''ਅੱਜ ਮੈਂ ਦੋਵਾਂ ਸਦਨਾਂ 'ਚ ਵਿਰੋਧੀ ਧਿਰ ਦੇ ਨੇਤਾ ਨੂੰ ਪੱਤਰ ਲਿਖਿਆ ਹੈ ਕਿ ਮੈਂ ਕਿਸੇ ਵੀ ਲੰਮੀ ਚਰਚਾ ਲਈ ਤਿਆਰ ਹਾਂ
ਨਵੀਂ ਦਿੱਲੀ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਲੋਕ ਸਭਾ 'ਚ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਜਨਤਾ ਤੋਂ ਡਰਨਾ ਚਾਹੀਦਾ ਹੈ ਅਤੇ ਮਣੀਪੁਰ ਵਰਗੇ ਸੰਵੇਦਨਸ਼ੀਲ ਵਿਸ਼ੇ 'ਤੇ ਚਰਚਾ ਲਈ ਸਦਨ 'ਚ ਉਚਿਤ ਮਾਹੌਲ ਬਣਾਉਣਾ ਚਾਹੀਦਾ ਹੈ ਅਤੇ ਸਰਕਾਰ ਨੂੰ ਚਰਚਾ ਦਾ ਕੋਈ ਡਰ ਨਹੀਂ ਹੈ। ਹੇਠਲੇ ਸਦਨ ਵਿਚ ਮਲਟੀ ਸਟੇਟ ਕੋਆਪਰੇਟਿਵ ਸੁਸਾਇਟੀਜ਼ ਸੋਧ ਬਿੱਲ 2022 ਉੱਤੇ ਸੰਖੇਪ ਚਰਚਾ ਦੇ ਜਵਾਬ ਵਿਚ ਉਨ੍ਹਾਂ ਨੇ ਮਣੀਪੁਰ ਦੇ ਵਿਸ਼ੇ ਦਾ ਜ਼ਿਕਰ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਨੇ ਇਸ ਸੰਦਰਭ ਵਿਚ ਲੋਕ ਸਭਾ ਅਤੇ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਦੋਵਾਂ ਨੇਤਾਵਾਂ ਨੂੰ ਪੱਤਰ ਵੀ ਲਿਖੇ ਹਨ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਨ, ਜਦਕਿ ਅਧੀਰ ਰੰਜਨ ਚੌਧਰੀ ਲੋਕ ਸਭਾ 'ਚ ਸਭ ਤੋਂ ਵੱਡੀ ਵਿਰੋਧੀ ਪਾਰਟੀ ਦੇ ਨੇਤਾ ਹਨ। ਅਮਿਤ ਸ਼ਾਹ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ ਮਣੀਪੁਰ 'ਤੇ ਚਰਚਾ ਕਰਨ ਤੋਂ ਕੋਈ ਡਰ ਨਹੀਂ ਹੈ ਅਤੇ ਉਸ ਨੂੰ ਲੁਕਾਉਣ ਲਈ ਕੁਝ ਨਹੀਂ ਹੈ। ਵਿਰੋਧੀ ਮੈਂਬਰਾਂ ਦੀ ਨਾਅਰੇਬਾਜ਼ੀ ਦੌਰਾਨ ਉਨ੍ਹਾਂ ਕਿਹਾ, ''ਅੱਜ ਮੈਂ ਦੋਵਾਂ ਸਦਨਾਂ 'ਚ ਵਿਰੋਧੀ ਧਿਰ ਦੇ ਨੇਤਾ ਨੂੰ ਪੱਤਰ ਲਿਖਿਆ ਹੈ ਕਿ ਮੈਂ ਕਿਸੇ ਵੀ ਲੰਮੀ ਚਰਚਾ ਲਈ ਤਿਆਰ ਹਾਂ। ਸਰਕਾਰ ਨੂੰ ਕੋਈ ਡਰ ਨਹੀਂ, ਜਿਨ੍ਹਾਂ ਨੇ ਗੱਲਬਾਤ ਕਰਨੀ ਹੈ ਉਹ ਚਰਚਾ ਕਰਨ ਲਈ ਆਉਣ। ਸਾਡੇ ਕੋਲ ਲੁਕਾਉਣ ਲਈ ਕੁਝ ਨਹੀਂ ਹੈ।
