ਉਤਰ ਪ੍ਰਦੇਸ਼ ਦੇ ਆਯੁੱਧਿਆ ਵਿਚ ਪ੍ਰਸਤਾਵਿਤ ਭਗਵਾਨ ਰਾਮ ਦੀ 108 ਮੀਟਰ ਉਚੀ ਮੂਰਤੀ ਲਗਾਉਣ ਲਈ ਸਰਯੂ ਨਦੀ ਦੇ ਇਸ ਪਾਰ ਕਵੀਨ ਮੈਮੋਰੀਅਲ ਦੇ ਨੇੜੇ ਦੀ...
ਆਯੁੱਧਿਆ : ਉਤਰ ਪ੍ਰਦੇਸ਼ ਦੇ ਆਯੁੱਧਿਆ ਵਿਚ ਪ੍ਰਸਤਾਵਿਤ ਭਗਵਾਨ ਰਾਮ ਦੀ 108 ਮੀਟਰ ਉਚੀ ਮੂਰਤੀ ਲਗਾਉਣ ਲਈ ਸਰਯੂ ਨਦੀ ਦੇ ਇਸ ਪਾਰ ਕਵੀਨ ਮੈਮੋਰੀਅਲ ਦੇ ਨੇੜੇ ਦੀ ਜਗ੍ਹਾ ਚੁਣੀ ਗਈ ਹੈ। 'ਨਵਿਆ ਆਯੁੱਧਿਆ' ਪ੍ਰਾਜੈਕਟ ਦੇ ਤਹਿਤ ਪਹਿਲਾਂ ਇਹ ਮੂਰਤੀ ਨਦੀ ਦੇ ਦੂਜੇ ਪਾਸੇ ਲਗਾਉਣ ਦੀ ਯੋਜਨਾ ਸੀ। ਹੁਣ ਇਹ ਵੀ ਤੈਅ ਹੋਇਆ ਹੈ ਕਿ ਰਾਮ ਦੀ ਪੈੜੀ ਤੋਂ ਸਰਯੂ ਦੀ ਧਾਰਾ ਮੋੜ ਕੇ ਮੂਰਤੀ ਤਕ ਲਿਆਂਦੀ ਜਾਵੇਗੀ ਜੋ ਭਗਵਾਨ ਦੇ ਪੈਰਾਂ ਨੂੰ ਛੂਹੇਗੀ।
ਮੂਰਤੀ ਲਗਾਉਣ ਦਾ ਫ਼ੈਸਲਾ ਆਯੁੱਧਿਆ ਵਿਚ ਪਿਛਲੇ ਸਾਲ ਦੀਪ ਉਤਸਵ ਮਨਾਉਣ ਤੋਂ ਬਾਅਦ ਹੀ ਹੋ ਗਿਆ ਸੀ। ਪਿਛਲੇ ਦਿਨੀਂ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਵਿਚ ਤੈਅ ਕੀਤਾ ਗਿਆ ਹੈ ਕਿ ਰਾਮ ਦੀ ਮੂਰਤੀ ਹੁਣ ਸਰਯੂ ਪੁਲ ਦੇ ਵਿਚਕਾਰ ਸਥਿਤ ਕੋਰੀਆ ਦੀ ਕਵੀਨ ਹੋ ਕੇ ਸਮਾਰਕ ਦੇ ਕੋਲ ਲਗਾਈ ਜਾਵੇਗੀ। ਇਸ ਸਥਾਨ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਆਯੁੱਧਿਆ ਤੋਂ ਲੰਘਣ ਵਾਲੇ ਹਰ ਵਿਅਕਤੀ ਨੂੰ ਮੂਰਤੀ ਨਜ਼ਰ ਆਏਗੀ।
ਆਯੁੱਧਿਆ ਵਿਚ ਭਗਵਾਨ ਰਾਮ ਦੀ 108 ਮੀਟਰ ਉਚੀ ਸ਼ਾਨਦਾਰ ਮੂਰਤੀ ਲਗਾਉਣ ਦੀ ਯੋਜਨਾ ਦੇ ਮਾਸਟਰ ਪਲਾਨ ਵਿਚ ਸਭ ਤੋਂ ਜ਼ਿਆਦਾ ਜ਼ੋਰ ਇਸ ਗੱਲ 'ਤੇ ਹੈ ਕਿ ਮੂਰਤੀ ਅਤੇ ਆਸਪਾਸ ਦਾ ਖੇਤਰ ਅਧਿਆਤਮਕ ਦੀ ਮੌਲਿਕਤਾ ਨਾਲ ਭਰਪੂਰ ਲੱਗੇ, ਇਸ ਲਈ ਉਥੇ ਸਰਯੂ ਦੀ ਧਾਰਾ ਵੀ ਲਗਾਈ ਜਾਵੇਗੀ। ਰਾਮ ਦੀ ਪੈੜੀ ਤੋਂ ਸਰਯੂ ਦੀ ਧਾਰਾ ਲਿਆਉਣ ਲਈ ਸਿੰਚਾਈ ਵਿਭਾਗ ਨੂੰ ਮਾਹਿਰ ਇੰਜੀਨਿਅਰਾਂ ਦੇ ਜ਼ਰੀਏ ਯੋਜਨਾ ਬਣਾਉਣ ਲਈ ਕਿਹਾ ਗਿਆ ਹੈ। ਪ੍ਰੋਜੈਕਟ ਦਾ ਆਰਕੀਟੈਕਟ ਤੈਅ ਕੀਤਾ ਜਾ ਚੁੱਕਿਆ ਹੈ।
