹੈ।
‘ਆਪ’ ਵਲੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ, ‘‘ਇਹ ਸ਼ਰਮਨਾਕ ਹੈ ਕਿ ਦਿੱਲੀ ਭਾਜਪਾ ਪ੍ਰਧਾਨ ਸੁਪਰੀਮ ਕੋਰਟ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕਰ ਰਹੇ ਹਨ। ਕੇਂਦਰ ਸਰਕਾਰ ਦੇ ਭਾਜਪਾ ਦੇ ਅਪਣੇ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਪੰਜਾਬ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ’ਚ 50 ਫ਼ੀ ਸਦੀ , ਹਰਿਆਣਾ ’ਚ 23 ਫ਼ੀ ਸਦੀ ਅਤੇ ਉੱਤਰ ਪ੍ਰਦੇਸ਼ ’ਚ 70 ਫ਼ੀ ਸਦੀ ਦੀ ਕਮੀ ਆਈ ਹੈ।’’
ਇਸ ਵਿਚ ਕਿਹਾ ਗਿਆ ਹੈ ਕਿ ਭਾਜਪਾ ਨੇ ਪ੍ਰਦੂਸ਼ਣ ਨੂੰ ਰੋਕਣ ਲਈ ਜਾਣਬੁਝ ਕੇ ਕੋਈ ਕਦਮ ਨਹੀਂ ਚੁਕੇ ਕਿਉਂਕਿ ਦਿੱਲੀ ਵਿਚ ਚੋਣਾਂ ਨੇੜੇ ਆ ਰਹੀਆਂ ਹਨ ਅਤੇ ਉਹ ‘ਆਪ’ ਨੂੰ ਬਦਨਾਮ ਕਰਨਾ ਚਾਹੁੰਦੇ ਹਨ।
‘ਆਪ’ ਨੇ ਦੋਸ਼ ਲਾਇਆ ਹੈ ਕਿ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਰਗੇ ਭਾਜਪਾ ਸ਼ਾਸਿਤ ਰਾਜ ਦਿੱਲੀ ’ਚ ਪ੍ਰਦੂਸ਼ਣ ਦਾ ਕਾਰਨ ਬਣ ਰਹੇ ਹਨ। ਭਾਜਪਾ ਪਰਾਲੀ ਸਾੜਨ ਨੂੰ ਲੈ ਕੇ ‘ਆਪ’ ਦੀ ਪੰਜਾਬ ਸਰਕਾਰ ’ਤੇ ਨਿਸ਼ਾਨਾ ਸਾਧ ਰਹੀ ਹੈ।