
ਜੰਮੂ-ਕਸ਼ਮੀਰ ਦੇ ਬਨਿਹਾਲ 'ਚ ਆਤਮਘਾਤੀ ਕਾਰ ਬੰਬ ਹਮਲੇ ਦੀ ਯੋਜਨਾ ਬਣਾਉਣ 'ਚ ਸ਼ਾਮਲ ਸੀ ਹਿਲਾਲ ਅਹਿਮਦ
ਬਠਿੰਡਾ : ਜੰਮੂ-ਕਸ਼ਮੀਰ ਪੁਲਿਸ ਨੇ ਮੰਗਲਵਾਰ ਨੂੰ ਬਠਿੰਡਾ ਦੀ ਸੈਂਟਰਲ ਯੂਨੀਵਰਸਟੀ ਆਫ਼ ਪੰਜਾਬ ਤੋਂ ਇਕ ਕਸ਼ਮੀਰੀ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ 'ਤੇ ਦੋਸ਼ ਹੈ ਕਿ ਉਹ ਜੰਮੂ-ਕਸ਼ਮੀਰ ਦੇ ਬਨਿਹਾਲ 'ਚ ਆਤਮਘਾਤੀ ਕਾਰ ਬੰਬ ਧਮਾਕੇ ਦੀ ਯੋਜਨਾ ਬਣਾਉਣ 'ਚ ਸ਼ਾਮਲ ਸੀ। ਵਿਦਿਆਰਥੀ ਦੀ ਪਛਾਣ ਹਿਲਾਲ ਅਹਿਮਦ ਵਜੋਂ ਹੋਈ ਹੈ। ਪੁਲਿਸ ਮੁਤਾਬਕ ਹਿਲਾਲ ਬੀਤੀ 30 ਮਾਰਚ ਨੂੰ ਜੰਮੂ-ਕਸ਼ਮੀਰ ਦੇ ਬਨਿਹਾਲ 'ਚ ਆਤਮਘਾਤੀ ਕਾਰ ਬੰਬ ਹਮਲੇ ਦੀ ਯੋਜਨਾ ਬਣਾਉਣ 'ਚ ਸ਼ਾਮਲ ਸੀ। ਹਾਲਾਂਕਿ ਇਹ ਹਮਲਾ ਨਾਕਾਮ ਹੋ ਗਿਆ ਸੀ।
Central University of Bathinda
ਪੁਲਵਾਮਾ ਹਮਲੇ ਦੀ ਤਰਜ਼ 'ਤੇ ਹਿਲਾਲ ਅਤੇ ਉਸ ਦੇ ਸਾਥੀਆਂ ਨੇ ਇਕ ਸੈਂਟਰੋ ਕਾਰ 'ਚ ਧਮਾਕਾ ਕਰ ਕੇ ਸੀਆਰਪੀਐਫ ਕਾਫ਼ਲੇ 'ਤੇ ਹਮਲੇ ਦੀ ਯੋਜਨਾ ਬਣਾਈ ਸੀ। ਹਾਲਾਂਕਿ ਅੰਤਮ ਸਮੇਂ ਸੁਰੱਖਿਆ ਬਲਾਂ ਨੂੰ ਵੇਖ ਕੇ ਹਿਲਾਲ ਡਰ ਗਿਆ ਅਤੇ ਬੰਬ ਨਾਲ ਭਰੀ ਗੱਡੀ ਨੂੰ ਛੱਡ ਕੇ ਫ਼ਰਾਰ ਹੋ ਗਿਆ ਸੀ। ਹਿਲਾਲ ਬਠਿੰਡਾ ਯੂਨੀਵਰਸਿਟੀ 'ਚ ਐਮ.ਐਡ. ਦਾ ਵਿਦਿਆਰਥੀ ਹੈ। 30 ਮਾਰਚ ਨੂੰ ਹੀ ਬਨਿਹਾਲ ਪੁਲਿਸ ਨੇ ਆਈਪੀਸੀ ਦੀਆਂ ਧਾਰਾਵਾਂ 307, 120, 120ਏ, 121, 121ਏ ਅਤੇ ਵਿਸਫ਼ੋਟਕ ਪਦਾਰਥ ਕਾਨੂੰਨ ਅਤੇ ਗ਼ੈਰ-ਕਾਨੂੰਨੀ ਗਤੀਵਿਧੀਆਂ ਐਕਟ ਤਹਿਤ ਮਾਮਲਾ ਦਰਜ ਕਰਵਾਇਆ ਸੀ।
CRPF convoy
ਪੁਲਿਸ ਮੁਤਾਬਕ ਹਿਲਾਲ ਜੰਮੂ-ਕਸ਼ਮੀਰ 'ਚ ਅਤਿਵਾਦੀ ਗਤੀਵਿਧੀਆਂ ਅਤੇ ਟੈਰਰ ਫੰਡਿੰਗ 'ਚ ਸ਼ਾਮਲ ਹੈ। ਸੂਤਰਾਂ ਮੁਤਾਬਕ ਹਿਲਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਦਾ ਫ਼ੇਸਬੁੱਕ ਅਕਾਊਂਟ ਬਿਲਕੁਲ ਖਾਲੀ ਹੋ ਗਿਆ, ਜੋ ਕਿ ਬੀਤੀ ਰਾਤ ਸਹੀ ਸਲਾਮਤ ਚੱਲ ਰਿਹਾ ਸੀ। ਉਸ 'ਚ ਹਿਲਾਲ ਦੇ ਪਰਿਵਾਰ, ਦੋਸਤਾਂ ਆਦਿ ਦੀਆਂ ਤਸਵੀਰਾਂ ਲੋਡ ਕੀਤੀਆਂ ਹੋਈਆਂ ਸਨ। ਫ਼ੇਸਬੁੱਕ ਅਕਾਊਂਟ ਨੂੰ ਲੈ ਕੇ ਪੁਲਿਸ ਵੀ ਸੁੰਨ ਰਹਿ ਗਈ ਹੈ। ਮਿੰਟੂ ਦੀ ਗ੍ਰਿਫ਼ਤਾਰੀ ਬਾਰੇ ਕਿਸੇ ਨੂੰ ਵੀ ਪਤਾ ਨਹੀਂ ਸੀ ਪਰ ਉਸ ਦੀ ਗ੍ਰਿਫ਼ਤਾਰੀ ਦੇ ਤੁਰੰਤ ਬਾਅਦ ਉਸ ਦਾ ਫ਼ੇਸਬੁੱਕ ਅਕਾਊਂਟ ਡਿਲੀਟ ਕੀਤੇ ਜਾਣ ਤੋਂ ਸਪੱਸ਼ਟ ਹੈ ਕਿ ਉਸ ਦਾ ਅਕਾਊਂਟ ਕੋਈ ਹੋਰ ਵੀ ਚਲਾ ਰਿਹਾ ਸੀ।