
ਆਯੁੱਧਿਆ ਵਿਚ 25 ਨਵੰਬਰ ਨੂੰ ਹੋਣ ਵਾਲੀ 'ਧਰਮ ਸਭਾ' ਦੇ ਚਲਦਿਆਂ ਲੱਖਾਂ ਦੀ ਗਿਣਤੀ ਵਿਚ ਲੋਕਾਂ ਦੇ ਆਯੁੱਧਿਆ ਪੁੱਜਣ ਦਾ ਅਨੁਮਾਨ....
ਨਵੀਂ ਦਿੱਲੀ (ਭਾਸ਼ਾ) : ਆਯੁੱਧਿਆ ਵਿਚ 25 ਨਵੰਬਰ ਨੂੰ ਹੋਣ ਵਾਲੀ 'ਧਰਮ ਸਭਾ' ਦੇ ਚਲਦਿਆਂ ਲੱਖਾਂ ਦੀ ਗਿਣਤੀ ਵਿਚ ਲੋਕਾਂ ਦੇ ਆਯੁੱਧਿਆ ਪੁੱਜਣ ਦਾ ਅਨੁਮਾਨ ਹੈ ਇਸੇ ਦੌਰਾਨ 1992 ਵਾਲੀ ਸਥਿਤੀ ਪੈਦਾ ਹੋਣ ਦਾ ਖ਼ਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਕਿਉਂਕਿ ਧਰਮ ਸਭਾ ਤੋਂ ਪਹਿਲਾਂ ਹੀ ਇੱਥੇ ਸਥਿਤੀ ਕਾਫ਼ੀ ਤਣਾਅਪੂਰਨ ਬਣੀ ਹੋਈ ਹੈ। ਸ਼ਹਿਰ ਦੇ ਲੋਕ ਕਿਸੇ ਅਣਹੋਣੀ ਦੇ ਡਰੋਂ ਸਹਿਮੇ ਹੋਏ ਹਨ। ਇਹ ਵੀ ਖ਼ਬਰ ਮਿਲ ਰਹੀ ਹੈ ਕਿ ਸ਼ਹਿਰ ਦੇ ਹਿੰਦੂ ਅਤੇ ਮੁਸਲਿਮ ਲੋਕਾਂ ਨੇ ਹਾਲਾਤ ਵਿਗੜਨ ਦੇ ਡਰ ਤੋਂ ਰਾਸ਼ਨ ਜਮ੍ਹਾਂ ਕਰਨਾ ਸ਼ੁਰੂ ਕਰ ਦਿਤਾ ਹੈ। ਇਸ ਦੌਰਾਨ ਜਿੱਥੇ ਰਾਮ ਮੰਦਰ ਨੂੰ ਲੈ ਕੇ ਭੜਕਾਊ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਹਨ।
ਉਥੇ ਹੀ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਤੋਂ ਪਹਿਲਾਂ ਵੱਡੀ ਗਿਣਤੀ ਵਿਚ ਸ਼ਿਵ ਸੈਨਿਕ ਵੀ ਆਯੁਧਿਆ ਪਹੁੰਚ ਰਹੇ ਹਨ। ਰੇਲਵੇ ਸਟੇਸ਼ਨਾਂ 'ਤੇ ਸ਼ਿਵ ਸੈਨਿਕਾਂ ਵਲੋਂ ਨਾਅਰੇ ਲਗਾਏ ਜਾ ਰਹੇ ਹਨ ''ਹਰ ਹਿੰਦੂ ਦੀ ਇਹੀ ਪੁਕਾਰ, ਪਹਿਲਾਂ ਮੰਦਰ ਫਿਰ ਸਰਕਾਰ।'' ਆਯੁੱਧਿਆ 'ਚ ਹੋ ਰਹੇ ਹਿੰਦੂ ਸੰਗਠਨਾਂ ਦੇ ਭਾਰੀ ਇਕੱਠ ਨੂੰ ਦੇਖਦਿਆਂ ਵਿਵਾਦਤ ਅਸਥਾਨ ਨੇੜੇ ਭਾਰੀ ਗਿਣਤੀ ਵਿਚ ਸੀਆਰਪੀਐਫ ਅਤੇ ਪੀਏਸੀ ਦੇ ਨਾਲ-ਨਾਲ ਯੂਪੀ ਪੁਲਿਸ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਵੀ ਹੈ
ਕਿ ਭਾਵੇਂ ਆਯੁੱਧਿਆ ਅਤੇ ਫ਼ੈਜ਼ਾਬਾਦ ਵਿਚ ਧਾਰਾ 144 ਲਗਾਈ ਗਈ ਹੈ ਪਰ ਸੁਰੱਖਿਆ ਬਲ ਵੀਰਵਾਰ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਰੋਡ ਸ਼ੋਅ ਨੂੰ ਰੋਕਣ ਵਿਚ ਨਾਕਾਮ ਰਹੇ, ਲੋਕਾਂ ਨੂੰ ਆਯੁੱਧਿਆ ਵਿਚ ਫਿਰ ਤੋਂ 1992 ਵਰਗੇ ਹਾਲਾਤ ਪੈਦਾ ਹੋਣ ਦਾ ਖ਼ਦਸ਼ਾ ਸਤਾ ਰਿਹਾ ਹੈ। ਉਂਝ ਲੋਕਾਂ ਵਿਚ ਫੈਲ ਰਿਹਾ ਕਿਸੇ ਸੰਭਾਵੀ ਹਿੰਸਾ ਦਾ ਡਰ ਵੀ ਸੱਚਾ ਹੈ ਕਿਉਂਕਿ ਜਦੋਂ ਪਾਬੰਦੀ ਦੇ ਬਾਵਜੂਦ ਸੁਰੱਖਿਆ ਬਲਾਂ ਕੋਲੋਂ ਰੋਡ ਸ਼ੋਅ ਨਹੀਂ ਰੋਕਿਆ ਗਿਆ ਤਾਂ ਉਹ ਕਿਸੇ ਹਿੰਸਕ ਕਾਰਵਾਈ ਨੂੰ ਕਿਵੇਂ ਰੋਕ ਸਕਣਗੇ?