ਗ੍ਰਹਿ ਮੰਤਰੀ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਕਿਹਾ ਕਿ ''ਜਨਤਾ ਤੁਹਾਨੂੰ ਦੇਖ ਰਹੀ ਹੈ, ਤੁਹਾਨੂੰ ਚੋਣਾਂ 'ਚ ਜਾਣਾ ਪਵੇਗਾ। ਜਨਤਾ ਦੇ ਡਰ ਨੂੰ ਧਿਆਨ ਵਿਚ ਰੱਖੋ। ਤੁਹਾਨੂੰ ਮਣੀਪੁਰ ਵਰਗੇ ਸੰਵੇਦਨਸ਼ੀਲ ਮੁੱਦੇ 'ਤੇ ਚਰਚਾ ਕਰਨ ਲਈ ਸਦਨ ਵਿਚ ਢੁਕਵਾਂ ਮਾਹੌਲ ਬਣਾਉਣ ਦੀ ਬੇਨਤੀ ਕੀਤੀ ਜਾਂਦੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਲੋਕ ਸਭਾ 'ਚ ਕਿਹਾ ਕਿ ਮਨੀਪੁਰ ਦੇ ਮੁੱਦੇ 'ਤੇ ਸੰਸਦ 'ਚ ਹੋਏ ਗਤੀਰੋਧ ਦੌਰਾਨ ਸਰਕਾਰ ਇਸ ਬਹੁਤ ਹੀ ਸੰਵੇਦਨਸ਼ੀਲ ਮੁੱਦੇ 'ਤੇ ਚਰਚਾ ਲਈ ਤਿਆਰ ਹੈ ਅਤੇ ਵਿਰੋਧੀ ਧਿਰ ਨੂੰ ਅਪੀਲ ਕੀਤੀ ਕਿ ਉਹ ਚਰਚਾ ਹੋਣ ਦੇਣ ਤਾਂ ਜੋ ਸੱਚਾਈ ਸਾਹਮਣੇ ਆਵੇ।
ਕਾਂਗਰਸ ਅਤੇ ਵਿਰੋਧੀ ਗੱਠਜੋੜ 'ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ' (ਇੰਡੀਆ) ਦੇ ਹੋਰ ਹਿੱਸੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਤੋਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸੰਸਦ 'ਚ ਮਨੀਪੁਰ ਦੇ ਮੁੱਦੇ 'ਤੇ ਬਿਆਨ ਦੇਣ ਅਤੇ ਚਰਚਾ ਕਰਨ ਦੀ ਮੰਗ ਕਰ ਰਹੇ ਹਨ। ਇਸ ਮੁੱਦੇ 'ਤੇ ਹੰਗਾਮੇ ਕਾਰਨ ਸੰਸਦ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਚਾਰ ਦਿਨ ਦੋਵਾਂ ਸਦਨਾਂ ਦੀ ਕਾਰਵਾਈ ਵਿਚ ਵਾਰ-ਵਾਰ ਵਿਘਨ ਪਿਆ।
ਬੁੱਧਵਾਰ 19 ਜੁਲਾਈ ਨੂੰ ਦੋ ਔਰਤਾਂ ਨੂੰ ਨਗਨ ਪਰੇਡ ਕਰਦੇ ਦਿਖਾਈ ਦੇਣ ਵਾਲੀ ਇੱਕ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਨੀਪੁਰ ਦੇ ਪਹਾੜੀ ਖੇਤਰ ਵਿਚ ਤਣਾਅ ਪੈਦਾ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਹ ਵੀਡੀਓ 4 ਮਈ ਦਾ ਹੈ। 3 ਮਈ ਨੂੰ ਪਹਾੜੀ ਜ਼ਿਲ੍ਹਿਆਂ ਵਿਚ ਬਹੁ-ਗਿਣਤੀ ਮੀਤੀ ਭਾਈਚਾਰੇ ਵੱਲੋਂ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਮੰਗ ਦੇ ਵਿਰੋਧ ਵਿਚ 'ਕਬਾਇਲੀ ਏਕਤਾ ਮਾਰਚ' ਦਾ ਆਯੋਜਨ ਕਰਨ ਤੋਂ ਬਾਅਦ ਮਨੀਪੁਰ ਵਿੱਚ ਭੜਕੀ ਜਾਤੀ ਹਿੰਸਾ ਵਿੱਚ 160 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।