
AISA ਦੇ ਧਨੰਜੇ ਬਣੇ ਪ੍ਰਧਾਨ, SFI ਦੇ ਅਵਿਜੀਤ ਘੋਸ਼ ਬਣੇ ਉਪ ਪ੍ਰਧਾਨ ਅਤੇ PAPSA ਦੀ ਪ੍ਰਿਯਾਂਸ਼ੀ ਆਰੀਆ ਨੇ ਜਨਰਲ ਸਕੱਤਰ ਦਾ ਅਹੁਦਾ ਜਿੱਤਿਆ
ਨਵੀਂ ਦਿੱਲੀ: ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਸੰਘ (JNUSU) ਨੇ ਐਤਵਾਰ ਨੂੰ ਲਗਭਗ ਤਿੰਨ ਦਹਾਕਿਆਂ ਬਾਅਦ ਅਪਣਾ ਪਹਿਲਾ ਦਲਿਤ ਪ੍ਰਧਾਨ ਚੁਣਿਆ।
ਯੂਨਾਈਟਿਡ ਲੈਫਟ ਪੈਨਲ ਨੇ ਐਤਵਾਰ ਨੂੰ JNUSU ਚੋਣਾਂ ’ਚ ਅਪਣੇ ਨੇੜਲੇ ਵਿਰੋਧੀ ਰਾਸ਼ਟਰੀ ਸਵੈਮਸੇਵਕ ਸੰਘ (RSS) ਨਾਲ ਜੁੜੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ABVP) ਨੂੰ ਸਾਰੇ ਅਹੁਦਿਆਂ ’ਤੇ ਹਰਾਇਆ। ਚਾਰ ਸਾਲਾਂ ਬਾਅਦ ਹੋਈਆਂ ਚੋਣਾਂ ’ਚ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (AISA) ਦੇ ਧਨੰਜੇ ਨੇ 2,598 ਵੋਟਾਂ ਹਾਸਲ ਕਰ ਕੇ JNUSU ਦੇ ਪ੍ਰਧਾਨ ਦਾ ਅਹੁਦਾ ਜਿੱਤਿਆ ਜਦਕਿ ABVP ਦੇ ਉਮੇਸ਼ ਸੀ ਅਜਮੇਰਾ ਨੂੰ 1,676 ਵੋਟਾਂ ਮਿਲੀਆਂ। ਧਨੰਜੇ ਬਿਹਾਰ ਦੇ ਗਯਾ ਦੇ ਰਹਿਣ ਵਾਲੇ ਹਨ ਅਤੇ ਬੱਤੀ ਲਾਲ ਬੈਰਵਾ ਤੋਂ ਬਾਅਦ ਖੱਬੇਪੱਖੀ ਪਾਰਟੀ ਤੋਂ ਯੂਨੀਵਰਸਿਟੀ ਦੀ ਵਿਦਿਆਰਥੀ ਯੂਨੀਅਨ ਦੇ ਪਹਿਲੇ ਦਲਿਤ ਪ੍ਰਧਾਨ ਚੁਣੇ ਗਏ ਹਨ। ਬੈਰਵਾ 1996-97 ’ਚ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਚੁਣੇ ਗਏ ਸਨ।
ਧਨੰਜੇ ਨੇ ਕਿਹਾ, ‘‘ਇਹ ਜਿੱਤ JNU ਦੇ ਵਿਦਿਆਰਥੀਆਂ ਦਾ ਇਸ ਗੱਲ ਨੂੰ ਲੈ ਕੇ ਰੈਫ਼ਰੈਂਡਮ ਹੈ ਕਿ ਉਹ ਨਫ਼ਰਤ ਅਤੇ ਹਿੰਸਾ ਦੀ ਸਿਆਸਤ ਨੂੰ ਖ਼ਾਰਜ ਕਰਦੇ ਹਨ। ਅਸੀਂ ਉਨ੍ਹਾਂ ਦੇ ਅਧਿਕਾਰਾਂ ਲਈ ਲੜਦੇ ਰਹਾਂਗੇ ਅਤੇ ਵਿਦਿਆਰਥੀਆਂ ਨਾਲ ਜੁੜੇ ਮੁੱਦਿਆਂ ’ਤੇ ਕੰਮ ਕਰਦੇ ਰਹਾਂਗੇ।’’ ਉਨ੍ਹਾਂ ਕਿਹਾ ਕਿ ਕੈਂਪਸ ’ਚ ਔਰਤਾਂ ਲਈ ਸੁਰੱਖਿਆ ਫੰਡਾਂ ’ਚ ਕਟੌਤੀ, ਸਕਾਲਰਸ਼ਿਪ ’ਚ ਵਾਧਾ, ਬੁਨਿਆਦੀ ਢਾਂਚਾ ਅਤੇ ਪਾਣੀ ਦਾ ਸੰਕਟ ਸ਼ੁਰੂ ਤੋਂ ਹੀ ਵਿਦਿਆਰਥੀ ਯੂਨੀਅਨ ਦੀਆਂ ਪ੍ਰਮੁੱਖ ਤਰਜੀਹਾਂ ’ਚੋਂ ਇਕ ਰਿਹਾ ਹੈ। ਲਾਲ ਸਲਾਮ ਅਤੇ ਜੈ ਭੀਮ ਦੇ ਨਾਅਰਿਆਂ ਦਰਮਿਆਨ ਜੇਤੂਆਂ ਦਾ ਉਨ੍ਹਾਂ ਦੇ ਸਮਰਥਕਾਂ ਨੇ ਸਵਾਗਤ ਕੀਤਾ। ਵਿਦਿਆਰਥੀਆਂ ਨੇ ਉਮੀਦਵਾਰਾਂ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਲਾਲ, ਚਿੱਟੇ ਅਤੇ ਨੀਲੇ ਝੰਡੇ ਲਹਿਰਾਏ।
ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (SFI) ਦੇ ਅਵਿਜੀਤ ਘੋਸ਼ ਨੇ ABVP ਦੀ ਦੀਪਿਕਾ ਸ਼ਰਮਾ ਨੂੰ 927 ਵੋਟਾਂ ਨਾਲ ਹਰਾ ਕੇ ਉਪ ਪ੍ਰਧਾਨ ਦੇ ਅਹੁਦੇ ’ਤੇ ਜਿੱਤ ਹਾਸਲ ਕੀਤੀ। ਘੋਸ਼ ਨੂੰ 2,409 ਵੋਟਾਂ ਮਿਲੀਆਂ ਜਦਕਿ ਸ਼ਰਮਾ ਨੂੰ 1,482 ਵੋਟਾਂ ਮਿਲੀਆਂ। ਖੱਬੇ ਪੱਖੀ ਸਮਰਥਿਤ ਬਿਰਸਾ ਅੰਬੇਡਕਰ ਫੂਲੇ ਸਟੂਡੈਂਟਸ ਐਸੋਸੀਏਸ਼ਨ (PAPSA) ਦੀ ਉਮੀਦਵਾਰ ਪ੍ਰਿਯਾਂਸ਼ੀ ਆਰੀਆ ਨੇ ABVP ਦੇ ਅਰਜੁਨ ਆਨੰਦ ਨੂੰ 926 ਵੋਟਾਂ ਨਾਲ ਹਰਾ ਕੇ ਜਨਰਲ ਸਕੱਤਰ ਦਾ ਅਹੁਦਾ ਜਿੱਤਿਆ। ਆਰੀਆ ਨੂੰ 2,887 ਵੋਟਾਂ ਮਿਲੀਆਂ ਜਦਕਿ ਆਨੰਦ ਨੂੰ 1961 ਵੋਟਾਂ ਨਾਲ ਸੰਤੁਸ਼ਟ ਹੋਣਾ ਪਿਆ। ਚੋਣ ਕਮੇਟੀ ਵਲੋਂ ਆਰੀਆ ਦੀ ਉਮੀਦਵਾਰੀ ਰੱਦ ਕੀਤੇ ਜਾਣ ਤੋਂ ਬਾਅਦ ਯੂਨਾਈਟਿਡ ਲੈਫਟ ਨੇ ਆਰੀਆ ਨੂੰ ਅਪਣਾ ਸਮਰਥਨ ਦਿਤਾ ਸੀ ਕਿਉਂਕਿ ABVP ਨੇ ਉਸ ਦੀ ਉਮੀਦਵਾਰੀ ਨੂੰ ਚੁਨੌਤੀ ਦਿਤੀ ਸੀ। ਸੰਯੁਕਤ ਸਕੱਤਰ ਦੇ ਅਹੁਦੇ ਲਈ ਖੱਬੇ ਪੱਖੀ ਗਰੁੱਪ ਦੇ ਮੁਹੰਮਦ ਸਾਜਿਦ ਨੇ ABVP ਦੇ ਗੋਵਿੰਦ ਡਾਂਗੀ ਨੂੰ 508 ਵੋਟਾਂ ਨਾਲ ਹਰਾਇਆ।
ਸਾਜਿਦ ਦੀ ਜਿੱਤ ਦਾ ਫ਼ਰਕ ਚਾਰ ਅਹੁਦਿਆਂ ਵਿਚੋਂ ਸੱਭ ਤੋਂ ਘੱਟ ਹੈ। ਚੋਣਾਂ ’ਚ ਜਿੱਤ ਦੇ ਨਾਲ ਹੀ ਖੱਬੇਪੱਖੀਆਂ ਨੇ JNU ’ਚ ਅਪਣਾ ਝੰਡਾ ਲਹਿਰਾਇਆ। ABVP ਨੇ ਸਖਤ ਮੁਕਾਬਲਾ ਕੀਤਾ ਅਤੇ ਸ਼ੁਰੂਆਤੀ ਰੁਝਾਨਾਂ ਵਿਚ ਇਸ ਨੇ ਕੇਂਦਰੀ ਪੈਨਲ ਦੇ ਸਾਰੇ ਚਾਰ ਅਹੁਦਿਆਂ ’ਤੇ ਲੀਡ ਲੈ ਲਈ ਸੀ। ਯੂਨਾਈਟਿਡ ਲੈਫਟ ਪੈਨਲ ’ਚ ਆਈਸਾ ਡੈਮੋਕ੍ਰੇਟਿਕ ਸਟੂਡੈਂਟਸ ਫੈਡਰੇਸ਼ਨ (DSF), ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (SFI) ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (AISF) ਸ਼ਾਮਲ ਹਨ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਸੰਘ (JNUSU) ਦੀਆਂ ਚੋਣਾਂ ’ਚ ਸ਼ੁਕਰਵਾਰ ਨੂੰ 73 ਫ਼ੀ ਸਦੀ ਵੋਟਿੰਗ ਹੋਈ, ਜੋ 12 ਸਾਲਾਂ ’ਚ ਸੱਭ ਤੋਂ ਵੱਧ ਹੈ।