
ਉਹਨਾਂ ਨੇ ਕੇਂਦਰ ਸਰਕਾਰ ਨੂੰ ਫ਼ੌਜ ਵਿਚ ਭਰਤੀ ਪ੍ਰਕਿਰਿਆ ਨੂੰ ਪੁਰਾਣੀ ਯੋਜਨਾ ਅਨੁਸਾਰ ਜਾਰੀ ਰੱਖਣ ਦੀ ਸਲਾਹ ਦਿੱਤੀ ਹੈ
ਨਵੀਂ ਦਿੱਲੀ: ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਬਾਗਪਤ ਵਿਚ ਅਗਨੀਪਥ ਯੋਜਨਾ ਦਾ ਖੁੱਲ੍ਹ ਕੇ ਵਿਰੋਧ ਕੀਤਾ ਹੈ। ਉਹਨਾਂ ਕਿਹਾ, “ਇਹ ਯੋਜਨਾ ਜਵਾਨਾਂ ਦੇ ਖਿਲਾਫ ਹੈ। ਇਹ ਉਹਨਾਂ ਦੀਆਂ ਉਮੀਦਾਂ ਨਾਲ ਧੋਖਾ ਹੈ। 6 ਮਹੀਨੇ ਦੀ ਟ੍ਰੇਨਿੰਗ, 6 ਮਹੀਨੇ ਦੀ ਛੁੱਟੀ ਅਤੇ 3 ਸਾਲ ਦੀ ਸਰਵਿਸ ਤੋਂ ਬਾਅਦ ਜਦੋਂ ਜਵਾਨ ਘਰ ਪਰਤੇਗਾ ਤਾਂ ਉਸ ਦਾ ਵਿਆਹ ਤੱਕ ਨਹੀਂ ਹੋਣਾ”।
ਰਾਜਪਾਲ ਸੱਤਿਆ ਪਾਲ ਮਲਿਕ ਐਤਵਾਰ ਨੂੰ ਬਾਗਪਤ ਦੇ ਖੇਕੜਾ ਕਸਬੇ ਵਿਚ ਸਨ। ਉਹ ਆਪਣੇ ਦੋਸਤ ਗਾਜੇ ਸਿੰਘ ਧਾਮਾ ਦੇ ਅਕਾਲ ਚਲਾਣੇ ’ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸਨ। ਉਹਨਾਂ ਨੇ ਕੇਂਦਰ ਸਰਕਾਰ ਨੂੰ ਫ਼ੌਜ ਵਿਚ ਭਰਤੀ ਪ੍ਰਕਿਰਿਆ ਨੂੰ ਪੁਰਾਣੀ ਯੋਜਨਾ ਅਨੁਸਾਰ ਜਾਰੀ ਰੱਖਣ ਦੀ ਸਲਾਹ ਦਿੱਤੀ ਹੈ। ਹਰਿਆਣਾ ਦੇ ਮੁੱਖ ਮੰਤਰੀ ਦਾ ਨਾਂ ਲਏ ਬਿਨ੍ਹਾਂ ਰਾਜਪਾਲ ਸੱਤਿਆਪਾਲ ਮਲਿਕ ਨੇ ਕਿਹਾ ਕਿ ਚਾਰ ਸਾਲ ਫੌਜ ਵਿਚ ਨੌਕਰੀ ਕਰਨ ਤੋਂ ਬਾਅਦ ਇਹਨਾਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਗੱਲ ਉਹ ਕਰ ਰਹੇ ਹਨ, ਜੋ ਮੁੜ ਕਦੇ ਮੁੱਖ ਮੰਤਰੀ ਨਹੀਂ ਬਣਨਗੇ।
ਰਾਜਪਾਲ ਸੱਤਿਆ ਪਾਲ ਮਲਿਕ ਨੇ ਕਿਹਾ, ''ਮੈਂ ਸੇਵਾਮੁਕਤੀ ਤੋਂ ਬਾਅਦ ਰਾਜਨੀਤੀ ਨਹੀਂ ਕਰਾਂਗਾ। ਮੇਰੀ ਅਜਿਹੀ ਕੋਈ ਇੱਛਾ ਨਹੀਂ ਹੈ। ਨਾ ਹੀ ਮੈਂ ਚੋਣ ਲੜਾਂਗਾ। ਮੇਰੀ ਪੋਸਟ ਤੋਂ ਮੁਕਤ ਹੁੰਦੇ ਹੀ ਮੈਂ ਕਸ਼ਮੀਰ 'ਤੇ ਕਿਤਾਬ ਲਿਖਾਂਗਾ। ਮੈਂ ਕਿਸਾਨਾਂ ਅਤੇ ਨੌਜਵਾਨਾਂ ਦੀ ਆਵਾਜ਼ ਬਣਾਂਗਾ। ਮੈਂ ਉਹਨਾਂ ਲਈ ਲੜਾਂਗਾ”। ਐਮਐਸਪੀ 'ਤੇ ਪੁੱਛੇ ਗਏ ਸਵਾਲ 'ਤੇ ਬੋਲਦਿਆਂ ਰਾਜਪਾਲ ਸੱਤਿਆ ਪਾਲ ਮਲਿਕ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਐਮਐਸਪੀ 'ਤੇ ਜਲਦੀ ਹੀ ਕਮੇਟੀ ਬਣਾਈ ਜਾਵੇਗੀ,ਪਰ ਹੁਣ ਸਰਕਾਰ ਇਸ ਬਾਰੇ ਪੂਰੀ ਤਰ੍ਹਾਂ ਚੁੱਪ ਹੈ, ਨਾ ਤਾਂ ਕਮੇਟੀ ਬਣੀ ਹੈ ਅਤੇ ਨਾ ਹੀ ਐਮਐਸਪੀ ਲਾਗੂ ਕੀਤਾ ਗਿਆ ਹੈ।