ਮੂਰਤੀ ਦੇ ਪੈਡਸਟਲ ਦੇ ਕੋਲ ਆਧੁਨਿਕ ਮਿਊਜ਼ੀਅਮ, ਆਡੀਟੋਰੀਅਮ ਅਤੇ ਆਰਟ ਗੈਲਰੀ ਵੀ ਬਣੇਗੀ, ਜਿਸ ਵਿਚ ਵੱਖ-ਵੱਖ ਦੇਸ਼ਾਂ ਦੀਆਂ ਰਾਮਲੀਲਾਵਾਂ ਦਾ ਮੰਚਨ ਹੋਵੇਗਾ। ਪ੍ਰੋਜੈਕਟ ਦਾ ਵਾਤਾਵਰਣ ਅਨੁਕੂਲਨ ਲਈ ਜਲਦ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਸਮੇਤ ਹੋਰ ਸੰਸਥਾਵਾਂ ਤੋਂ ਇਜਾਜ਼ਤ ਲੈਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਸੂਤਰਾਂ ਦੀ ਮੰਨੀਏ ਤਾਂ ਪ੍ਰੋਜੈਕਟ ਪੂਰੀ ਤਰ੍ਹਾਂ ਸ਼ੁਰੂ ਹੋਣ ਵਿਚ ਅਜੇ ਕਰੀਬ ਚਾਰ ਮਹੀਨੇ ਲੱਗ ਜਾਣਗੇ। ਇਸ ਦੇ ਲਈ ਯੂਪੀ ਰਾਜ ਨਿਰਮਾਣ ਨਿਗਮ ਨੂੰ ਨਿਰਮਾਣ ਏਜੰਸੀ ਬਣਾਏ ਜਾਣ ਦਾ ਫ਼ੈਸਲਾ ਲਿਆ ਗਿਆ ਹੈ।
ਆਯੁੱਧਿਆ ਦੇ ਵਿਕਾਸ ਲਈ ਕੇਂਦਰ-ਸੂਬਾ ਸਰਕਾਰ ਨੇ ਯੋਜਨਾਵਾਂ ਦਾ ਮੂੰਹ ਖੋਲ੍ਹ ਦਿਤਾ ਹੈ। ਕੇਂਦਰ ਦੀ ਸਵਦੇਸ਼ ਅਤੇ ਪ੍ਰਸਾਦ ਯੋਜਨਾ ਦੇ ਤਹਿਤ ਜਿੱਥੇ 300 ਕਰੋੜ ਤੋਂ ਜ਼ਿਆਦਾ ਦੀਆਂ ਯੋਜਨਾਵਾਂ ਚੱਲ ਰਹੀਆਂ ਹਨ, ਉਥੇ ਪੀਡਬਲਯੂਡੀ, ਊਰਜਾ ਅਤੇ ਨਗਰ ਵਿਕਾਸ ਵਿਭਾਗ ਦੀਆਂ ਵੀ ਕਈ ਯੋਜਨਾਵਾਂ ਦੇ ਜ਼ਰੀਏ ਸੁੰਦਰੀਕਰਨ ਤੋਂ ਲੈ ਕੇ ਬੁਨਿਆਦੀ ਸਹੂਲਤਾਂ ਨੂੰ ਬਿਹਤਰ ਕਰਨ 'ਤੇ ਕੰਮ ਚੱਲ ਰਿਹਾ ਹੈ।
ਇਸ ਤੋਂ ਬਾਅਦ 'ਨਵਿਆ ਆਯੁੱਧਿਆ' ਦਾ ਇਹ ਨਵਾਂ ਪ੍ਰੋਜੈਕਟ ਪ੍ਰਸਤਾਵਿਤ ਹੈ, ਜਿਸ ਵਿਚ ਸੈਰ ਸਪਾਟਾ, ਸਭਿਆਚਾਰਕ ਅਤੇ ਅਧਿਆਤਮਕ ਦੀਆਂ ਸਾਰੀਆਂ ਸੰਭਾਵਨਾਵਾਂ ਨੂੰ ਵਿਕਸਤ ਕਰ ਕੇ ਆਯੁੱਧਿਆ ਦੀ ਨੁਹਾਰ ਬਦਲਣ ਦਾ ਕੰਮ ਹੋਣਾ ਹੈ। ਅਲੱਗ-ਅਲੱਗ ਵਿਭਾਗਾਂ ਦੀਆਂ ਯੋਜਨਾਵਾਂ ਨੂੰ ਇਕ ਛੱਤ ਹੇਠਾਂ ਲਿਆਉਣ ਲਈ ਜਲਦ ਮਥੁਰਾ ਦੀ ਤਰਜ਼ 'ਤੇ ਆਯੁੱਧਿਆ ਤੀਰਥ ਵਿਕਾਸ ਪ੍ਰੀਸ਼ਦ ਦਾ ਵੀ ਗਠਨ ਕੀਤਾ ਜਾਵੇਗਾ।