
ਤੇਲੰਗਾਨਾ ਵਿਚ ਟਰੈਕਟਰ-ਟਰਾਲੀ ਨਹਿਰ ਵਿਚ ਡਿੱਗੇ, 15 ਮਰੇ......
ਤੇਲੰਗਾਨਾ ਵਿਚ ਟਰੈਕਟਰ-ਟਰਾਲੀ ਨਹਿਰ ਵਿਚ ਡਿੱਗੇ, 15 ਮਰੇ
ਹੈਦਰਾਬਾਦ : ਤੇਲੰਗਾਨਾ ਦੇ ਯਦਾਦਰੀ ਜ਼ਿਲ੍ਹੇ ਵਿਚ ਟਰੈਕਟਰ-ਟਰਾਲੀ ਨਹਿਰ ਵਿਚ ਡਿੱਗ ਗਏ ਜਿਸ ਕਾਰਨ 14 ਔਰਤਾਂ ਅਤੇ ਇਕ ਬੱਚੇ ਦੀ ਮੌਤ ਹੋ ਗਈ। ਪੁਲਿਸ ਨੇ ਦਸਿਆ ਕਿ ਉਲਟ ਦਿਸ਼ਾ ਤੋਂ ਆ ਰਹੇ ਦੋਪਹੀਆ ਵਾਹਨ ਨੂ ੰਬਚਾਉਣ ਦੇ ਯਤਨ ਵਿਚ ਟਰੈਕਟਰ ਚਾਲਕ ਦਾ ਵਾਹਨ ਤੋਂ ਕੰਟਰੋਲ ਹਟ ਗਿਆ।
ਸਵੇਰੇ ਲਗਭਗ 10 ਵਜੇ ਲਛਮਾਪੁਰਮ ਪਿੰਡ ਲਾਗੇ ਮੂਸੀ ਨਹਿਰ ਵਿਚ ਟਰੈਕਟਰ ਟਰਾਲੀ ਡਿੱਗ ਗਏ। ਟਰਾਲੀ ਵਿਚ 20 ਜਣੇ ਸਵਾਰ ਸਨ। ਮ੍ਰਿਤਕਾਂ ਵਿਚ 14 ਔਰਤਾਂ ਅਤੇ ਇਕ ਬੱਚਾ ਸ਼ਾਮਲ ਹੈ। ਹਾਦਸੇ ਵਿਚ ਘੱਟੋ-ਘੱਟ ਸੱਤ ਜਦੇ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। (ਏਜੰਸੀ)
ਜੀਪ ਖੱਡ ਵਿਚ ਡਿੱਗੀ, ਅੱਠ ਬਾਰਾਤੀਆਂ ਦੀ ਮੌਤ
ਕੌਸ਼ੰਭੀ : ਯੂਪੀ ਦੇ ਕੌਸ਼ੰਭੀ ਜ਼ਿਲ੍ਹੇ ਵਿਚ ਬਾਰਾਤੀਆਂ ਨਾਲ ਭਰੀ ਜੀਪ ਦੇ ਮੋਟਰਸਾਈਕਲ ਨਾਲ ਟਕਰਾਉਣ ਮਗਰੋਂ ਖੱਡ ਵਿਚ ਡਿੱਗ ਜਾਣ ਨਾਲ ਉਸ ਵਿਚ ਸਵਾਰ ਅੱਠ ਜਣਿਆਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਬਡੇਹਰੀ ਪਿੰਡ ਵਾਸੀ ਸੁਰੇਸ਼ ਦੇ ਬੇਟੇ ਲਵਲੇਸ਼ ਦੀ ਬਾਰਾਤ ਸਰਾਏ ਅਕਿਲ ਥਾਣਾ ਖੇਤਰ ਦੇ ਕਾਮਤਾ ਪ੍ਰਸਾਦ ਦੇ ਘਰ ਸਨਿਚਰਵਾਰ ਨੂੰ ਗਈ ਸੀ। ਅੱਜ ਲਗਭਗ 11 ਵਜੇ ਬਾਰਾਤ ਵਾਪਸ ਆ ਰਹੀ ਸੀ।
ਬਾਰਾਤ ਵਿਚ ਸ਼ਾਮਲ ਜੀਪ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨਾਲ ਟਕਰਾ ਗਈ ਜਿਸ ਕਾਰਨ ਜੀਪ ਬੇਕਾਬੂ ਹੋ ਕੇ ਖੱਡ ਵਿਚ ਡਿੱਗ ਗਈ। ਸੂਤਰਾਂ ਨੇ ਦਸਿਆ ਕਿ ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੋ ਜਣਿਆਂ ਅਤੇ ਜੀਪ ਸਵਾਰ ਛੇ ਜਣਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜੀਪ ਸਵਾਰ ਚਾਰ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਅਧਿਕਾਰੀ ਪ੍ਰਦੀਪ ਕੁਮਾਰ ਗੁਪਤਾ ਨੇ ਦਸਿਆ ਕਿ ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿਤੀਆਂ ਗਈਆਂ ਹਨ। (ਏਜੰਸੀ)
ਟਰੱਕ ਨੇ ਖੜੇ ਟਰੱਕ ਨੂੰ ਮਾਰੀ ਟੱਕਰ, ਪੰਜ ਮੌਤਾਂ
