
ਏਮਜ਼ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰੇ 7 ਵਜੇ ਤੋਂ ਹਸਪਤਾਲ ਦਾ ਸਰਵਰ ਕੰਮ ਨਹੀਂ ਕਰ ਰਿਹਾ
ਨਵੀਂ ਦਿੱਲੀ: ਦਿੱਲੀ ਏਮਜ਼ 'ਚ ਬੁੱਧਵਾਰ ਨੂੰ ਮੇਨ ਸਰਵਰ ਡਾਊਨ ਹੋਣ ਕਾਰਨ ਆਨਲਾਈਨ ਹੋਣ ਵਾਲਾ ਸਾਰਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਕਾਰਨ ਹਸਪਤਾਲ ਵਿਚ ਇਲਾਜ ਲਈ ਆਏ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸੂਤਰਾਂ ਮੁਤਾਬਕ ਹੈਕਿੰਗ ਕਾਰਨ ਸਰਵਰ ਕੰਮ ਨਹੀਂ ਕਰ ਰਿਹਾ ਹੈ। ਏਮਜ਼ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰੇ 7 ਵਜੇ ਤੋਂ ਹਸਪਤਾਲ ਦਾ ਸਰਵਰ ਕੰਮ ਨਹੀਂ ਕਰ ਰਿਹਾ ਅਤੇ ਦੇਰ ਸ਼ਾਮ ਤੱਕ ਵੀ ਡਾਊਨ ਰਿਹਾ। ਇਸ ਕਾਰਨ ਓਪੋਡੀ 'ਚ ਆਉਣ ਵਾਲੇ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਨਹੀਂ ਹੋ ਸਕੀ।
ਮਰੀਜ਼ਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਉਣ ਵਿਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਰਵਰ ਡਾਊਨ ਹੋਣ ਕਾਰਨ ਕਈ ਮਰੀਜ਼ ਦਾਖਲ ਨਹੀਂ ਹੋ ਸਕੇ। ਇਸ ਦੇ ਨਾਲ ਹੀ ਹਸਪਤਾਲ 'ਚ ਦਾਖਲ ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਲੈਣ 'ਚ ਵੀ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਸਰਵਰ ਚਾਲੂ ਨਾ ਹੋਣ ਕਾਰਨ ਕਈ ਮਰੀਜ਼ਾਂ ਨੂੰ ਛੁੱਟੀ ਵੀ ਨਹੀਂ ਦਿੱਤੀ ਜਾ ਸਕੀ।
ਸਰਵਰ ਡਾਊਨ ਹੋਣ ਕਾਰਨ ਮਰੀਜ਼ਾਂ ਦੀ ਜਾਂਚ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਬਾਰਕੋਡ ਦੀ ਸਹੂਲਤ ਨਾ ਮਿਲਣ ਕਾਰਨ ਮਰੀਜ਼ਾਂ ਦੇ ਸੈਂਪਲਾਂ ਦੀ ਜਾਂਚ ਕਰਨ ਵਿਚ ਭਾਰੀ ਦਿੱਕਤ ਆਈ। ਦੱਸ ਦੇਈਏ ਕਿ ਏਮਜ਼ ਦੇ ਸਰਵਰ 'ਤੇ ਬਹੁਤ ਹੀ ਸੰਵੇਦਨਸ਼ੀਲ ਜਾਣਕਾਰੀ ਮੌਜੂਦ ਹੁੰਦੀ ਹੈ। ਇੱਥੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੰਤਰੀਆਂ ਅਤੇ ਹੋਰ ਪ੍ਰਮੁੱਖ ਵਿਅਕਤੀਆਂ ਦੇ ਸਿਹਤ ਦੇ ਅੰਕੜੇ ਰਹਿੰਦੇ ਹਨ। ਅਜਿਹੇ 'ਚ ਸਰਵਰ ਹੈਕ ਹੋਣ ਦੀ ਸੰਭਾਵਨਾ ਹੈ। ਸਾਈਬਰ ਕ੍ਰਾਈਮ ਏਜੰਸੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।