
ਏਆਈਐਮਆਈਐਮ ਦੇ ਕਾਰਪੋਰੇਟਰ ਜਿਸ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦੇਣ ਲਈ ਮਤੇ ਦਾ ਵਿਰੋਧ ਕੀਤਾ ਸੀ...........
ਮੁੰਬਈ : ਏਆਈਐਮਆਈਐਮ ਦੇ ਕਾਰਪੋਰੇਟਰ ਜਿਸ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦੇਣ ਲਈ ਮਤੇ ਦਾ ਵਿਰੋਧ ਕੀਤਾ ਸੀ, ਨੂੰ ਤਸਕਰੀ ਅਤੇ ਹੋਰ ਦੋਸ਼ਾਂ ਹੇਠ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦਿਤਾ ਗਿਆ ਹੈ। ਔਰੰਗਾਬਾਦ ਵਿਚ ਆਲ ਇੰਡੀਆ ਮਜਲਿਸ ਏ ਇਤੇਹਾਦੁਲ ਮੁਸਲੀਮੀਨ ਦੇ 32 ਸਾਲਾ ਕੌਂਸਲਰ ਸਈਅਦ ਮਤੀਨ ਸਈਅਦ ਰਸ਼ੀਦ ਨੂੰ ਇਕ ਸਾਲ ਲਈ ਜੇਲ ਭੇਜ ਦਿਤਾ ਗਿਆ ਹੈ। ਔਰੰਗਾਬਾਦ ਮਿਊਂਸਪਲ ਕੌਂਸਲ ਦੀ ਜਨਰਲ ਬਾਡੀ ਦੀ ਬੈਠਕ ਵਿਚ ਮਤੀਨ ਨੇ ਵਾਜਪਾਈ ਨੂੰ ਸ਼ਰਧਾਂਜਲੀ ਦੇਣ ਲਈ ਮਤੇ ਦਾ ਵਿਰੋਧ ਕੀਤਾ ਸੀ।
ਬਾਅਦ ਵਿਚ ਉਸ ਨੂੰ ਭਾਜਪਾ ਦੇ ਕੌਂਸਲਰਾਂ ਨੇ ਕਥਿਤ ਤੌਰ 'ਤੇ ਕੁਟਿਆ ਅਤੇ ਖਿੱਚ-ਧੂਹ ਕੀਤੀ। ਮਤੀਨ ਵਿਰੁਧ ਆਈਪੀਸੀ ਦੀ ਧਾਰਾ 294 ਤਹਿਤ ਪਰਚਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਵਿਰੁਧ ਜਨਤਕ ਤੌਰ 'ਤੇ ਗ਼ਲਤ ਅਤੇ ਲੱਚਰ ਹਰਕਤ ਕਰਨ ਅਤੇ ਨਫ਼ਰਤ ਫੈਲਾਉਣ ਦਾ ਦੋਸ਼ ਲਾਇਆ ਗਿਆ ਸੀ। ਰਾਸ਼ਿਦ ਪਹਿਲਾਂ ਵੀ ਵਿਵਾਦਾਂ ਵਿਚ ਰਹਿ ਚੁੱਕੇ ਹਨ। ਉਹ ਪਹਿਲੀ ਵਾਰ ਤਦ ਵਿਵਾਦਾਂ ਵਿਚ ਆਏ ਜਦ ਉਨ੍ਹਾਂ ਨੇ ਨਗਰ ਨਿਗਮ ਵਿਚ ਰਾਸ਼ਟਰ ਗੀਤ ਵਜਾਉਣ ਦਾ ਵਿਰੋਧ ਕੀਤਾ ਸੀ। ਏਆਈਐਮਆਈਐਮ ਦੇ ਆਗੂ ਇਮਤਿਆਜ਼ ਜਲੀਲ ਨੇ ਕਿਹਾ ਕਿ ਉਨ੍ਹਾਂ ਵਿਰੁਧ ਸਿਰਫ਼ ਦੋ ਮਾਮਲੇ ਹਨ।
ਇਸ ਪਿੱਛੇ ਪੂਰੀ ਤਰ੍ਹਾਂ ਰਾਜਨੀਤੀ ਹੈ। ਪਾਰਟੀ ਨੇ ਵਾਜਪਾਈ ਨੂੰ ਸ਼ਰਧਾਂਜਲੀ ਦਿਤੀ ਸੀ। ਇਹ ਪਾਰਟੀ ਦਾ ਮਾਮਲਾ ਸੀ। ਭਾਜਪਾ ਦੇ ਕੌਂਸਲਰਾਂ ਨੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ। ਅਧਿਕਾਰੀਆਂ ਨੇ ਦਸਿਆ ਕਿ ਕਾਰਪੋਰੇਟਰ ਨੂੰ ਜੇਲ ਭੇਜ ਦਿਤਾ ਗਿਆ ਹੈ। ਉਸ ਵਿਰੁਧ ਪਹਿਲਾਂ ਵੀ ਦੋ ਪਰਚੇ ਦਰਜ ਸਨ। ਉਸ ਦਾ ਅਪਰਾਧਕ ਪਿਛੋਕੜ ਵੇਖੇ ਜਾਣ ਮਗਰੋਂ ਪਤਾ ਲੱਗਾ ਕਿ ਉਹ ਖ਼ਤਰਨਾਕ ਵਿਅਕਤੀ ਹੈ ਅਤੇ ਦੋ ਤਬਕਿਆਂ ਵਿਚਾਲੇ ਨਫ਼ਰਤ ਫੈਲਾ ਸਕਦਾ ਹੈ। ਉਹ ਇਕ ਸਾਲ ਲਈ ਜੇਲ ਵਿਚ ਰਹੇਗਾ। (ਪੀਟੀਆਈ)