
ਪਿਹੋਵਾ ਵਿਧਾਨ ਸਭਾ ਸੀਟ 'ਤੇ ਦਰਜ ਕੀਤੀ ਜਿੱਤ
ਚੰਡੀਗੜ੍ਹ : ਸਾਬਕਾ ਹਾਕੀ ਖਿਡਾਰੀ ਸੰਦੀਪ ਸਿੰਘ ਨੇ ਹਰਿਆਣਾ ਵਿਧਾਨ ਸਭਾ ਚੋਣਾਂ 'ਚ ਬਾਜ਼ੀ ਮਾਰ ਲਈ ਹੈ। ਸੰਦੀਪ ਸਿੰਘ ਭਾਜਪਾ ਦੀ ਟਿਕਟ 'ਤੇ ਕੁਰੂਕਸ਼ੇਤਰ ਜ਼ਿਲ੍ਹੇ ਦੀ ਪਿਹੋਵਾ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ 'ਚ ਉੱਤਰੇ ਸਨ। ਉਨ੍ਹਾਂ ਨੇ ਆਪਣੇ ਵਿਰੋਧੀ ਕਾਂਗਰਸ ਦੇ ਮਨਦੀਪ ਸਿੰਘ ਚੱਟਾ ਨੂੰ 5341 ਵੋਟਾਂ ਦੇ ਫ਼ਰਕ ਨਾਲ ਹਰਾਇਆ। ਹਰਿਆਣਾ ਵਿਧਾਨ ਸਭਾ ਚੋਣਾਂ 'ਚ ਭਾਜਪਾ ਵਲੋਂ ਖੇਡ ਜਗਤ ਦੇ ਤਿੰਨ ਖਿਡਾਰੀਆਂ ਨੇ ਆਪਣੀ ਕਿਸਮਤ ਅਜਮਾਈ ਸੀ। ਇਨ੍ਹਾਂ 'ਚੋਂ ਸਿਰਫ਼ ਸੰਦੀਪ ਸਿੰਘ ਨੇ ਬਾਜ਼ੀ ਮਾਰੀ ਅਤੇ ਬਾਕੀ ਦੋ ਖਿਡਾਰੀ ਬਬੀਤਾ ਫ਼ੋਗਾਟ ਤੇ ਯੋਗੇਸ਼ਵਰ ਦੱਤ ਹਾਰ ਗਏ।
Sandeep Singh wins from Pehowa
ਆਪਣੇ ਖੇਡ ਦੇ ਦਿਨਾਂ 'ਚ ਸੱਭ ਤੋਂ ਤੇਜ਼ ਡਰੈਗ ਫ਼ਲਿਕਰ ਵਜੋਂ ਪਛਾਣ ਬਣਾਉਣ ਵਾਲੇ ਸੰਦੀਪ ਸਿੰਘ ਚੋਣ ਮੈਦਾਨ 'ਚ ਵੀ ਅੱਗੇ ਰਹੇ। ਪਿਹੋਵਾ ਸੀਟ ਤੋਂ 11 ਉਮੀਦਵਾਰ ਚੋਣ ਮੈਦਾਨ 'ਚ ਸਨ ਅਤੇ 42,533 ਵੋਟਾਂ ਪ੍ਰਾਪਤ ਕਰਨ ਵਾਲੇ ਸੰਦੀਪ ਸਿੰਘ ਸੱਭ ਤੋਂ ਅੱਗੇ ਰਹੇ। ਸੰਦੀਪ ਦੋਂ ਬਾਅਦ ਦੂਜੇ ਨੰਬਰ 'ਤੇ ਕਾਂਗਰਸ ਦੇ ਮਨਦੀਪ ਸਿੰਘ ਚੱਟਾ ਰਹੇ, ਜਿਨ੍ਹਾਂ ਨੂੰ 37,202 ਵੋਟਾਂ ਮਿਲੀਆਂ।
Sandeep Singh wins from Pehowa
