
ਲੱਕ ਅਤੇ ਪਿੱਠ ਦੇ ਹੇਠਲੇ ਹਿੱਸੇ ਤੋਂ ਜੁੜੀਆਂ ਯੂਪੀ ਦੇ ਬਦਾਊਂ ਜ਼ਿਲ੍ਹੇ ਦੀਆਂ ਜੁੜਵਾਂ ਬੱਚੀਆਂ ਨੂੰ ਦਿੱਲੀ ਦੇ ਏਮਜ਼ ਹਸਪਤਾਲ
ਨਵੀਂ ਦਿੱਲੀ, 24 ਮਈ : ਲੱਕ ਅਤੇ ਪਿੱਠ ਦੇ ਹੇਠਲੇ ਹਿੱਸੇ ਤੋਂ ਜੁੜੀਆਂ ਯੂਪੀ ਦੇ ਬਦਾਊਂ ਜ਼ਿਲ੍ਹੇ ਦੀਆਂ ਜੁੜਵਾਂ ਬੱਚੀਆਂ ਨੂੰ ਦਿੱਲੀ ਦੇ ਏਮਜ਼ ਹਸਪਤਾਲ ਵਿਚ 24 ਘੰਟੇ ਚੱਲੇ ਆਪਰੇਸ਼ਨ ਮਗਰੋਂ ਸਫ਼ਲਤਾ ਨਾਲ ਅਲੱਗ ਕਰ ਦਿਤਾ ਗਿਆ। ਅਧਿਕਾਰੀਆਂ ਨੇ ਦਸਿਆ ਕਿ ਦੋ ਸਾਲਾ ਬੱਚੀਆਂ ਦੀਆਂ ਰੀੜ੍ਹ ਦੀਆਂ ਹੱਡੀਆਂ ਅਤੇ ਆਂਦਰਾ ਜੁੜੀਆਂ ਹੋਈਆਂ ਸਨ। ਦੋਹਾਂ ਦਾ ਗੁੱਦਾ ਇਕੋ ਸੀ ਪਰ ਉਹ ਦਿਲ ਅਤੇ ਖ਼ੂਨ ਦੀਆਂ ਨਾੜਾਂ ਦੀ ਤਕਲੀਫ਼ ਤੋਂ ਵੀ ਪੀੜਤ ਸਨ। ਆਪਰੇਸ਼ਨ ਸਵੇਰੇ ਸਾਢੇ ਅੱਠ ਵਜੇ ਸ਼ੁਰੂ ਹੋਇਆ ਜੋ ਸਨਿਚਰਵਾਰ ਸਵੇਰੇ ਨੌਂ ਵਜੇ ਤਕ ਚਲਿਆ।
ਆਪਰੇਸ਼ਨ ਦੌਰਾਨ ਸਰਜਨ, ਐਨੇਸਥੀਸੀਆ ਮਾਹਰ ਅਤੇ ਪਲਾਸਟਿਕ ਸਰਜਨ ਸਣੇ ਕੁਲ 64 ਸਿਹਤ ਕਾਮਿਆਂ ਨੇ ਯੋਗਦਾਨ ਦਿਤਾ। ਸੀਨੀਅਰ ਡਾਕਟਰ ਨੇ ਕਿਹਾ ਕਿ ਬੱਚੀਆਂ ਨੂੰ ਬੇਹੋਸ਼ ਕਰਨ ਅਤੇ ਆਪਰੇਸ਼ਨ ਦੀ ਕਵਾਇਦ ਬਹੁਤ ਚੁਨੌਤੀਪੂਰਨ ਸੀ ਕਿਉਂਕਿ ਦੋਵੇਂ ਬੱਚੀਆਂ ਦੇ ਦਿਲਾਂ ਵਿਚ ਸੁਰਾਖ ਸੀ। ਡਾਕਟਰ ਨੇ ਕਿਹਾ, 'ਬੇਹੋਸ਼ੀ ਦੀ ਸਥਿਤੀ ਵਿਚ ਵੀ ਆਪਰੇਸ਼ਨ ਕਰਨ ਵਾਲੇ ਡਾਕਟਰਾਂ ਨੇ ਇਹ ਯਕੀਨੀ ਕਰਨਾ ਸੀ ਕਿ ਬੱਚੀਆਂ ਦੀ ਦਿਲ ਦੀ ਗਤੀ ਜਿੰਨੀ ਸੰਭਵ ਹੋ ਸਕੇ, ਆਮ ਰਹਿ ਸਕੇ। (ਏਜੰਸੀ)