ਮਹਾਰਾਜਗੰਜ : ਯੂਪੀ ਦੇ ਮਹਾਰਾਜਗੰਜ ਜ਼ਿਲ੍ਹੇ ਵਿਚ ਟਰੱਕ ਨੇ ਸੜਕ ਕੰਢੇ ਖੜੇ ਦੂਜੇ ਟਰੱਕ ਨੂੰ ਟੱਕਰ ਮਾਰ ਦਿਤੀ ਜਿਸ ਕਾਰਨ ਪੰਜ ਜਣਿਆਂ ਦੀ ਮੌਤ ਹੋ ਗਈ ਅਤੇ ਅੱਠ ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਬੀਤੀ ਰਾਤ ਕਰੀਬ ਇਕ ਵਜੇ ਪਿੰਡ ਪਿਪਰਾ ਲਾਗੇ ਰਾਜਮਾਰਗ 'ਤੇ ਛੋਟਾ ਟਰੱਕ ਪਟਰੌਲ ਪੰਪ 'ਤੇ ਖੜੇ ਟਰੱਕ ਨਾਲ ਜਾ ਟਕਰਾਇਆ। ਹਾਦਸੇ ਵਿਚ ਚਾਰ ਔਰਤਾਂ ਸਮੇਤ ਪੰਜ ਜਣਿਆਂ ਦੀ ਮੌਤ ਹੋ ਗਈ।
ਉਨ੍ਹਾਂ ਦਸਿਆ ਕਿ ਮ੍ਰਿਤਕਾਂ ਦੀ ਪਛਾਣ 45 ਸਾਲਾ ਸ਼ਬੀਦੁਨ ਨਿਸਾ, 26 ਸਾਲਾ ਮੁਹੰਮਦ ਹੁਸੈਨ, 50 ਸਾਲਾ ਸਬੀਨਾ, 23 ਸਾਲਾ ਨਜਰੂਨ ਅਤੇ 40 ਸਾਲਾ ਨਿਸਾਂ ਵਜੋਂ ਹੋਈ ਹੈ। ਜ਼ਖ਼ਮੀਆਂ ਨੂੰ ਗੋਰਖਪੁਰ ਦੇ ਮੈਡੀਕਲ ਕਾਲਜ ਵਿਚ ਦਾਖ਼ਲ ਕਰਾਇਆ ਗਿਆ ਹੈ। (ਏਜੰਸੀ)
ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ
ਭਿਵਾਨੀ, 24 ਜੂਨ : ਭਿਵਾਨੀ ਦੇ ਰੋਹਤਕ ਰੋਡ 'ਤੇ ਪੈਂਦੇ ਪਿੰਡ ਬਾਮਲਾ ਲਾਗੇ ਬੀਤੀ ਦੇਰ ਰਾਤ ਬਾਰਾਤੀਆਂ ਦੀ ਆਈ 20 ਕਾਰ ਟਰੱਕ ਨਾਲ ਟਕਰਾ ਗਈ ਜਿਸ ਕਾਰਨ ਕਾਰ ਵਿਚ ਸਵਾਰ ਪੰਜ ਜਣਿਆਂ ਵਿਚੋਂ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਤਿੰਨ ਜਣੇ ਜ਼ਖ਼ਮੀ ਹੋ ਗਏ। (ਏਜੰਸੀ) ਪੁਲਿਸ ਨੇ ਦਸਿਆ ਕਿ ਸਨਿਚਰਵਾਰ ਨੂੰ ਦਿੱਲੀ ਦੇ ਪਿੰਡ ਬਵਾਨਾ ਤੋਂ ਬਾਰਾਤ ਭਿਵਾਨੀ ਲਈ ਆਈ ਸੀ। ਵਿਆਹ ਸਮਾਗਮ ਮਗਰੋਂ ਬਾਰਾਤੀ ਵਾਪਸ ਦਿੱਲੀ ਜਾ ਰਹੇ ਸਨ।
ਜਿਉਂ ਹੀ ਬਾਰਾਤੀਆਂ ਦੀ ਕਾਰ ਪਿੰਡ ਬਾਮਲਾ ਕੋਲ ਪਹੁੰਚੀ ਤਾਂ ਸੜਕ ਕੰਢੇ ਖਡੇ ਟਰੱਕ ਨਾਲ ਟਕਰਾ ਗਈ ਜਿਸ ਕਾਰਨ ਪਿੰਡ ਬਵਾਨਾ ਦੇ ਨਵੀਨ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ 27 ਸਾਲਾ ਅਨੁਜ, 30 ਸਾਲਾ ਦੀਪਕ, 17 ਸਾਲਾ ਹੇਮੰਤ ਅਤੇ 27 ਸਾਲਾ ਮੋਹਿਤ ਜ਼ਖ਼ਮੀ ਹੋ ਗਏ। ਸਾਰਿਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਤੇ ਨਵੀਨ ਨੂੰ ਪੀਜੀਆਈ ਭੇਜ ਦਿਤਾ ਗਿਆ ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਨਵੀਨ ਸਿੰਡੀਕੇਟ ਬੈਂਕ ਵਿਚ ਲੱਗਾ ਸੀ ਜਦਕਿ ਅਨੁਜ ਦਿੱਲੀ ਜਲ ਬੋਰਡ ਵਿਚ ਸੀ। (ਏਜੰਸੀ)