
ਪ੍ਰਬੰਧਕਾਂ ਨੇ ਲਗਾਇਆ 'ਮੁੰਡਿਆਂ ਨੂੰ ਮਿਲਣ' ਅਤੇ 'ਗ਼ਲਤ ਕੰਮ ਕਰਨ' ਦਾ ਦੋਸ਼
ਦਿੱਲੀ - ਜਾਮਾ ਮਸਜਿਦ ਦਿੱਲੀ ਵੱਲੋਂ ਵੀਰਵਾਰ ਨੂੰ 'ਇਕੱਲੀਆਂ ਆਉਣ ਵਾਲੀਆਂ' ਲੜਕੀਆਂ ਦੇ ਦਾਖਲੇ 'ਤੇ ਰੋਕ ਲਗਾ ਦਿੱਤੀ ਗਈ, ਜਿਹੜੀਆਂ ਇਸ ਥਾਂ ਦੀ ਵਰਤੋਂ 'ਮੁੰਡਿਆਂ ਨੂੰ ਮਿਲਣ' ਲਈ ਕਰਦੀਆਂ ਹਨ। ਇਸ ਪਾਬੰਦੀ ਲਈ ਬਾਕਾਇਦਾ ਨੋਟਿਸ ਲਗਾਇਆ ਗਿਆ ਹੈ, ਜਿਸ 'ਤੇ ਲਿਖਿਆ ਹੈ ਕਿ ਜਾਮਾ ਮਸਜਿਦ 'ਚ ਲੜਕੀ ਜਾਂ ਲੜਕੀਆਂ ਦਾ ਇਕੱਲਿਆਂ ਦਾਖਲਾ ਮਨ੍ਹਾ ਹੈ।
ਜਾਮਾ ਮਸਜਿਦ ਦੇ ਜਨ ਸੰਪਰਕ ਅਧਿਕਾਰੀ ਸਬੀਉੱਲ੍ਹਾ ਖ਼ਾਨ ਨੇ ਕਿਹਾ, "ਔਰਤਾਂ ਦੇ ਦਾਖਲੇ 'ਤੇ ਕੋਈ ਪਾਬੰਦੀ ਨਹੀਂ ਹੈ। ਇਹ ਪਾਬੰਦੀ ਉਨ੍ਹਾਂ ਲਈ ਹੈ ਜੋ ਇੱਥੇ ਇਕੱਲੀਆਂ ਆਉਂਦੀਆਂ ਹਨ, ਮਰਦਾਂ ਨੂੰ ਸਮਾਂ ਦੇ ਕੇ ਇੱਥੇ ਬੁਲਾਉਂਦੀਆਂ ਹਨ, ਗ਼ਲਤ ਕੰਮ ਕਰਦੀਆਂ ਹਨ, ਤੇ ਵੀਡੀਓ ਬਣਾਉਂਦੀਆਂ ਹਨ।"
ਉਨ੍ਹਾਂ ਸਪੱਸ਼ਟ ਕੀਤਾ ਕਿ ਆਪਣੇ ਪਤੀ ਜਾਂ ਪਰਿਵਾਰ ਨਾਲ ਆਉਣ ਵਾਲੀਆਂ ਔਰਤਾਂ ਲਈ ਕੋਈ ਪਾਬੰਦੀ ਨਹੀਂ।
ਇਸ ਬਾਰੇ 'ਚ ਵੱਖੋ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਇਸ ਬਾਰੇ 'ਚ ਟਵੀਟ ਕਰਦੇ ਹੋਏ ਆਪਣਾ ਵਿਰੋਧ ਜਤਾਇਆ। ਟਵੀਟ 'ਚ ਸਵਾਤੀ ਨੇ ਕਿਹਾ, “ਜਾਮਾ ਮਸਜਿਦ 'ਚ ਲੜਕੀਆਂ ਦੇ ਦਾਖਲੇ 'ਤੇ ਰੋਕ ਲਗਾਉਣ ਦਾ ਫ਼ੈਸਲਾ ਬਿਲਕੁਲ ਗ਼ਲਤ ਹੈ। ਜਿੰਨਾ ਪੁਰਸ਼ ਨੂੰ ਇਬਾਦਤ ਕਰਨ ਦਾ ਹੱਕ ਹੈ, ਓਨਾ ਹੀ ਔਰਤ ਨੂੰ ਵੀ ਹੈ। ਮੈਂ ਜਾਮਾ ਮਸਜਿਦ ਦੇ ਇਮਾਮ ਨੂੰ ਨੋਟਿਸ ਜਾਰੀ ਕਰ ਰਹੀ ਹਾਂ।”