
ਗੈਂਗਸਟਰ ਦੀ ਪੇਸ਼ੀ ਦੌਰਾਨ ਅਦਾਲਤ ਦੇ ਬਾਹਰ ਸੁਰੱਖਿਆ ਪ੍ਰਬੰਧ ਵਧਾ ਦਿਤੇ ਗਏ ਸਨ।
Gangster Dilpreet Baba News: ਪਿੰਜੌਰ 'ਚ ਬੰਦੂਕ ਦੀ ਨੋਕ 'ਤੇ ਕਾਰ ਖੋਹਣ ਅਤੇ ਗੋਲੀਬਾਰੀ ਕਰਨ ਦੇ ਮਾਮਲੇ 'ਚ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਵਧੀਕ ਸੈਸ਼ਨ ਜੱਜ ਸੁਨੀਲ ਕੁਮਾਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਇਸ ਮਾਮਲੇ ਦੀ ਅਗਲੀ ਸੁਣਵਾਈ 4 ਦਸੰਬਰ ਨੂੰ ਹੋਵੇਗੀ। ਗੈਂਗਸਟਰ ਦੀ ਪੇਸ਼ੀ ਦੌਰਾਨ ਅਦਾਲਤ ਦੇ ਬਾਹਰ ਸੁਰੱਖਿਆ ਪ੍ਰਬੰਧ ਵਧਾ ਦਿਤੇ ਗਏ ਸਨ।
ਅਦਾਲਤ ਨੂੰ ਜਾਣ ਵਾਲੀਆਂ ਸੜਕਾਂ 'ਤੇ ਚਾਰੇ ਪਾਸੇ ਪੁਲਿਸ ਤਾਇਨਾਤ ਸੀ। ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਅੱਠ ਗੱਡੀਆਂ ਦੇ ਕਾਫ਼ਲੇ ਦੀ ਸੁਰੱਖਿਆ ਹੇਠ ਪੰਜਾਬ ਦੀ ਬਠਿੰਡਾ ਜੇਲ ਤੋਂ ਪੰਚਕੂਲਾ ਲਿਆਂਦਾ ਗਿਆ। ਇਸ ਵਿਚ ਏਸੀਪੀ ਕਰਾਈਮ, ਸੀਆਈਏ 26, ਡਿਟੈਕਟਿਵ ਸਟਾਫ਼ ਸਮੇਤ 50 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਸਨ।
ਗੈਂਗਸਟਰ ਦਿਲਪ੍ਰੀਤ ਬਾਬਾ 2017 ਵਿਚ ਪਿੰਜੌਰ ਦੇ ਮਾਧੇਵਾਲਾ ਵਿਚ ਇਕ ਸਕਰੈਪ ਦੀ ਦੁਕਾਨ 'ਤੇ ਗੋਲੀਬਾਰੀ ਕਰਨ ਅਤੇ 2019 ਵਿਚ ਪਿੰਜੌਰ ਵਿਚ ਬੰਦੂਕ ਦੀ ਨੋਕ 'ਤੇ ਕਾਰ ਖੋਹਣ ਦੇ ਮਾਮਲੇ ਵਿਚ ਪੇਸ਼ ਹੋਇਆ ਸੀ। ਇਲਜ਼ਾਮ ਹੈ ਕਿ ਸਾਲ 2017 ਵਿਚ ਮਾਧੇਵਾਲਾ ਵਿਚ ਸਕਰੈਪ ਡੀਲਰ ਪੁਰਸ਼ੋਤਮ ਤੋਂ ਜਬਰੀ ਵਸੂਲੀ ਕੀਤੀ ਗਈ ਸੀ। ਪੁਲਿਸ ਨੂੰ ਇਸ ਮਾਮਲੇ ਵਿਚ ਗੈਂਗਸਟਰ ਦਿਲਪ੍ਰੀਤ ਦੀ ਵੀ ਸ਼ਮੂਲੀਅਤ ਦਾ ਸ਼ੱਕ ਹੈ।
ਫਿਰੌਤੀ ਲੈਣ ਆਏ ਮੁਲਜ਼ਮਾਂ ਨੇ ਇਕ ਵਿਅਕਤੀ ਨਾਲ ਵੀਡੀਉ ਕਾਲ 'ਤੇ ਗੱਲ ਕੀਤੀ ਅਤੇ ਪਰਮੀਸ਼ ਵਰਮਾ 'ਤੇ ਗੋਲੀ ਚਲਾਉਣ ਦੇ ਬਹਾਨੇ ਵੀਹ ਹਜ਼ਾਰ ਰੁਪਏ ਦੀ ਫਿਰੌਤੀ ਲਈ ਸੀ। ਗੈਂਗਸਟਰ ਵਿਰੁਧ ਪੰਜਾਬੀ ਗਾਇਕ ਗਿੱਪੀ ਗਰੇਵਾਲ ਤੋਂ ਫਿਰੌਤੀ ਮੰਗਣ ਦਾ ਮਾਮਲਾ, ਪੰਜਾਬੀ ਗਾਇਕ ਪਰਮੀਸ਼ ਵਰਮਾ 'ਤੇ ਜਾਨਲੇਵਾ ਹਮਲਾ, ਜਬਰੀ ਲੁੱਟ ਦਾ ਮਾਮਲਾ, ਕਾਰੋਬਾਰੀਆਂ ਤੋਂ ਫਿਰੌਤੀ ਮੰਗਣ ਸਣੇ ਕਈ ਮਾਮਲੇ ਦਰਜ ਹਨ।
(For more news apart from Gangster Dilpreet Baba appears in court amid heavy security, stay tuned to Rozana Spokesman)