
ਪੱਤਰ ਵਿਚ ਲਿਖਿਆ ਗਿਆ ਹੈ ਕਿ ‘ਅਫ਼ਸੋਸਜਨਕ ਤਰੀਕੇ ਨਾਲ ‘ਜੈ ਸ੍ਰੀ ਰਾਮ’ ਦਾ ਨਾਅਰਾ ਜੰਗ ਦੀ ਲਲਕਾਰ ਵਿਚ ਤਬਦੀਲ ਹੋ ਗਿਆ ਹੈ
ਨਵੀਂ ਦਿੱਲੀ: ਦੇਸ਼ ਦੀਆਂ 49 ਪ੍ਰਸਿੱਧ ਹਸਤੀਆਂ, ਜਿਨ੍ਹਾਂ ਵਿਚ ਫਿਲਮਕਾਰ, ਸਮਾਜਕ ਕਰਮਚਾਰੀ ਉਦਯੋਗਪਤੀ ਵੀ ਸ਼ਾਮਲ ਹਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਉਹਨਾਂ ਦਾ ਧਿਆਨ ਹਾਲ ਹੀ ਦੇ ਸਮੇਂ ਵਿਚ ਹੋਈਆਂ ਘਟਨਾਵਾਂ ਵੱਲ ਦਵਾਇਆ ਹੈ। ਇਹਨਾਂ ਘਟਨਾਵਾਂ ਵਿਚ ਖਾਸਤੌਰ ‘ਤੇ ਮਾਬ ਲਿੰਚਿੰਗ ਦੀਆਂ ਕਈ ਘਟਨਾਵਾਂ ਅਤੇ ‘ਜੈ ਸ੍ਰੀ ਰਾਮ’ ਦੇ ਨਾਅਰੇ ਨੂੰ ਜੰਗ ਦੀ ਲਲਕਾਰ ਬਣਾ ਕੇ ਹਥਿਆਰ ਦੀ ਤਰਾਂ ਵਰਤਿਆ ਜਾਣਾ ਸ਼ਾਮਲ ਹੈ।
ਫਿਲਮਕਾਰ ਸ਼ਿਆਮ ਬੇਨੇਗਲ, ਕੇਤਨ ਮੇਹਤਾ, ਅਨੁਰਾਗ ਕਸ਼ਿਅਪ ਤੇ ਮਣਿਰਤਨਮ, ਅਦਾਰਾਕਾ ਕੋਂਕਨਾ ਸੇਨ ਤੇ ਅਰਪਣਾ ਸੇਨ ਅਤੇ ਇਤਿਹਾਸਕਾਰ ਰਾਮਚੰਦਰ ਗੁਹਾ ਸਮੇਤ ਬਹੁਤ ਮੰਨੀਆਂ ਪ੍ਰਮੰਨੀਆਂ ਹਸਤੀਆਂ ਵੱਖੋਂ ਦਸਤਖ਼ਤ ਕੀਤੇ ਗਏ ਪੱਤਰ ਵਿਚ ਕਿਹਾ ਗਿਆ ਹੈ, ‘ ਪਿਆਰੇ ਪ੍ਰਧਾਨ ਮੰਤਰੀ.... ਮੁਸਲਿਮ, ਦਲਿਤਾਂ ਅਤੇ ਹੋਰ ਘੱਟ ਗਿਣਤੀਆਂ ਦੀ ਕੁੱਟਮਾਰ ਤੁਰੰਤ ਰੋਕੀ ਜਾਣੀ ਚਾਹੀਦੀ ਹੈ। ਸਾਨੂੰ ਨੈਸ਼ਨਲ ਕ੍ਰਾਈਮ ਰਿਕਾਰਡਜ਼ ਬਿਊਰੋ (ਐਨਸੀਆਰਬੀ) ਦੀਆਂ ਰਿਪੋਰਟਾਂ ਤੋਂ ਇਹ ਜਾਣ ਕੇ ਹੈਰਾਨੀ ਹੋਈ ਹੈ ਕਿ ਸਾਲ 2016 ਵਿਚ ਦਲਿਤਾਂ ਪ੍ਰਤੀ ਘੱਟ ਤੋਂ ਘੱਟ 840 ਹਿੰਸਾ ਦੀਆਂ ਘਟਨਾਵਾਂ ਦਰਜ ਹੋਈਆਂ ਹਨ ਅਤੇ ਇਹਨਾਂ ਵਿਚ ਦੋਸ਼ੀ ਕਰਾਰ ਦਿੱਤੇ ਜਾਣ ‘ਚ ਨਿਸ਼ਚਿਤ ਰੂਪ ਤੋਂ ਇਸ ਦੌਰਾਨ ਕਮੀ ਆਈ ਹੈ’।
ਉਹਨਾਂ ਲਿਖਿਆ , ‘ਪ੍ਰਧਾਨ ਮੰਤਰੀ ਜੀ ਤੁਸੀਂ ਸੰਸਦ ਵਿਚ ਇਸ ਤਰ੍ਹਾਂ ਦੀ ਲਿੰਚਿੰਗ ਦੀ ਨਿੰਦਾ ਕੀਤੀ ਸੀ ਪਰ ਉਹ ਕਾਫ਼ੀ ਨਹੀਂ ਹੈ... ਅਸੀਂ ਮੰਨਦੇ ਹਾਂ ਕਿ ਇਸ ਤਰ੍ਹਾਂ ਦੇ ਅਪਰਾਧਾਂ ਨੂੰ ਗੈਰ-ਜ਼ਮਾਨਤੀ ਐਲਾਨ ਕੀਤਾ ਜਾਣਾ ਚਾਹੀਦਾ ਹੈ। ਪੀਐਮ ਮੋਦੀ ਨੇ ਝਾਰਖੰਡ ਵਿਚ 24 ਸਾਲਾ ਨੌਜਵਾਨ ਨੂੰ ਭੀੜ ਵੱਲੋਂ ਮਾਰ ਦਿੱਤੇ ਜਾਣ ਦੀ ਜੂਨ ਵਿਚ ਸੰਸਦ ‘ਚ ਨਿਖੇਧੀ ਕੀਤੀ ਸੀ ਅਤੇ ਜ਼ੋਰ ਦੇ ਕੇ ਕਿਹਾ ਸੀ ਕਿ ਝਾਰਖੰਡ ਹੋਵੇ ਜਾਂ ਪੱਛਮੀ ਬੰਗਾਲ ਜਾਂ ਕੇਰਲ, ਹਿੰਸਾ ਦੀਆਂ ਘਟਨਾਵਾਂ ਤੋਂ ਇਕ ਹੀ ਤਰੀਕੇ ਨਾਲ ਨਿਪਟਣਾ ਚਾਹੀਦਾ ਹੈ।
ਪੱਤਰ ਵਿਚ ਲਿਖਿਆ ਗਿਆ ਹੈ ਕਿ ‘ਅਫ਼ਸੋਸਜਨਕ ਤਰੀਕੇ ਨਾਲ ‘ਜੈ ਸ੍ਰੀ ਰਾਮ’ ਦਾ ਨਾਅਰਾ ਜੰਗ ਦੀ ਲਲਕਾਰ ਵਿਚ ਤਬਦੀਲ ਹੋ ਗਿਆ ਹੈ, ਜਿਸ ਕਾਰਨ ਕਾਨੂੰਨ ਅਤੇ ਵਿਵਸਥਾ ਵਿਚ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਅਤੇ ਉਹਨਾਂ ਦੇ ਨਾਂਅ ‘ਤੇ ਲਿੰਚਿੰਗ ਦੀਆਂ ਕਈ ਘਟਨਾਵਾਂ ਹੁੰਦੀਆਂ ਹਨ। ਦੇਸ਼ ਦੇ ਮੁਖੀ ਹੋਣ ਦੇ ਨਾਤੇ ਤੁਹਾਨੂੰ ਰਾਮ ਦੇ ਨਾਂਅ ਨੂੰ ਇਸ ਤਰ੍ਹਾਂ ਅਪਮਾਨਿਤ ਕੀਤੇ ਜਾਣ ‘ਤੇ ਰੋਕ ਲਗਾਉਣੀ ਹੋਵੇਗੀ’। ਚਿੱਠੀ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਸੱਤਾਧਾਰੀ ਪਾਰਟੀ ਦੀ ਅਲੋਚਨਾ ਕਰਨ ਦਾ ਅਰਥ ਦੇਸ਼ ਦੀ ਅਲੋਚਨਾ ਕਰਨਾ ਨਹੀਂ ਹੁੰਦਾ ਹੈ ਅਤੇ ਕੋਈ ਵੀ ਸੱਤਾਧਾਰੀ ਪਾਰਟੀ ਸੱਤਾ ਵਿਚ ਰਹਿਣ ਦੌਰਾਨ ਦੇਸ਼ ਦਾ ਸਮਾਨਾਰਥਕ ਨਹੀਂ ਹੁੰਦੀ ਹੈ।
ਇਸ ਲਈ ਸਰਕਾਰ ਵਿਰੋਧੀ ਰੁਖ ਨੂੰ ਦੇਸ਼ ਵਿਰੋਧੀ ਭਾਵਨਾ ਨਹੀਂ ਦੱਸਿਆ ਜਾ ਸਕਦਾ। ਪੱਤਰ ਵਿਚ ਕਿਹਾ ਗਿਆ ਹੈ, ‘ਸਾਨੂੰ ਆਸ ਹੈ ਕਿ ਸਾਡੇ ਸੁਝਾਅ ਨੂੰ ਉਹਨਾਂ ਭਾਵਨਾਵਾਂ ਦੇ ਨਾਲ ਸਮਝਿਆ ਜਾਵੇਗਾ, ਜਿਨ੍ਹਾਂ ਭਾਵਨਾਵਾਂ ਵਿਚ ਇਹ ਦਿੱਤੇ ਗਏ ਹਨ ਕਿਉਂਕਿ ਭਾਰਤੀ ਦੇਸ਼ ਦੇ ਭਵਿੱਖ ਨੂੰ ਲੈ ਕੇ ਕਾਫ਼ੀ ਚਿੰਤਾ ਵਿਚ ਹਨ। ਚਿੱਠੀ ਵਿਚ ਫਿਲਮਕਾਰ ਅਦੁਰ ਗੋਪਾਲਕ੍ਰਿਸ਼ਨ, ਸਮਾਜਕ ਕਰਮਚਾਰੀ ਅਨੁਰਾਧਾ ਕਪੂਰ ਤੇ ਅਦਿਤੀ ਬਸੂ ਅਤੇ ਲੇਖਕ ਅਮਿਤ ਚੌਧਰੀ ਨੇ ਵੀ ਦਸਤਖ਼ਤ ਕੀਤੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