
ਸੀ.ਬੀ.ਆਈ. ਨੇ ਦੇਸ਼ ਭਰ ਵਿੱਚ CSAM ਦਾ ਪ੍ਰਸਾਰਣ ਕਰਨ ਵਾਲੇ ਅਪਰਾਧੀਆਂ ਖ਼ਿਲਾਫ਼ ਛਾਪੇਮਾਰੀ ਕੀਤੀ ਹੈ।
ਨਵੀਂ ਦਿੱਲੀ- 'ਆਪਰੇਸ਼ਨ ਮੇਘ ਚੱਕਰ’ ਵਜੋਂ ਬਾਲ ਜਿਨਸੀ ਸ਼ੋਸ਼ਣ ਨਾਲ ਸੰਬੰਧਿਤ ਸਮੱਗਰੀ ਦੇ ਆਨਲਾਈਨ ਪ੍ਰਸਾਰਣ ਨਾਲ ਸਬੰਧਤ ਦੋ ਮਾਮਲਿਆਂ ਵਿੱਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਸ਼ਨੀਵਾਰ ਨੂੰ 19 ਰਾਜਾਂ ਅਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ 56 ਥਾਵਾਂ ਦੀ ਤਲਾਸ਼ੀ ਲਈ। ਪਤਾ ਲੱਗਿਆ ਹੈ ਕਿ ਇਹ ਛਾਪੇ ਇੰਟਰਪੋਲ ਸਿੰਗਾਪੁਰ ਤੋਂ ਪ੍ਰਾਪਤ ਜਾਣਕਾਰੀ ਅਤੇ ਪਿਛਲੇ ਸਾਲ ਦੇ 'ਆਪਰੇਸ਼ਨ ਕਾਰਬਨ' ਦੌਰਾਨ ਹਾਸਲ ਹੋਈ ਖ਼ੁਫ਼ੀਆ ਜਾਣਕਾਰੀ 'ਤੇ ਆਧਾਰਿਤ ਹਨ।
ਇਹ ਛਾਪੇਮਾਰੀ ਕਲਾਉਡ ਸਟੋਰੇਜ ਸੇਵਾਵਾਂ 'ਤੇ ਕੇਂਦਰਿਤ ਹੈ, ਜਿਨ੍ਹਾਂ ਦੀ ਵਰਤੋਂ ਅਪਰਾਧੀਆਂ ਦੁਆਰਾ ਬੱਚਿਆਂ ਨਾਲ ਗ਼ੈਰ-ਕਨੂੰਨੀ ਜਿਨਸੀ ਗਤੀਵਿਧੀਆਂ ਦੇ ਆਡੀਓ-ਵਿਜ਼ੂਅਲ ਪ੍ਰਸਾਰਿਤ ਕਰਨ ਲਈ ਕੀਤੀ ਜਾਂਦੀ ਹੈ। ਇਸੇ ਤਹਿਤ ਇਸ ਮੁਹਿੰਮ ਨੂੰ ‘ਆਪਰੇਸ਼ਨ ਮੇਘ ਚੱਕਰ’ ਦਾ ਨਾਂਅ ਦਿੱਤਾ ਗਿਆ। ਇਸ ਬਾਰੇ ਇੱਕ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਸੀ.ਬੀ.ਆਈ. ਨੇ ਦੇਸ਼ ਭਰ ਵਿੱਚ CSAM ਦਾ ਪ੍ਰਸਾਰਣ ਕਰਨ ਵਾਲੇ ਅਪਰਾਧੀਆਂ ਖ਼ਿਲਾਫ਼ ਛਾਪੇਮਾਰੀ ਕੀਤੀ ਹੈ।