
ਤਾਲਾਬੰਦੀ ਦੌਰਾਨ ਭਵਿੱਖ ਦੀ ਰੂਪਰੇਖਾ ਤਿਆਰ ਕੀਤੀ ਜਾਵੇ
ਨਵੀਂ ਦਿੱਲੀ, 23 ਅਪ੍ਰੈਲ: ਕਾਂਗਰਸ ਦੀ ਸਿਖਰਲੀ ਨੀਤੀਘਾੜੀ ਕਮੇਟੀ (ਸੀਡਬਲਿਊਸੀ) ਨੇ ਭਾਜਪਾ ਵਿਰੁਧ ਕੋਰੋਨਾ ਵਾਇਰਸ ਸੰਕਟ ਦੇ ਸਮੇਂ ਵੀ ਫ਼ਿਰਕੂ ਬਟਵਾਰੇ ਅਤੇ ਧਰੁਵੀਕਰਨ ਦੀ ਰਾਜਨੀਤੀ ਕਰਨ ਦਾ ਦੋਸ਼ ਲਾਇਆ ਅਤੇ ਸਰਕਾਰ ਨੂੰ ਕਿਹਾ ਕਿ ਤਾਲਾਬੰਦੀ ਦੇ ਸਮੇਂ ਦੀ ਵਰਤੋਂ ਇਸ ਸੰਕਟ ਨਾਲ ਸਿੱਝਣ ਦੀ ਕਾਰਜਯੋਜਨਾ ਅਤੇ ਭਵਿੱਖ ਦੀ ਰੂਪਰੇਖਾ ਤਿਆਰ ਕਰਨ ਲਈ ਕੀਤੀ ਜਾਵੇ।
ਕਮੇਟੀ ਦੀ ਬੈਠਕ ਵਿਚ ਪਾਸ ਮਤੇ ਵਿਚ ਗ਼ਰੀਬਾਂ ਦੇ ਖਾਤਿਆਂ ਵਿਚ 7500 ਰੁਪਏ ਭੇਜਣ, ਅਰਥਚਾਰੇ ਨੂੰ ਪਟੜੀ 'ਤੇ ਲਿਆਉਣ, ਕੋਰੋਨਾ ਵਾਇਰਸ ਦੇ ਇਲਾਜ ਅਤੇ ਰੋਕਥਾਮ, ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਕਰਨ ਅਤੇ ਲੋਕਾਂ ਦੀ ਰੋਜ਼ੀ-ਰੋਟੀ ਦਾ ਸਾਧਨ ਉਪਲਭਧ ਕਰਾਉਣ ਦੀ ਮੰਗ ਕੀਤੀ ਗਈ। ਮਤੇ ਵਿਚ ਕਿਹਾ ਗਿਆ, 'ਕਮੇਟੀ ਇਸ ਗੱਲ ਤੋਂ ਚਿੰਤਿਤ ਹੈ ਕਿ ਜਦ ਪੂਰਾ ਦੇਸ਼ ਕੋਵਿਡ-19 ਵਿਰੁਧ ਮਿਲ ਕੇ ਲੜਾਈ ਲੜ ਰਿਹਾ ਹੈ ਤਦ ਵੀ ਭਾਜਪਾ ਫ਼ਿਰਕੂ ਬਟਵਾਰੇ ਦੀ ਅੱਗ ਲਾਉਣ ਦਾ ਯਤਨ ਕਰ ਰਹੀ ਹੈ। ਇਕ ਸੰਗਠਿਤ ਦੇਸ਼ ਦੇ ਰੂਪ ਵਿਚ ਅਸੀਂ ਉਨ੍ਹਾਂ ਤਾਕਤਾਂ ਨੂੰ ਪਛਾਣਨਾ ਹੈ ਜਿਹੜੀਆਂ ਇਸ ਸੰਕਟ ਵਿਚ ਵੀ ਦੇਸ਼ ਦਾ ਧਰੁਵੀਕਰਨ ਕਰਨ ਤੋਂ ਬਾਜ਼ ਨਹੀਂ ਆ ਰਹੀਆਂ।'
File photo
ਕਾਂਗਰਸ ਦੀ ਸਿਖਰਲੀ ਇਕਾਈ ਨੇ ਕਿਹਾ, 'ਇਹ ਲੜਾਈ ਜ਼ਿਲ੍ਹਾ ਪੱਧਰ, ਸ਼ਹਿਰ ਪੱਧਰ ਅਤੇ ਪਿੰਡ ਪੱਧਰ 'ਤੇ ਲੜੀ ਜਾ ਰਹੀ ਹੈ। ਇਸ ਲਈ ਜ਼ਰੂਰੀ ਹੈ ਕਿ ਰਾਜਾਂ ਨੂੰ ਅਪਣੀਆਂ ਖ਼ਾਸ ਹਾਲਤਾਂ ਅਤੇ ਚੁਨੌਤੀਅ ਮੁਤਾਬਕ ਹੱਲ ਕੱਢਣ ਦੇ ਸਮਰੱਥ ਬਣਾਇਆ ਜਾਵੇ। ਇਸ ਲੜਾਈ ਦੀ ਰਣਨੀਤੀ ਹਰ ਥਾਂ ਲਈ ਉਥੋਂ ਦੀਆਂ ਵਿਸ਼ੇਸ਼ ਹਾਲਤਾਂ ਮੁਤਾਬਕ ਹੋਣੀ ਚਾਹੀਦੀ ਹੈ ਨਾਕਿ ਉਪਰ ਬੈਠ ਕੇ ਇਕ ਹੀ ਨੀਤੀ ਸਾਰਿਆਂ 'ਤੇ ਇਕੋ ਤਰੀਕੇ ਨਾਲ ਲੱਦੀ ਜਾਵੇ ਜਿਵੇਂ ਇਸ ਵੇਲੇ ਹੁੰਦਾ ਦਿਸ ਰਿਹਾ ਹੈ।' ਮਤੇ ਵਿਚ ਕਿਹਾ ਗਿਆ, 'ਪ੍ਰਧਾਨ ਮੰਤਰੀ ਨੂੰ ਦਿਤੇ ਗਏ ਸੁਝਾਅ ਨੂੰ ਦੁਹਰਾਇਆ ਜਾਂਦਾ ਹੈ ਕਿ ਕੇਂਦਰ ਸਰਕਾਰ ਹਰ ਗ਼ਰੀਬ ਪਰਵਾਰ ਲਈ ਤੁਰਤ 7500 ਰੁਪਏ ਅਤੇ 10 ਕਿਲੋਗ੍ਰਾਮ ਚੌਲ ਜਾਂ ਕਣਕ ਤੇ 1 ਕਿਲੋ ਦਾਲ ਅਤੇ ਚੀਨ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਦੇਵੇ ਜਿਸ ਨਾਲ ਉਹ ਤਾਲਾਬੰਦੀ ਦੌਰਾਨ ਅਪਣਾ ਗੁਜ਼ਾਰਾ ਕਰ ਸਕਣ।' (ਏਜੰਸੀ)