ਸੁਪਰੀਮ ਕੋਰਟ ਸਾਰੀਆਂ ਅਨੁਸੂਚਿਤ ਭਾਸ਼ਾਵਾਂ ਵਿਚ ਆਪਣੇ ਫੈਸਲੇ ਸੁਣਾਉਣ ਦੇ ਮਿਸ਼ਨ 'ਤੇ ਹੈ।
ਨਵੀਂ ਦਿੱਲੀ: ਖੇਤਰੀ ਭਾਸ਼ਾਵਾਂ ਵਿਚ ਸੁਪਰੀਮ ਕੋਰਟ ਦੇ 1,000 ਤੋਂ ਵੱਧ ਫੈਸਲੇ ਅੱਜ ਤੋਂ ਉਪਲਬਧ ਹੋਣਗੇ। ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਬੁੱਧਵਾਰ ਨੂੰ ਸੰਵਿਧਾਨ ਦੀ ਅੱਠਵੀਂ ਅਨੁਸੂਚੀ ਵਿਚ ਸੂਚੀਬੱਧ ਭਾਸ਼ਾਵਾਂ ਵਿਚ ਫੈਸਲਿਆਂ ਤੱਕ ਪਹੁੰਚ ਪ੍ਰਦਾਨ ਕਰਨ ਲਈ ਇਕ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ। ਸੁਪਰੀਮ ਕੋਰਟ ਸਾਰੀਆਂ ਅਨੁਸੂਚਿਤ ਭਾਸ਼ਾਵਾਂ ਵਿਚ ਆਪਣੇ ਫੈਸਲੇ ਸੁਣਾਉਣ ਦੇ ਮਿਸ਼ਨ 'ਤੇ ਹੈ।
ਜਿਵੇਂ ਹੀ ਬੈਂਚ ਸੁਣਵਾਈ ਲਈ ਬੈਠੀ, ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਵਕੀਲਾਂ ਨੂੰ ਕਿਹਾ ਕਿ ਸਿਖਰਲੀ ਅਦਾਲਤ ਵੀਰਵਾਰ ਨੂੰ ਈ-ਐਸਸੀਆਰ ਪ੍ਰੋਜੈਕਟ ਦੇ ਇਕ ਹਿੱਸੇ ਨੂੰ ਲਾਗੂ ਕਰਨਾ ਸ਼ੁਰੂ ਕਰ ਦੇਵੇਗੀ। ਜਿਸ ਦੇ ਤਹਿਤ ਅਨੁਸੂਚੀ ਵਿਚ ਸੂਚੀਬੱਧ ਕੁਝ ਭਾਸ਼ਾਵਾਂ ਵਿਚ ਫੈਸਲਿਆਂ ਦੀ ਮੁਫਤ ਪਹੁੰਚ ਉਪਲਬਧ ਹੋਵੇਗੀ।
ਚੀਫ਼ ਜਸਟਿਸ ਨੇ ਕਿਹਾ, ਸਾਡੇ ਕੋਲ ਈ-ਐਸਸੀਆਰ (ਪ੍ਰਾਜੈਕਟ) ਹੈ, ਜਿਸ ਵਿਚ ਹੁਣ ਲਗਭਗ 34 ਹਜ਼ਾਰ ਫੈਸਲੇ ਹਨ। ਇਹ ਇਕ ਲਚਕਦਾਰ ਖੋਜ ਵਿਸ਼ੇਸ਼ਤਾ ਹੈ। ਸਾਡੇ ਕੋਲ ਇਸ ਸਮੇਂ ਖੇਤਰੀ ਭਾਸ਼ਾਵਾਂ ਵਿਚ 1,091 ਫੈਸਲੇ ਹਨ, ਜੋ ਗਣਤੰਤਰ ਦਿਵਸ 'ਤੇ ਉਪਲਬਧ ਕਰਵਾਏ ਜਾ ਰਹੇ ਹਨ।
CJI ਚੰਦਰਚੂੜ ਨੇ ਕਿਹਾ, "ਸਾਡੇ ਕੋਲ ਉੜੀਆ ਵਿਚ 21, ਮਰਾਠੀ ਵਿਚ 14, ਅਸਾਮੀ ਵਿਚ ਚਾਰ, ਕੰਨੜ ਵਿਚ 17, ਮਲਿਆਲਮ ਵਿਚ 29, ਨੇਪਾਲੀ ਵਿਚ ਤਿੰਨ, ਪੰਜਾਬੀ ਵਿਚ ਚਾਰ, ਤਾਮਿਲ ਵਿਚ 52, ਤੇਲਗੂ ਵਿਚ 28 ਅਤੇ ਉਰਦੂ ਵਿਚ ਤਿੰਨ ਫੈਸਲੇ ਹਨ।" ਸੁਪਰੀਮ ਕੋਰਟ ਨੇ 2 ਜਨਵਰੀ ਨੂੰ ਇਲੈਕਟ੍ਰਾਨਿਕ ਸੁਪਰੀਮ ਕੋਰਟ ਰਿਪੋਰਟਸ (ਈ-ਐਸਸੀਆਰ) ਪ੍ਰਾਜੈਕਟ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਹੁਣ ਵਕੀਲਾਂ, ਕਾਨੂੰਨ ਦੇ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਇਸ ਦੇ ਲਗਭਗ 34,000 ਫੈਸਲਿਆਂ ਤੱਕ ਮੁਫਤ ਪਹੁੰਚ ਹੋਵੇਗੀ। ਸੰਵਿਧਾਨ ਦੀ ਅੱਠਵੀਂ ਅਨੁਸੂਚੀ ਵਿਚ 22 ਭਾਸ਼ਾਵਾਂ ਹਨ। ਇਹਨਾਂ ਵਿਚ ਪੰਜਾਬੀ, ਅਸਾਮੀ, ਬੰਗਾਲੀ, ਗੁਜਰਾਤੀ, ਹਿੰਦੀ, ਕੰਨੜ, ਕਸ਼ਮੀਰੀ, ਕੋਂਕਣੀ, ਮਲਿਆਲਮ, ਮਨੀਪੁਰੀ, ਮਰਾਠੀ, ਨੇਪਾਲੀ, ਉੜੀਆ, ਸੰਸਕ੍ਰਿਤ, ਸਿੰਧੀ, ਤਾਮਿਲ, ਤੇਲਗੂ, ਉਰਦੂ, ਬੋਡੋ, ਸੰਥਾਲੀ, ਮੈਥਿਲੀ ਅਤੇ ਡੋਗਰੀ ਸ਼ਾਮਲ ਹਨ।
ਇੱਥੇ ਦੇਖ ਸਕਦੇ ਹੋ ਫੈਸਲੇ
ਸੁਪਰੀਮ ਕੋਰਟ ਦੇ ਫੈਸਲੇ ਈ-ਐਸਸੀਆਰ ਪ੍ਰਾਜੈਕਟ ਤੋਂ ਇਲਾਵਾ ਸੁਪਰੀਮ ਕੋਰਟ ਦੀ ਵੈੱਬਸਾਈਟ, ਇਸ ਦੇ ਮੋਬਾਈਲ ਐਪ ਅਤੇ ਨੈਸ਼ਨਲ ਜੁਡੀਸ਼ੀਅਲ ਡਾਟਾ ਗਰਿੱਡ (ਐਨਜੇਡੀਜੇ) ਦੇ ਜੱਜਮੈਂਟ ਪੋਰਟਲ 'ਤੇ ਉਪਲਬਧ ਹੋਣਗੇ।