ਦਰਅਸਲ ‘ਸੂਰਮਾ’ ਨਾਂ ਸੰਦੀਪ ਦਾ ਪਿਛਲੇ ਸਾਲ ਹੀ ਰਿਲੀਜ਼ ਹੋਈ ਫ਼ਿਲਮ 'ਸੂਰਮਾ' ਦੇ ਨਾਮ ਤੋਂ ਪਿਆ ਹੈ। ਇਸ ਬਾਇਓਪਿਕ ਨੇ ਉਨ੍ਹਾਂ ਦੇ ਉਤਾਰ-ਚੜ੍ਹਾਅ ਤੇ ਟੀਮ ਵਿਚ ਮੁੜ ਵਾਪਸੀ ਨੂੰ ਦਰਸਾਇਆ ਸੀ। ਇਸ ਫ਼ਿਲਮ ਵਿਚ ਅਦਾਕਾਰ ਦਲਜੀਤ ਦੁਸਾਂਝ ਨੇ ਮੁੱਖ ਭੂਮਿਕਾ ਨਿਭਾਈ ਸੀ ਅਤੇ ਫ਼ਿਲਮ ਨੂੰ ਦੇਸ਼ ਭਰ ਦੇ ਸਿਨੇਮਾਘਰਾਂ ਵਿਚ ਭਰਵਾਂ ਹੁੰਗਾਰਾ ਮਿਲਿਆ ਸੀ। ਸੰਦੀਪ ਸਿੰਘ ਕੁਰੂਕਸ਼ੇਤਰ ਵਿਚ ਸ਼ਾਹਾਬਾਦ ਦੇ ਰਹਿਣ ਵਾਲੇ ਹਨ।
Yogeshwar Dutt
ਚੋਣ ਅਖਾੜੇ 'ਚ ਪਹਿਲਵਾਨ ਹਾਰੇ :
ਬਰੋਦਾ ਵਿਧਾਨ ਸਭਾ ਸੀਟ ਤੋਂ ਭਾਜਪਾ ਦੀ ਟਿਕਟ 'ਤੇ ਚੋਣ ਲੜਨ ਵਾਲੇ ਪਹਿਲਵਾਨ ਯੋਗੇਸ਼ਵਰ ਦੱਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਬਰੋਦਾ ਸੀਟ 'ਤੇ ਪਿਛਲੀਆਂ ਦੋ ਚੋਣਾਂ 'ਚ ਲਗਾਤਾਰ ਕਾਂਗਰਸ ਨੇ ਜਿੱਤ ਦਰਜ ਕੀਤੀ ਹੈ। ਕਾਂਗਰਸ ਦੇ ਕ੍ਰਿਸ਼ਨ ਹੁੱਡਾ ਨੂੰ 50,530, ਇਨੈਲੋ ਦੇ ਕਪੂਰ ਸਿੰਘ ਨਰਵਾਲ ਨੂੰ 45,347 ਅਤੇ ਯੋਗੇਸ਼ਵਰ ਦੱਤ ਨੂੰ 16,729 ਵੋਟਾਂ ਮਿਲੀਆਂ।
Babita Phogat
2014 ਤੇ 2018 ਕਾਮਨਵੈਲਥ ਖੇਡਾਂ 'ਚ ਸੋਨ ਤਮਗ਼ਾ ਜਿੱਤਣ ਵਾਲੀ ਪਹਿਲਵਾਨ ਬਬੀਤਾ ਫ਼ੋਗਾਟ ਨੂੰ ਦਾਦਰੀ ਵਿਧਾਨ ਸਭਾ ਸੀਟ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਸੀਟ 'ਤੇ ਬਬੀਤਾ ਤੀਜੇ ਨੰਬਰ 'ਤੇ ਰਹੀ। ਆਜ਼ਾਦ ਉਮੀਦਵਾਰ ਸੋਮਬੀਰ ਨੂੰ 43,849, ਸਤਪਾਲ ਸਾਂਗਵਾਨ ਨੂੰ 29,577 ਅਤੇ ਬਬੀਤਾ ਫ਼ੋਗਾਟ ਨੂੰ 24,786 ਵੋਟਾਂ ਮਿਲੀਆਂ।