
ਬੰਬ ਨਿਰੋਧਕ ਦਸਤਾ, ਸਨੀਫਰ ਡੌਗ ਸਕੁਐਡ ਅਤੇ ਇੱਕ ਸਵੈਟ ਟੀਮ ਸਕੂਲ ਦੀ ਇਮਾਰਤ ਦੀ ਤਲਾਸ਼ੀ ਲੈ ਰਹੀ ਹੈ।
ਨਵੀਂ ਦਿੱਲੀ - ਰਾਸ਼ਟਰੀ ਰਾਜਧਾਨੀ ਦੇ ਮਥੁਰਾ ਰੋਡ 'ਤੇ ਸਥਿਤ ਦਿੱਲੀ ਪਬਲਿਕ ਸਕੂਲ (ਡੀਪੀਐਸ) ਦੇ ਪ੍ਰਬੰਧਕਾਂ ਨੂੰ ਈਮੇਲ ਰਾਹੀਂ ਇਮਾਰਤ 'ਤੇ ਬੰਬ ਹੋਣ ਦੀ ਧਮਕੀ ਮਿਲੀ ਜਿਸ ਤੋਂ ਬਾਅਦ ਬੁੱਧਵਾਰ ਸਵੇਰੇ ਤਲਾਸ਼ੀ ਮੁਹਿੰਮ ਚਲਾਈ ਗਈ। ਪੁਲਿਸ ਦੇ ਡਿਪਟੀ ਕਮਿਸ਼ਨਰ (ਦੱਖਣ-ਪੂਰਬੀ) ਰਾਜੇਸ਼ ਦਿਓ ਨੇ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਦੱਸਿਆ ਕਿ ਸਕੂਲ ਦੇ ਅੰਦਰ ਅਜੇ ਤੱਕ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਸਥਿਤੀ ਆਮ ਵਾਂਗ ਹੈ। ਬੰਬ ਨਿਰੋਧਕ ਦਸਤਾ, ਸਨੀਫਰ ਡੌਗ ਸਕੁਐਡ ਅਤੇ ਇੱਕ ਸਵੈਟ ਟੀਮ ਸਕੂਲ ਦੀ ਇਮਾਰਤ ਦੀ ਤਲਾਸ਼ੀ ਲੈ ਰਹੀ ਹੈ।
ਬੰਬ ਦੀ ਧਮਕੀ ਦੀ ਖ਼ਬਰ ਮਿਲਦੇ ਹੀ ਸਕੂਲ ਦੇ ਬਾਹਰ ਸਹਿਮੇ ਹੋਏ ਮਾਪਿਆਂ ਦੀ ਭੀੜ ਇਕੱਠੀ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸਕੂਲ ਨੂੰ ਸਵੇਰੇ 8 ਵਜੇ ਦੇ ਕਰੀਬ ਖਾਲੀ ਕਰਵਾਇਆ ਗਿਆ ਅਤੇ ਅੱਗ ਬੁਝਾਊ ਵਿਭਾਗ ਨੂੰ ਧਮਕੀ ਭਰੀ ਈਮੇਲ ਬਾਰੇ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਮੌਕੇ 'ਤੇ ਭੇਜਿਆ ਗਿਆ।
ਇਸ ਤੋਂ ਪਹਿਲਾਂ ਦਿੱਲੀ ਦੇ ਸਾਦਿਕ ਨਗਰ ਵਿਚ ਭਾਰਤੀ ਸਕੂਲ ਨੂੰ ਇਸ ਸਾਲ ਅਪ੍ਰੈਲ ਅਤੇ ਪਿਛਲੇ ਸਾਲ ਨਵੰਬਰ ਵਿਚ ਦੋ ਬੰਬ ਧਮਾਕਿਆਂ ਦੀ ਧਮਕੀ ਮਿਲੀ ਸੀ।12 ਅਪ੍ਰੈਲ ਨੂੰ ਇੱਕ ਈਮੇਲ ਧਮਕੀ ਤੋਂ ਬਾਅਦ ਸਕੂਲ ਨੂੰ ਖਾਲੀ ਕਰਵਾ ਲਿਆ ਗਿਆ ਸੀ ਅਤੇ ਬੰਬ ਸਕੁਐਡ ਅਤੇ ਹੋਰ ਏਜੰਸੀਆਂ ਦੁਆਰਾ ਪੂਰੇ ਕੈਂਪਸ ਦੀ ਤਲਾਸ਼ੀ ਲਈ ਗਈ ਸੀ। ਹਾਲਾਂਕਿ ਇਸ ਦੌਰਾਨ ਕੋਈ ਵੀ ਵਿਸਫੋਟਕ ਸਮੱਗਰੀ ਨਾ ਮਿਲਣ ਤੋਂ ਬਾਅਦ ਧਮਕੀ ਵਾਲੀ ਈਮੇਲ ਨੂੰ ਧੋਖਾਧੜੀ ਕਰਾਰ ਦਿੱਤਾ ਗਿਆ।